ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਸ਼ਿਆਂ ਦੀ ਸਮੱਸਿਆ ਨੂੰ ਸਮਝਣ ਦਾ ਸੰਕਟ

06:44 AM Jan 15, 2024 IST

ਡਾ. ਸ਼ਿਆਮ ਸੁੰਦਰ ਦੀਪਤੀ
ਪੰਜਾਬ ਵਿਚ ਸਰਕਾਰਾਂ ਬਦਲਦੀਆਂ ਰਹੀਆਂ ਹਨ। ਪਿਛਲੇ ਲੰਮੇ ਸਮੇਂ ਤੋਂ ਦੋ ਪਾਰਟੀਆਂ ਵਾਰੀ ਵਾਰੀ ਸੂਬੇ ਅੰਦਰ ਰਾਜ ਕਰ ਰਹੀਆਂ ਸਨ। ਹੁਣ ਪਿਛਲੇ ਦੋ ਸਾਲਾਂ ਤੋਂ ਨਵੀਂ ਸਿਆਸੀ ਪਾਰਟੀ ਨੇ ਇਹ ਸਿਲਸਿਲਾ ਤੋੜਿਆ ਹੈ। ਰੁਟੀਨ ਤੋੜਨ ਪਿੱਛੇ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਭੂਮਿਕਾ ਤਾਂ ਹੁੰਦੀ ਹੈ ਪਰ ਪੰਜਾਬ ਵਿਚ ਨਸ਼ਿਆਂ ਦੇ ਰੁਝਾਨ ਨੇ ਵੀ ਇਸ ਵਿਚ ਹਿੱਸਾ ਪਾਇਆ ਹੈ। ਜੇ ਸਮਾਜ ਵਿਚ ਨਸ਼ਿਆਂ ਦੀ ਵਰਤੋਂ ਦੀ ਗੱਲ ਕਰੀਏ ਤਾਂ ਸ਼ਰਾਬ ਲੋਕਾਂ ਦਾ ਆਮ ਪ੍ਰਚਲਿਤ ਨਸ਼ਾ ਰਿਹਾ ਹੈ, ਪੰਜਾਬ ਦੀ ਮਹਿਮਾਨ ਨਿਵਾਜੀ ਦਾ ਹਿੱਸਾ ਪਰ ਨਸ਼ਿਆਂ ਦੇ ਨਵੇਂ ਰੁਝਾਨ ਅਤੇ ਨਸ਼ਿਆਂ ਨੇ ਸਾਰਾ ਦ੍ਰਿਸ਼ ਹੀ ਬਦਲ ਕੇ ਰੱਖ ਦਿੱਤਾ ਹੈ।
ਨਸ਼ਿਆਂ ਦੀ ਸਮੱਸਿਆ ਹੱਲ ਨਾ ਹੋਣ ਪਿੱਛੇ ਸਰਕਾਰੀ ਮਸ਼ੀਨਰੀ ਨੂੰ ਜਿ਼ੰਮੇਵਾਰ ਠਹਿਰਾਇਆ ਜਾਂਦਾ ਹੈ। ਇਹ ਇੱਕ ਪੱਖ ਹੈ ਪਰ ਵੱਡੇ ਵੱਡੇ ਦਾਅਵਿਆਂ ਦੇ ਬਾਵਜੂਦ ਸਮੱਸਿਆ ਸਿਰਫ਼ ਬਣੀ ਨਹੀਂ ਹੋਈ ਸਗੋਂ ਦਿਨ-ਬ-ਦਿਨ ਵਧ ਰਹੀ ਹੈ ਤੇ ਗੁੰਝਲਦਾਰ ਹੋ ਰਹੀ ਹੈ। ਇਸ ਨੂੰ ਗ਼ੌਰ ਨਾਲ ਦੇਖੀਏ ਤੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਉਹ ਹੈ, ਇਸ ਨਾਲ ਵੱਡੀ ਤਦਾਦ ਵਿਚ ਪੈਸਾ ਤੇ ਨਾਲ ਹੀ ਪੈਸੇ ਦਾ ਸਿਆਸਤ ਨਾਲ ਰਿਸ਼ਤਾ। ਕਿਵੇਂ ਸੱਤਾ ’ਤੇ ਕਾਬਜ਼ ਹੋਣ ਅਤੇ ਸੱਤਾ ਵਿਚ ਰਹਿਣ ਲਈ ਪੈਸੇ ਦੀ ਖੁੱਲ੍ਹੇਆਮ ਵਰਤੋਂ ਹੋ ਰਹੀ ਹੈ। ਚੋਣਾਂ ਜਿੱਤਣ ਤੋਂ ਲੈ ਕੇ ਵਿਧਾਇਕਾਂ ਦੀ ਖਰੀਦੋ-ਫਰੋਖਤ ਤੱਕ, ਹੁਣ ਆਮ ਖੇਡ ਹੈ।
ਜਦੋਂ ਨਸ਼ੇ ਦਾ ਕਾਰੋਬਾਰ ਜੁਰਮ ਦੇ ਘੇਰੇ ਵਿਚ ਆਉਂਦਾ ਹੈ ਤਾਂ ਉਹ ਪੁਲੀਸ ਵਿਭਾਗ ਦਾ ਕੰਮ ਹੈ। ਪੁਲੀਸ ਵਾਲਿਆਂ ਦਾ ਜਵਾਬ ਹੁੰਦਾ ਹੈ: ਸਾਨੂੰ ਪੂਰੇ ਅਧਿਕਾਰ ਦੇਵੋ, ਨਸ਼ਾ ਖ਼ਤਮ ਹੋ ਜਾਵੇਗਾ। ਉਹ ਨੇਤਾਵਾਂ ’ਤੇ ਇਲਜ਼ਾਮ ਲਗਾਉਂਦੇ ਹਨ ਕਿ ਮੁਲਜ਼ਮ ਨੂੰ ਥਾਣੇ ਤੱਕ ਵੀ ਲੈ ਕੇ ਨਹੀਂ ਗਏ ਹੁੰਦੇ, ਰਸਤੇ ਵਿਚ ਛੁਡਾ ਲਿਆ ਜਾਂਦਾ ਹੈ।
ਸਿਆਸਤ ਸਬੰਧੀ ਕਿਸੇ ਵੀ ਸਮੱਸਿਆ ਲਈ ਇਕ ਪੱਖ ਹਮੇਸ਼ਾ ਉਭਾਰਿਆ ਜਾਂਦਾ ਹੈ ਕਿ ਜੇ ਨੇਤਾਵਾਂ ਅੰਦਰ ਕੰਮ ਕਰਨ ਦੀ ਨੀਅਤ ਹੋਵੇ, ਦਿਆਨਤਦਾਰੀ ਹੋਵੇ ਤਾਂ ਉਹ ਕੰਮ ਮਿੰਟੋ-ਮਿੰਟੀ ਹੋ ਸਕਦਾ ਹੈ। ਇਸ ਭਾਵਨਾ ਦੇ ਮੱਦੇਨਜ਼ਰ ਲੋਕ ਨੇਤਾਵਾਂ ’ਤੇ ਵਿਸ਼ਵਾਸ ਕਰ ਲੈਂਦੇ ਹਨ ਕਿ ਇਹ ਜੋ ਕੁਝ ਕਹਿ ਰਹੇ ਹਨ, ਕਰਨਗੇ ਵੀ; ਜੇ ਚਾਹੁਣ ਤਾਂ ਬੜਾਂ ਕੁਝ ਹੋ ਸਕਦਾ ਹੈ। ਦੁਨੀਆ ਭਰ ਦੀਆਂ ਕਈ ਉਦਾਹਰਨਾਂ ਹਨ- ਜਦੋਂ ਪ੍ਰਸ਼ਾਸਨ, ਪੁਲੀਸ ਅਤੇ ਸਿਆਸਤਦਾਨਾਂ ਨੇ ਮਨ ਬਣਾਇਆ, ਨਸ਼ੇ ਨੂੰ ਜੜ੍ਹ ਤੋਂ ਉਖਾੜ ਦਿੱਤਾ ਗਿਆ।
