For the best experience, open
https://m.punjabitribuneonline.com
on your mobile browser.
Advertisement

ਕਣਕ ਦੀ ਖਰੀਦ ਦੇ ਪਹਿਲੇ ਦਿਨ ਮੰਡੀਆਂ ’ਚ ਨਹੀਂ ਪੁੱਜੀ ਫ਼ਸਲ

07:36 AM Apr 02, 2024 IST
ਕਣਕ ਦੀ ਖਰੀਦ ਦੇ ਪਹਿਲੇ ਦਿਨ ਮੰਡੀਆਂ ’ਚ ਨਹੀਂ ਪੁੱਜੀ ਫ਼ਸਲ
ਪਾਣੀ ਨਾਲ ਭਰੀ ਦਾਣਾ ਮੰਡੀ ਦੋਦਾ ਦੀ ਤਸਵੀਰ। -ਫੋਟੋ: ਜਸਵੀਰ ਸਿੰਘ ਭੁੱਲਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਅਪਰੈਲ
ਪੰਜਾਬ ਵਿਚ ਕਣਕ ਦੀ ਸਰਕਾਰੀ ਖਰੀਦ ਦਾ ਸੀਜ਼ਨ ਅੱਜ ਸ਼ੁਰੂ ਹੋ ਗਿਆ ਹੈ ਪਰ ਅੱਜ ਖਰੀਦ ਦੇ ਪਹਿਲੇ ਦਿਨ ਮੰਡੀਆਂ ਵਿਚ ਕਣਕ ਨਹੀਂ ਆਈ। ਕਣਕ ਦੀ ਵਾਢੀ ਦਾ ਸੀਜ਼ਨ ਵਿਸਾਖੀ ਦੇ ਆਸ-ਪਾਸ ਸ਼ੁਰੂ ਹੋਣ ਦੀ ਸੰਭਾਵਨਾ ਹੈ ਪਰ ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਲਈ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਹਨ। ਐਤਕੀਂ ਲੋਕ ਸਭਾ ਚੋਣਾਂ ਦੌਰਾਨ ਕਣਕ ਦੀ ਖਰੀਦ ਹੋਣੀ ਹੈ। ਕਣਕ ਦੀ ਖਰੀਦ ਦਾ ਕੰਮ 31 ਮਈ ਤੱਕ ਚੱਲੇਗਾ। ਵੇਰਵਿਆਂ ਅਨੁਸਾਰ ਸੂਬੇ ਵਿਚ ਕੁੱਲ 1908 ਰੈਗੂਲਰ ਖਰੀਦ ਕੇਂਦਰਾਂ ਨੂੰ ਮੰਡੀ ਯਾਰਡ ਐਲਾਨਿਆ ਗਿਆ ਹੈ। ਸਮੂਹ ਖਰੀਦ ਏਜੰਸੀਆਂ ਨੂੰ ਖਰੀਦ ਕੇਂਦਰਾਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਆਰਜ਼ੀ ਖਰੀਦ ਕੇਂਦਰ ਵੀ ਬਣਾਏ ਗਏ ਹਨ। ਇਸ ਵਾਰ ਚੋਣਾਂ ਕਰਕੇ ਕੇਂਦਰ ਤੇ ਸੂਬਾ ਸਰਕਾਰ ਦੀ ਕਣਕ ਖਰੀਦ ਵਿਚ ਪੂਰੀ ਦਿਲਚਸਪੀ ਰਹੇਗੀ ਕਿਉਂਕਿ ਚੋਣਾਂ ਦੇ ਦਿਨਾਂ ਵਿਚ ਕਿਸਾਨਾਂ ਦੀ ਖੱਜਲਖੁਆਰੀ ਸਰਕਾਰਾਂ ਨੂੰ ਵਾਰਾ ਨਹੀਂ ਖਾਂਦੀ। ਪੰਜਾਬ ਸਰਕਾਰ ਨੇ ਸੂਬੇ ਵਿਚ ਕਣਕ ਦੀ ਬੋਗਸ ਖਰੀਦ ਰੋਕਣ ਲਈ ਵੀ ਪ੍ਰਬੰਧ ਕਰ ਲਏ ਹਨ ਜਿਸ ਤਹਿਤ ਅੰਤਰਰਾਜੀ ਨਾਕੇ ਲਗਾਏ ਜਾਣਗੇ ਤਾਂ ਜੋ ਦੂਸਰੇ ਸੂਬਿਆਂ ਤੋਂ ਆਉਣ ਵਾਲੀ ਅਣਅਧਿਕਾਰਤ ਫਸਲ ਨੂੰ ਰੋਕਿਆ ਜਾ ਸਕੇ। ਇਸ ਬਾਰੇ ਸਰਕਾਰ ਨੇ ਪੰਜਾਬ ਪੁਲੀਸ ਅਤੇ ਮੰਡੀ ਬੋਰਡ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। 21 ਅੰਤਰਰਾਜੀ ਬੈਰੀਅਰਾਂ ’ਤੇ ਨਾਕੇ ਸਥਾਪਿਤ ਕਰ ਦਿੱਤੇ ਗਏ ਹਨ।
ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਸਕੱਤਰ ਵਿਕਾਸ ਗਰਗ ਨੇ ਦੱਸਿਆ ਕਿ ਸੂਬੇ ਦੀਆਂ ਖਰੀਦ ਏਜੰਸੀਆਂ ਨੂੰ 115.50 ਲੱਖ ਮੀਟ੍ਰਿਕ ਟਨ ਦੇ ਬਣਦੇ ਹਿੱਸੇ ਦੀ ਕਣਕ ਖਰੀਦਣ ਲਈ 30,770.36 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ ਲੋੜੀਂਦੀ ਸੀ, ਜਿਸ ਸਬੰਧੀ ਅਪਰੈਲ ਮਹੀਨੇ ਕਣਕ ਦੀ ਖਰੀਦ ਲਈ 27,077.91 ਕਰੋੜ ਰੁਪਏ ਦੀ ਸੀਸੀਐੱਲ ਪ੍ਰਾਪਤ ਹੋ ਚੁੱਕੀ ਹੈ ਅਤੇ ਬਾਕੀ ਦੀ ਸੀਸੀਐੱਲ ਮਈ 2024 ਦੌਰਾਨ ਪ੍ਰਾਪਤ ਹੋ ਜਾਵੇਗੀ।

Advertisement

Advertisement
Author Image

joginder kumar

View all posts

Advertisement
Advertisement
×