For the best experience, open
https://m.punjabitribuneonline.com
on your mobile browser.
Advertisement

ਖੜ੍ਹੀ ਉਂਗਲ ਦਾ ਸੰਕਟ

11:23 AM Jun 02, 2024 IST
ਖੜ੍ਹੀ ਉਂਗਲ ਦਾ ਸੰਕਟ
fingers
Advertisement

ਕੇ.ਐਲ. ਗਰਗ

ਸਿਆਣਿਆਂ ਦਾ ਕਹਿਣਾ ਹੈ ਕਿ ਸਿੱਧੀ ਉਂਗਲ ਨਾਲ ਘਿਉ ਨਹੀਂ ਨਿਕਲਦਾ ਹੁੰਦਾ। ਘਿਉ ਕੱਢਣ ਲਈ ਉਂਗਲ ਟੇਢੀ ਕਰਨੀ ਹੀ ਪੈਂਦੀ ਹੈ। ਪਰ ਸਾਡੇ ਵੱਡੇ ਨੇਤਾ ਫ਼ਤਹਿ ਚੰਦ ਪਿਛਲੇ ਦਸ ਵਰ੍ਹਿਆਂ ਤੋਂ ਸਿੱਧੀ ਉਂਗਲ ਨਾਲ ਹੀ ਘਿਉ ਕੱਢਦੇ ਆ ਰਹੇ ਹਨ। ਜਿੱਥੇ ਵੀ ਜਾਂਦੇ ਹਨ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਖੜ੍ਹੀ ਕਰ ਦਿੰਦੇ ਹਨ ਤੇ ਮਾਮਲਾ ਫ਼ਤਹਿ ਹੋ ਜਾਂਦਾ ਹੈ।
ਪੂਰਬੀ ਰਾਜਾਂ ਦੀਆਂ ਚੋਣਾਂ ਦਾ ਮਸਲਾ ਹੋਵੇ, ਉਨ੍ਹਾਂ ਨੇ ਸਿੱਧੀ ਉਂਗਲ ਜਨਤਾ ਨੂੰ ਤੇ ਵਿਰੋਧੀਆਂ ਨੂੰ ਦਿਖਾ ਕੇ ਹੀ ਚੋਣਾਂ ਜਿੱਤ ਲਈਆਂ। ਉੱਤਰੀ ਭਾਰਤ ਦੇ ਰਾਜ ਤਾਂ ਜਿਵੇਂ ਉਨ੍ਹਾਂ ਦੀ ਖੜ੍ਹੀ ਉਂਗਲ ਦੀ ਹੀ ਉਡੀਕ ਕਰ ਰਹੇ ਹੋਣ।
ਕਾਨੂੰਨਸਾਜ਼ਾਂ ਨੇ ਉਨ੍ਹਾਂ ਦੀ ਸਿੱਧੀ ਉਂਗਲ ਦੇਖੀ ਤਾਂ ਧਰਮ ਦਾ ਸੈਂਕੜੇ ਸਾਲਾਂ ਤੋਂ ਲਟਕਿਆ ਮਸਲਾ ਹੱਲ ਹੋ ਗਿਆ। ਉਹ ਵੀ ਚੁਟਕੀ ਮਾਰਦਿਆਂ ਹੀ। ਧਾਰਾ 420 ਦੀ ਔਖੀ ਘਾਟੀ ਖੜ੍ਹੀ ਉਂਗਲ ਦੇਖਦਿਆਂ ਹੀ ਪਾਰ ਹੋ ਗਈ। ਹਾਂ, ਕਦੇ-ਕਦੇ ਇਸ ਉਂਗਲ ਨੂੰ ਹਲਕਾ ਜਿਹਾ ਝਟਕਾ ਉਦੋਂ ਲੱਗਦਾ ਹੈ ਜਦੋਂ ਪਾਰਟੀ ਕਿਸੇ ਰਾਜ ’ਚ ਚੋਣ ਹਾਰ ਜਾਂਦੀ ਹੈ।
ਨੇਤਾ ਜੀ ਦੀਆਂ ਲਗਾਤਾਰ ਜਿੱਤਾਂ ਨੇ ਉਨ੍ਹਾਂ ਦੀ ਉਂਗਲ ਲਈ ਵੱਡਾ ਸੰਕਟ ਖੜ੍ਹਾ ਕਰ ਦਿੱਤਾ ਹੈ। ਹੁਣ ਉਹ ਸਿੱਧੀ ਸਤੋੜ ਖੜ੍ਹੀ ਦੀ ਖੜ੍ਹੀ ਹੀ ਰਹਿਣ ਲੱਗ ਪਈ ਹੈ। ਟੇਢੀ ਹੁੰਦੀ ਹੀ ਨਹੀਂ। ਇਸ ਉਂਗਲ ਨੇ ਨੇਤਾ ਜੀ ਨੂੰ ਅਜੀਬ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ। ਜਦੋਂ ਕੋਈ ਦੂਸਰੇ ਮੁਲਕ ਦਾ ਨੇਤਾ ਉਨ੍ਹਾਂ ਨੂੰ ਮਿਲਣ ਆਉਂਦਾ ਹੈ ਤਾਂ ਉਸ ਨੂੰ ਉਨ੍ਹਾਂ ਦੀ ਸਿੱਧੀ ਉਂਗਲ ਖੜ੍ਹੀ ਦੇਖ ਕੇ ਲੱਗਣ ਲੱਗਦਾ ਹੈ ਜਿਵੇਂ ਉਹ ਉਸ ਨੇਤਾ ਦਾ ਸਵਾਗਤ ਕਰਨ ਦੀ ਥਾਂ ਉਸ ਨੂੰ ਕਹਿ ਰਹੇ ਹੋਣ ‘‘ਬਾਜ਼ ਆ ਜਾਉ, ਬਾਜ਼ ਆ ਜਾਉ। ਨਹੀਂ ਤਾਂ ਇਹ ਦੇਖੋ ਮੇਰੀ ਖੜ੍ਹੀ ਉਂਗਲ।’’ ਉਹ ਨੇਤਾ ਦੇਸ਼ ਨੂੰ ਬਹੁਤ ਕੁਝ ਦੇਣ ਆਏ ਹੁੰਦੇ ਹਨ, ਖੜ੍ਹੀ ਉਂਗਲ ਦੇਖਦੇ ਹੀ ਪੱਤਰਾ ਵਾਚ ਜਾਂਦੇ ਹਨ। ਹੋਣ ਵਾਲੇ ਸਮਝੌਤੇ ਧਰੇ ਦੇ ਧਰੇ ਰਹਿ ਜਾਂਦੇ ਹਨ। ਖੜ੍ਹੀ ਉਂਗਲ ਦੇਖ ਕੇ, ਮਿੱਤਰ ਨੇਤਾ ਵੀ ਉਨ੍ਹਾਂ ਤੋਂ ਪਰ੍ਹੇ ਰਹਿਣ ’ਚ ਹੀ ਆਪਣਾ ਭਲਾ ਸਮਝਣ ਲੱਗੇ ਹਨ।
ਨੇਤਾ ਜੀ ਦੀ ਖੜ੍ਹੀ ਉਂਗਲ ਨੇ ਦੇਸ਼ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਨੇਤਾ ਜੀ ਤਾਂ ਚਾਹੁੰਦੇ ਹਨ ਕਿ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦੇਣ। ਪਰ ਪਹਿਲਾਂ ਵਾਲੇ ਇੱਕ ਨੇਤਾ ਵੱਲੋਂ ਐਮਰਜੈਂਸੀ ਦੇ ਐਲਾਨ ਕਾਰਨ ਦੇਸ਼ ਵਿੱਚ ਹੋਈ ਖੇਹ-ਖਰਾਬੀ ਨੂੰ ਯਾਦ ਕਰਕੇ ਨੇਤਾ ਜੀ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ।
ਵੱਡੇ-ਵੱਡੇ ਹਕੀਮਾਂ ਨੂੰ ਸੱਦਿਆ ਗਿਆ। ਹਕੀਮ-ਏ-ਆਜ਼ਮ ਨਜ਼ਫ ਉੱਲਾ ਖਾਂ ਨੇ ਸੰਢੇ ਦੇ ਤੇਲ ਦੀ ਮਾਲਸ਼ ਦੀ ਸਿਫ਼ਾਰਸ਼ ਕੀਤੀ। ਪਰ ਉਹ ਵੀ ਬਹੁਤਾ ਕਾਰਗਰ ਸਿੱਧ ਨਹੀਂ ਹੋਇਆ। ਹਕੀਮ ਪੰਸੇਰੀ ਮੱਲ ਨੇ ਮੱਛੀ ਦਾ ਤੇਲ ਮਹੀਨਾ ਭਰ ਮਲਵਾਇਆ। ਮੱਛੀ ਦਾ ਤੇਲ ਗਰਮ ਹੁੰਦਾ ਹੈ। ਪਰ ਉਸ ਦੀ ਗਰਮੀ ਵੀ ਨੇਤਾ ਜੀ ਦੀ ਖੜ੍ਹੀ ਉਂਗਲ ਦਾ ਕੁਝ ਵੀ ਵਿਗਾੜ ਨਹੀਂ ਸਕੀ।
ਨੇਤਾ ਜੀ ਅਜੀਬ ਕੁੜਿੱਕੀ ਵਿੱਚ ਫਸੇ ਹੋਏ ਸਨ। ਖੜ੍ਹੀ ਉਂਗਲ ਵਾਲਾ ਹੱਥ ਪੂਰੀ ਤਰ੍ਹਾਂ ਜੇਬ ’ਚ ਵੀ ਨਹੀਂ ਸੀ ਪੈਂਦਾ। ਸੱਜਾ ਹੱਥ ਸੀ, ਕੋਈ ਕੰਮ ਚੱਜ ਨਾਲ ਨਹੀਂ ਸੀ ਹੁੰਦਾ। ਉਂਜ ਤਾਂ ਨੇਤਾ ਜੀ ਨੇ ਸਿਵਾਏ ਉਦਘਾਟਨਾਂ ਅਤੇ ਵਿਕਾਸ ਪੱਥਰ ਲਾਉਣ ਦੇ ਕਰਨਾ ਕੀ ਹੁੰਦਾ ਹੈ, ਪਰ ਫਿਰ ਵੀ ਨੇਤਾ ਜੀ ਨੇ ਮੋਹਰੀ ਬਣ ਕੇ ਕੁਝ ਤਾਂ ਕਰਨਾ ਹੀ ਹੁੰਦਾ ਹੈ। ਤਦ ਹੀ ਦੇਸ਼ ਦੇ ਵਿਕਾਸ ਦੀ ਗੱਡੀ ਲੀਹ ’ਤੇ ਆਉਂਦੀ ਹੈ।