ਨਸ਼ੇ ਭਲਾ ਕਿੱਡੀ ਕੁ ਵੱਡੀ ਸਮੱਸਿਆ ਹੈ ਜੋ ਕਿਸੇ ਦੇ ਵੀ ਗੇੜ ਵਿਚ ਨਹੀਂ ਆ ਰਹੀ? ਪਹਿਲਾ ਸਵਾਲ ਤਾਂ ਇਹ ਹੈ ਕਿ ਇਹ ਮੈਡੀਕਲ ਸਮੱਸਿਆ ਹੈ, ਸਮਾਜਿਕ ਹੈ ਜਾਂ ਮਨੋਵਿਗਿਆਨਕ? ਨਸ਼ਾ ਛੁਡਾਊ ਕੇਂਦਰ ਦਵਾਈ ਰਾਹੀਂ ਇਲਾਜ ਕਰ ਕੇ ਇਸ ਸਮੱਸਿਆ ਦਾ ਹੱਲ ਕਰਦੇ ਦਿਸਦੇ ਹਨ। ਮਨੋਵਿਗਿਆਨੀ ਕੌਂਸਲਿੰਗ ਰਾਹੀਂ ਇਸ ਦਾ ਪ੍ਰਭਾਵਸ਼ਾਲੀ ਹੱਲ ਕਰਨ ਦੇ ਦਾਅਵੇ ਕਰਦੇ ਹਨ। ਇਹ ਸਮੱਸਿਆ ਸਮਾਜਿਕ ਸਮੱਸਿਆ ਦੇ ਘੇਰੇ ਵਿਚ ਤਾਂ ਆਉਂਦੀ ਹੈ ਕਿਉਂਕਿ ਇਹ ਸਭ ਪਰਿਵਾਰਾਂ ਦੀ ਸਮੱਸਿਆ ਹੈ। ਇਕ ਪੱਖ ਇਹ ਦਾਅਵਾ ਕਰਦਾ ਹੈ ਕਿ ਪਰਿਵਾਰ ਦਾ ਪਾਲਣ-ਪੋਸ਼ਣ ਇਸ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ। ਨਸ਼ੇ ਕਰਨੇ ਹੋਣ, ਛੱਡਣੇ ਹੋਣ, ਛੱਡੇ ਹੋਏ ਨਸ਼ੇ ਦੁਬਾਰਾ ਸ਼ੁਰੂ ਕਰਨੇ ਹੋਣ ਜਾਂ ਨਸ਼ਿਆਂ ਦੇ ਜਾਲ ਵਿਚ ਫਸਣਾ ਹੋਵੇ, ਪਰਿਵਾਰ ਬੇਹੱਦ ਅਹਿਮ ਇਕਾਈ ਹੈ।
ਨਸ਼ਿਆਂ ਦੇ ਸਹੀ ਕਾਰਨਾਂ ਨੂੰ ਲੈ ਕੇ ਸਮਝਣ ਦਾ ਸੰਕਟ ਵੀ ਹੈ। ਮਨੋਰੋਗ ਵਿਭਾਗ ਵਾਲਿਆਂ ਨੇ ਨਸ਼ਿਆਂ ਨੂੰ ਦਵਾਈਆਂ ਨਾਲ ਛੁਡਾਉਣ ਦੇ ਦਾਅਵੇ ਤਹਿਤ ਇਸ ਨੂੰ ਬਿਮਾਰੀ ਕਹਿਣਾ ਸ਼ੁਰੂ ਕੀਤਾ। ਸੰਸਾਰ ਸਿਹਤ ਸੰਸਥਾ ਨੇ ਮੈਡੀਕਲ ਸਮੱਸਿਆ ਐਲਾਨੇ ਜਾਣ ਦੀ ਸਿਫਾਰਸ਼ ਕੀਤੀ। ਇਹ ਦਾਅਵਾ ਵੀ ਪ੍ਰਵਾਨ ਹੋ ਰਿਹਾ ਹੈ ਕਿ ਆਮ ਬਿਮਾਰੀ ਵਾਂਗ ਬਿਮਾਰੀ ਲੱਗ ਗਈ, ਇਲਾਜ ਲਈ ਆਏ, ਦਾਖਲ ਹੋਣ ਤੇ ਇਲਾਜ ਕਰਵਾ ਕੇ ਵਾਪਸ ਚਲੇ ਗਏ। ਇਸ ਸਭ ਕਾਸੇ ਦੇ ਬਾਵਜੂਦ ਇਹ ਕਈ ਪੱਖਾਂ ਤੋਂ ਬਿਲਕੁਲ ਅਲਗ ਹੈ। ਇਲਾਜ ਕਰਵਾਉਣ ਤੋਂ ਬਾਅਦ ਵੀ ਦੁਬਾਰਾ ਹੋਣ ਦੀ ਦਰ ਬਹੁਤ ਜਿ਼ਆਦਾ ਦੱਸੀ ਜਾਂਦੀ ਹੈ। ਤਕਰੀਬਨ ਸੌ ਫੀਸਦੀ। 85% ਤਾਂ ਤਕਰੀਬਨ ਸਾਰੇ ਹੀ ਕਬੂਲ ਕਰਦੇ ਹਨ। ਦਰਅਸਲ, ਇਸ ਦੇ ਇਲਾਜ ਵਿਚ ਦਵਾਈਆਂ ਦੀ ਭੂਮਿਕਾ ਮਾਮੂਲੀ ਹੈ। ਮਨੋਵਿਗਿਆਨਕ ਕੌਂਸਲਿੰਗ ਦੀ ਭੂਮਿਕਾ ਵੱਧ ਹੈ; ਕੌਂਸਲਿੰਗ ਵੀ ਇਕੱਲੇ ਨਸ਼ੱਈ ਦੀ ਨਹੀਂ, ਸਾਰੇ ਪਰਿਵਾਰ ਦੀ ਕੌਂਸਲਿੰਗ ਹੀ ਆਖਿ਼ਰਕਾਰ ਅਸਰ ਦਿਖਾਉਂਦੀ ਹੈ।
ਸਮੱਸਿਆ ਦੀ ਸਮਝ ਦਾ ਇਕ ਪਹਿਲੂ ਇਹ ਵੀ ਹੈ ਕਿ ਜਿਵੇਂ ਅੰਕੜੇ ਆਉਂਦੇ ਤੇ ਉਭਾਰੇ ਜਾਂਦੇ ਹਨ, ਉਹ ਸਿਆਸੀ ਸੀਮਾ ਵਾਲੇ ਵੱਧ ਹੁੰਦੇ ਹਨ। ਇਕ ਸਰਵੇਖਣ ਤੋਂ ਹੀ ਇਹ ਅੰਕੜੇ ਪ੍ਰਚਾਰੇ ਗਏ ਕਿ ਪੰਜਾਬ ਵਿਚ ਤਕਰੀਬਨ 75 ਫੀਸਦੀ ਲੋਕ ਨਸ਼ਾ ਕਰਦੇ ਹਨ। ਕਿਸੇ ਨੇ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਅੰਕੜੇ ਕਿਸ ਸਰਵੇਖਣ ਤੋਂ ਆਏ ਤੇ ਉਹ ਸਰਵੇਖਣ ਕਰਨ ਦੀ ਤਰਕੀਬ ਕੀ ਸੀ। ਬਹੁਤ ਹੀ ਸਾਧਾਰਨ ਸਵਾਲ ਦਾ ਜਵਾਬ ਲੈਣਾ ਸੀ। ਕੀ ਤੁਸੀਂ ਕਦੇ ਨਸ਼ਾ ਕੀਤਾ? ਜਵਾਬ ਹਾਂ/ਨਾ ਵਿਚ ਸੀ; ਤੇ ਨਸ਼ਿਆਂ ਦੇ ਨਾਂ ਜਾਨਣ ਦੀ ਸੂਚੀ ਬਹੁਤ ਲੰਮੀ ਸੀ: ਸ਼ਰਾਬ, ਸਿਗਰੇਟ ਤੋਂ ਇਲਾਵਾ ਨੀਂਦ ਦੀਆਂ ਗੋਲੀਆਂ, ਕਦੇ ਨੀਂਦ ਲਈ ਕੋਈ ਦਵਾਈ ਵਰਤੀ ਆਦਿ। ਇਉਂ ਇਹ ਤਕਰੀਬਨ 75 ਤੋਂ 80 ਫੀਸਦੀ ਬਣੀ ਅਤੇ ਤਿੰਨ ਚੌਥਾਈ ਆਬਾਦੀ ਨਸ਼ੱਈ ਨਿੱਕਲੀ ਤੇ ਫਿਰ ਉਭਾਰੀ ਗਈ। ਤੁਸੀਂ ਸੋਚੋ, ਤਕਰੀਬਨ ਅੱਧੀ ਆਬਾਦੀ (ਪੰਜਾਹ ਫੀਸਦੀ) ਤਾਂ ਔਰਤਾਂ/ਲੜਕੀਆਂ ਦੀ ਹੈ ਜੋ ਸਾਡੇ ਸਭਿਆਚਾਰ ਵਿਚ ਨਸ਼ੇ ਦੀ ਵਰਤੋਂ ਨਾਂਹ ਦੇ ਬਰਾਬਰ ਕਰਦੀਆਂ ਹਨ।
ਜਿਥੋਂ ਤੱਕ ਨਸ਼ਿਆਂ ਦੀਆਂ ਕਿਸਮਾਂ ਦੀ ਵਰਤੋਂ ਦਾ ਸਵਾਲ ਹੈ, ਸ਼ਰਾਬ ਤਾਂ ਸਮਾਜਿਕ ਪ੍ਰਣਾਲੀ ਵਾਲਾ ਨਸ਼ਾ ਹੈ। ਭੰਗ ਅਤੇ ਅਫੀਮ ਵੀ ਕੁਝ ਕੁਝ ਸਮਾਜਿਕ ਘੇਰੇ ਵਿਚ ਆਉਂਦੇ ਹਨ। ਨਸ਼ਿਆਂ ਨੂੰ ਲੈ ਕੇ ਸਮਾਜ ਦਾ ਧਿਆਨ ਉਦੋਂ ਬਣਦਾ ਹੈ ਜਦੋਂ ਨਸ਼ੇ ਘਰ-ਪਰਿਵਾਰ ਨੂੰ ਬਰਬਾਦ ਕਰਦੇ ਹਨ ਤੇ ਸਭ ਤੋਂ ਵੱਧ ਸਾਡੀ ਨੌਜਵਾਨੀ ਇਸ ਦੀ ਲਪੇਟ ਵਿਚ ਆਉਂਦੀ ਹੈ। ਸਮੈਕ ਅਤੇ ਹੈਰੋਇਨ ਵਰਗੇ ਨਵੇਂ ਨਸ਼ੇ ਘਾਤਕ ਨਸ਼ੇ ਹਨ, ਜਾਨਲੇਵਾ ਹਨ। ਇਹ ਆਮ ਰਵਾਇਤੀ ਨਸ਼ਿਆਂ ਤੋਂ ਬਿਲਕੱਲ ਵੱਖਰੇ ਹਨ। ਇਹ ਕੌਮਾਂਤਰੀ ਪੱਧਰ ’ਤੇ ਵਰਤੇ ਜਾਂਦੇ ਹਨ, ਇਨ੍ਹਾਂ ਦਾ ਕੋਈ ਬਾਜ਼ਾਰ ਨਹੀਂ, ਇਹ ਗੈਰ-ਕਾਨੂੰਨੀ ਹਨ। ਗੈਰ-ਕਾਨੂੰਨੀ ਵੀ ਇਸ ਹੱਦ ਤੱਕ ਕਿ 3 ਗ੍ਰਾਮ ਦਾ ਨਸ਼ਾ ਵੀ ਜੁਰਮ ਦੇ ਘੇਰੇ ਵਿਚ ਆਉਂਦਾ ਹੈ। ਉਸ ਲਈ ਸਜ਼ਾ ਤੈਅ ਹੈ।