ਹਕੀਮਾਂ ਤੋਂ ਨਿਰਾਸ਼ ਹੋ ਕੇ ਨੇਤਾ ਜੀ ਧਰਮ ਅਸਥਾਨਾਂ ਦਾ ਰੁਖ਼ ਕਰਦੇ ਹਨ। ਦੇਵ ਅਸਥਾਨਾਂ ’ਤੇ ਜਾ ਕੇ ਧਿਆਨ ਲਗਾਉਂਦੇ ਹਨ। ਜਪ ਤਪ ਕਰਦੇ ਹਨ। ਪਰ ਕਿਸੇ ਦੇਵਤਾ ਤੋਂ ਖੜ੍ਹੀ ਉਂਗਲ ਟੇਢੀ ਨਹੀਂ ਹੋ ਸਕੀ। ਵੱਡੇ-ਵੱਡੇ ਤੀਰਥ ਅਸਥਾਨਾਂ ਦੀ ਕਿਰਪਾ ਵੀ ਉਂਗਲ ਨੂੰ ਰਾਹਤ ਨਾ ਦੇ ਸਕੀ। ਖੜ੍ਹੀ ਉਂਗਲ ਕਾਰਨ ਦੇਸ਼ ਵਿੱਚ ਐਮਰਜੈਂਸੀ ਲਾਉਣ ਦੀ ਗੱਲ ਵੀ ਸੋਚੀ ਗਈ।
ਸਭ ਪਾਸਿਆਂ ਤੋਂ ਨਿਰਾਸ਼ ਹੋ ਕੇ ਨੇਤਾ ਜੀ ਨੇ ਦੇਸ਼ ਵਿੱਚ ਆਮ ਘੋਸ਼ਣਾ ਜਾਰੀ ਕਰਵਾਈ। ਮੁਨਾਦੀ ਵਾਲੇ ਢੋਲਚੀਆਂ ਨੇ ਚੀਕ-ਚੀਕ ਕੇ ਘੋਸ਼ਣਾ ਕੀਤੀ: ‘‘ਆਮ ਰਿਆਇਆ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨੇਤਾ ਜੀ ਦੀ ਉਂਗਲ ਸਿੱਧੀ ਖੜ੍ਹੀ ਹੋ ਕੇ ਜਾਮ ਹੋ ਗਈ ਹੈ। ਜੋ ਵੀ ਮਾਈ-ਭਾਈ ਇਸ ਨੂੰ ਟੇਢੀ ਕਰ ਦੇਵੇਗਾ, ਉਸ ਨੂੰ ਮਾਣ-ਸਨਮਾਨਾਂ ਨਾਲ ਲੱਦ ਦਿੱਤਾ ਜਾਵੇਗਾ। ਜੇ ਉਹ ਪੜ੍ਹਿਆ ਲਿਖਿਆ ਹੋਇਆ ਤਾਂ ਨਕਦ ਇਨਾਮਾਂ ਨਾਲ ਲੱਦਿਆ ਜਾਵੇਗਾ। ਤੇ ਜੇ ਅਨਪੜ੍ਹ ਹੋਇਆ ਤਾਂ ਪੀਐਚ.ਡੀ. ਤੇ ਡੀ.ਲਿਟ ਦੀਆਂ ਆਨਰੇਰੀ ਡਿਗਰੀਆਂ ਨਾਲ ਨਿਵਾਜ਼ਿਆ ਜਾਵੇਗਾ। ਹੋ ਸਕਦੈ ਉਸ ਨੂੰ ਕਿਸੇ ਫਿਲਮੀ ਕਾਰਪੋਰੇਸ਼ਨ ਜਾਂ ਕੁਸ਼ਤੀ ਸੰਘ ਦਾ ਚੇਅਰਮੈਨ ਵੀ ਲਾ ਦਿੱਤਾ ਜਾਵੇ। ਕੋਈ ਵੀ ਆਪਣਾ ਕ੍ਰਿਸ਼ਮਾ ਦਿਖਾ ਸਕਦਾ ਹੈ।’’