ਦੂਜੀ ਗੱਲ, ਰਵਾਇਤੀ ਨਸ਼ੇ ਸ਼ਰਾਬ ਹੋਵੇ ਜਾਂ ਅਫੀਮ, ਉਹ ਇਕ ਵਾਰ ਵਰਤੇ ਜਾਣ ਮਗਰੋਂ ਕਿਸੇ ਨੂੰ ਆਦੀ ਨਹੀਂ ਬਣਾਉਂਦੇ। ਲਗਾਤਾਰ ਲੰਮਾ ਸਮਾਂ ਵਰਤਣ ਮਗਰੋਂ ਹੀ ਆਦਤ ਪੈਂਦੀ ਹੈ। ਨਵੇਂ ਨਸ਼ਿਆਂ ਦਾ ਤਜਰਬਾ ਹੀ ਬੰਦੇ ਨੂੰ ਨਸ਼ੇ ਦਾ ਆਦੀ ਬਣਾਉਣ ਲਈ ਕਾਫ਼ੀ ਹੈ। ਦੂਜਾ ਇਹ ਕਿ ਕਿਸ ਉਮਰ ਵਿਚ ਇਹ ਸ਼ੁਰੂ ਕੀਤੇ/ਕਰਵਾਏ ਜਾਂਦੇ ਹਨ; ਇਹ ਕਿਸ਼ੋਰ ਅਵਸਥਾ ਹੈ ਜਦੋਂ ਦੋਸਤਾਂ ਦਾ ਦਬਾਅ ਸਭ ਤੋਂ ਵੱਧ ਹੁੰਦਾ ਹੈ।
ਸਮੈਕ, ਹੈਰੋਇਨ ਆਦਿ ਨਵੇਂ ਨਸ਼ੇ ਨੌਜਵਾਨਾਂ ਵਿਚ ਪ੍ਰਚਲਿਤ ਕਰਨ, ਉਨ੍ਹਾਂ ਨੂੰ ਲਗਾਤਾਰ ਫਸਾਏ ਜਾਣ ਨੂੰ ਕਾਫ਼ੀ ਸਮਾਂ ਹੋ ਗਿਆ ਹੈ। ਸਮਾਜ ਦੇ ਸਾਰੇ ਵਰਗ, ਬੁੱਧੀਜੀਵੀ, ਮਾਪੇ, ਅਧਿਆਪਕ ਜਾਂ ਹੋਰ ਸਾਰੇ ਹੀ ਇਸ ਦਾ ਹਸ਼ਰ ਜਾਣਦੇ ਹਨ, ਸਭ ਦੀ ਚਿੰਤਾ ਨਿੱਜੀ ਹੈ। ਨਿੱਜੀ ਵੀ ਇੰਨੀ ਕਿ ਉਨ੍ਹਾਂ ਸਾਹਮਣੇ ਸਭ ਕੁਝ ਵਾਪਰ ਰਿਹਾ ਹੈ, ਉਹ ਫਿਰ ਵੀ ਮੰਨਣ/ਕਬੂਲਣ ਲਈ ਤਿਆਰ ਨਹੀਂ ਕਿ ਉਨ੍ਹਾਂ ਦਾ ਬੱਚਾ ਨਸ਼ਿਆਂ ਦਾ ਸ਼ਿਕਾਰ ਹੈ। ਸਿਆਸੀ ਧਿਰਾਂ ਦਾਅਵੇ ਕਰਦੀਆਂ ਹਨ, ਚੁਣਾਵੀ ਵਾਅਦੇ ਕਰਦੀਆਂ ਹਨ ਤੇ ਇਸ ਆਧਾਰ ’ਤੇ ਜਿੱਤਦੀਆਂ ਵੀ ਹਨ। ਕੁਝ ਸਮੇਂ ਸਰਗਰਮੀਆਂ ਵੀ ਦਿਖਾਉਂਦੀਆਂ ਹਨ।
ਕੀ ਇਹ ਸਮੱਸਿਆ ਸੱਚੀਂ ਹੀ ਵਸ ਤੋਂ ਬਾਹਰ ਹੈ? ਕੀ ਇਹ ਕਿਸੇ ਵੀ ਤਰ੍ਹਾਂ ਹੱਲ ਨਹੀਂ ਹੋ ਸਕਦੀ? ਅਨੇਕ ਉਦਾਹਰਨਾਂ ਵਿਚੋਂ ਇਕ ਹੈ ਕਿ ਨਸ਼ਿਆਂ ਦੀ ਮੰਗ ਘੱਟ ਕੀਤੀ ਜਾਵੇ ਪਰ ਕਿਵੇਂ? ਕੌਂਸਲਿੰਗ ਲਈ ਤਿਆਰ ਹੋਇਆ ਬੰਦਾ ਜਾਂ ਜੋ ਨੌਜਵਾਨ ਨਸ਼ੇ ਕਰਨ ਵੱਲ ਜਾ ਰਿਹਾ ਹੋਵੇ, ਉਸ ਦਾ ਮਨੋਬਲ ਵਧਾਇਆ ਜਾਵੇ ਕਿ ਨਸ਼ਾ ਹੋਵੇ ਤਾਂ ਵੀ ਉਹ ਨਹੀਂ ਵਰਤਣਾ ਜਾਂ ਉਧਰ ਨਹੀਂ ਜਾਣਾ ਪਰ ਉਨ੍ਹਾਂ ਦਾ ਮਨੋਬਲ ਕੌਣ ਵਧਾਵੇਗਾ? ਨਿਸ਼ਚਿਤ ਹੀ ਮਾਪੇ ਪਰ ਸਮਾਜ ਦਾ ਮਾਹੌਲ, ਖਾਸ ਕਰ ਕੇ ਸਿਆਸੀ ਮਾਹੌਲ ਮਨੋਬਲ ਤੋੜਨ ਅਤੇ ਕਮਜ਼ੋਰ ਕਰਨ ਵਾਲਾ ਹੈ। ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕੁਝ ਕਾਰਗਰ ਕਦਮ ਹਨ ਪਰ ਗੱਲ ਨੀਅਤ ਦੀ ਹੈ। ਅੱਜ ਮਾਪੇ ਵੀ ਦੁਖੀ ਹਨ ਤੇ ਉਹ ਹਰ ਤਰ੍ਹਾਂ ਸਹਿਯੋਗ ਕਰਨ ਲਈ ਤਿਆਰ ਹਨ। ਜੋ ਕਰਨਾ ਹੈ, ਉਹ ਹੈ:
-ਕੀ ਨਸ਼ੱਈ ਜੋ ਆਦੀ ਹਨ, ਉਨ੍ਹਾਂ ਦੀ ਤਲਾਸ਼ ਕਰਨੀ ਮੁਸ਼ਕਿਲ ਹੈ? ਉਨ੍ਹਾਂ ਦਾ ਵਿਹਾਰ ਤਾਂ ਖੁਦ-ਬ-ਖੁਦ ਬੋਲਦਾ ਹੈ, ਉਨ੍ਹਾਂ ਨੂੰ ਸੂਚੀਬੱਧ ਕਰ ਕੇ ਉਨ੍ਹਾਂ ਨੂੰ ਨਸ਼ਾ ਮੁਕਤ ਕਰਨਾ ਹੈ।
-ਜੋ ਲੋਕ ਨਸ਼ਾ ਸ਼ੁਰੂ ਕਰਨ ਵਾਲੇ ਦੌਰ ਵਿਚ ਹਨ; ਭਾਵ, ਕਿਸ਼ੋਰ ਉਮਰ ਦੇ ਬੱਚੇ, ਉਨ੍ਹਾਂ ਨੂੰ ਤਿਆਰ ਕਰਨਾ ਕਿ ਉਹ ਨਸ਼ਿਆਂ ਵੱਲ ਮੂੰਹ ਨਾ ਕਰਨ। ਇੱਥੇ ਮਾਂ-ਪਿਉ ਸਮਾਂ ਕੱਢਣ ਅਤੇ ਅਧਿਆਪਕ ਵੀ ਮਿਹਨਤ ਨਾਲ ਇਹ ਜਿ਼ੰਮੇਵਾਰੀ ਸਾਂਭਣ।
-ਨੌਜਵਾਨਾਂ ਨੂੰ ਰੁਝੇਵਾਂ ਦੇਣ ਲਈ ਜੋ ਇਸ ਉਮਰ ਦੀ ਲੋੜ ਹੈ, ਕਿਸੇ ਸਵੈ-ਸੇਵੀ ਕੰਮਾਂ ਵਿਚ ਰੁਝਾ ਕੇ ਰੱਖਣਾ, ਜਿਵੇਂ ਸਕਾਊਟ ਤੇ ਗਾਈਡ, ਐੱਨਐੱਸਐੱਸ ਵਰਗੇ ਕੰਮਾਂ ਅਤੇ ਕੁਝ ਸਮਾਜਿਕ ਮੁਹਾਰਤਾਂ ਦਾ ਗਿਆਨ ਦੇਣਾ; ਇਸ ਕਰ ਕੇ ਕਿ ਨੌਜਵਾਨ ਆਤਮ-ਚਿੰਤਨ ਕਰਨ ਤੇ ਉਭਰਨ, ਖੁਦ ਨੂੰ ਵਧੀਆ ਨਾਗਰਿਕ ਬਣਾਉਣ ਦਾ ਮੌਕਾ ਦੇਣਾ।
-ਨਸ਼ਾ ਵੇਚਣ ਵਾਲਿਆਂ ’ਤੇ ਨਜ਼ਰ ਰੱਖੀ ਜਾਵੇ। ਪਹਿਲਾਂ ਮੁਹੱਲਾ/ਪੇਂਡੂ ਕਮੇਟੀਆਂ ਅੱਗੇ ਆਉਣ। ਲੋੜ ਪਵੇ ਤਾਂ ਪੁਲੀਸ ਦਾ ਸਹਿਯੋਗ ਵੀ ਲਿਆ ਜਾ ਸਕਦਾ ਹੈ।
-ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ, ਸਿੱਧੇ-ਅਸਿੱਧੇ ਤਰੀਕੇ ਨਾਲ ਸਾਰੇ ਹੀ ਪ੍ਰਭਾਵਿਤ ਹਨ ਤੇ ਕਿਸੇ ਨਾ ਕਿਸੇ ਤਰੀਕੇ ਅਸਰ ਅੰਦਾਜ਼ ਹੋ ਰਹੇ ਹਨ ਜਾਂ ਹੋਣਗੇ।
ਨਸ਼ੇ ਬਹੁ-ਪਰਤੀ, ਬਹੁ-ਪਸਾਰੀ ਸਮੱਸਿਆ ਹੈ। ਇਸ ਦੇ ਹੱਲ ਲਈ ਸਭ ਨੂੰ ਅੱਗੇ ਆ ਕੇ ਆਪੋ-ਆਪਣੀ ਜਿ਼ੰਮੇਵਾਰੀ ਪਛਾਣਨੀ ਅਤੇ ਨਿਭਾਉਣੀ ਚਾਹੀਦੀ ਹੈ ਤਾਂ ਹੀ ਅਸੀਂ ਨਰੋਏ ਸਮਾਜ ਦੀ ਆਸ ਕਰ ਸਕਦੇ ਹਾਂ। ਸਿਆਸਤਦਾਨਾਂ ਦੀ ਜਿ਼ੰਮੇਵਾਰੀ ਮੁੱਖ ਹੈ। ਮੁੱਖ ਤੌਰ ’ਤੇ ਇਹੀ ਲੋਕ ਹਾਲਾਤ ਦੇ ਵਿਗਾੜ ਦੇ ਵੀ ਜ਼ਿੰਮੇਵਾਰ ਹਨ ਪਰ ਜੇ ਲੋਕ ਸੁਚੇਤ ਹੋਣ ਤਾਂ ਨੇਤਾਵਾਂ ਨੂੰ ਵੀ ਸਬਕ ਸਿਖਾਇਆ ਜਾ ਸਕਦਾ ਹੈ ਤੇ ਸਿੱਧੇ ਰਸਤੇ ’ਤੇ ਲਿਆਂਦਾ ਜਾ ਸਕਦਾ ਹੈ।
ਸੰਪਰਕ: 98158-08506
Advertisement

Advertisement
Advertisement