ਮੁਲਕ ਵਿੱਚ ਇੱਕ ਦੌੜ ਸ਼ੁਰੂ ਹੋ ਗਈ। ਸਿਆਣੇ ਤੋਂ ਸਿਆਣੇ ਲੋਕ ਵੀ ਤੇ ਅਟਕਲਾਂ ਲਾਉਣ ਵਾਲੇ ਵੀ ਇਸ ਪਾਸੇ ਤਵੱਜੋ ਦੇਣ ਲੱਗ ਪਏ। ਕਰਦੇ-ਕਰਾਉਂਦੇ ਇਕ ਫਕੀਰਨੁਮਾ ਬੰਦਾ ਨੇਤਾ ਜੀ ਦੇ ਦਰਬਾਰ ਪਹੁੰਚਿਆ। ਕੱਪੜੇ ਉਸ ਦੇ ਫਟੇ ਹੋਏ ਸਨ, ਦਾੜ੍ਹੀ ਤੇ ਸਿਰ ਦੇ ਵਾਲ ਖਿੰਡੇ ਹੋਏ ਸਨ। ਨੰਗੇ ਪੈਰੀਂ।
‘ਇਹ ਕੀ ਕਰ ਸਕੇਗਾ?’ ਨੇਤਾ ਜੀ ਨੇ ਮਨ ਹੀ ਮਨ ਸੋਚਿਆ।
‘ਕਈ ਵਾਰੀ ਖੋਟਾ ਸਿੱਕਾ ਵੀ ਚੱਲ ਜਾਂਦੈ। ਅਜ਼ਮਾ ਲੈਨੇ ਆਂ।’ ਨੇਤਾ ਜੀ ਨੇ ਸੋਚਿਆ।
ਫ਼ਕੀਰ, ਨੇਤਾ ਜੀ ਦੀ ਸਿੱਧੀ ਤੇ ਆਕੜੀ ਹੋਈ ਉਂਗਲ ਦੇਖ ਕੇ ਬੋਲਿਆ, ‘‘ਨੇਤਾ ਜੀ, ਤੁਹਾਡੀਆਂ ਲਗਾਤਾਰ ਜਿੱਤਾਂ ਨੇ ਇਸ ਨੂੰ ਅਭਿਮਾਨ ਦੀ ਆਕੜ ਚੜ੍ਹਾ ਦਿੱਤੀ ਹੈ। ਕਦੇ-ਕਦੇ ਹਾਰਨਾ ਵੀ ਜ਼ਰੂਰੀ ਹੁੰਦਾ ਹੈ। ਹਾਰਨ ਨਾਲ ਮਨੁੱਖ ਦਾ ਸਹਿਜ ਤੇ ਸੁਹਜ ਕਾਇਮ ਰਹਿੰਦਾ ਹੈ। ਮਨੁੱਖ, ਮਨੁੱਖ ਰਹਿੰਦਾ ਹੈ। ਚੌਕੀਦਾਰ ਬਣੇ ਸੀ ਤਾਂ ਚੌਕੀਦਾਰ ਹੀ ਰਹਿੰਦੇ, ਠੇਕੇਦਾਰ ਨਾ ਬਣਦੇ। ਏਡੇ ਵੱਡੇ ਮੁਲਕ ’ਚ ਦੋ ਚਾਰ ਸਟੇਟਾਂ ਹਾਰਨ ਨਾਲ ਕੋਈ ਫ਼ਰਕ ਨ੍ਹੀਂ ਪੈਂਦਾ...।’’ ਫ਼ਕੀਰ ਸ਼ਾਇਦ ਕੁਝ ਹੋਰ ਵੀ ਕਹਿੰਦਾ, ਪਰ ਨੇਤਾ ਜੀ ਨੂੰ ਅਜਿਹੀਆਂ ਗੱਲਾਂ ਸੁਣਨ ਦੀ ਆਦਤ ਨਹੀਂ ਸੀ ਤੇ ਨਾ ਹੀ ਅਜਿਹੀਆਂ ਦਕੀਆਨੂਸੀ ਗੱਲਾਂ ਪੁੱਗਦੀਆਂ ਸਨ। ਚੜ੍ਹਾਈ ਵੇਲੇ ਹਾਰਨ ਦੀ ਖ਼ਬਰ ਸੁਣਨਾ ਉਨ੍ਹਾਂ ਲਈ ਮੌਤ ਦੀ ਖ਼ਬਰ ਸੁਣਨ ਬਰਾਬਰ ਹੈ। ਉਂਗਲ ਭਾਵੇਂ ਵੱਢਣੀ ਪੈ ਜਾਵੇ, ਹਾਰ ਦੀ ਗੱਲ ਨਹੀਂ ਸੁਣ ਸਕਦੇ। ਇੱਕ ਨਿਗੂਣੀ ਉਂਗਲ ਵਾਸਤੇ ਆਪਣਾ ਰਾਜ-ਭਾਗ ਦੂਸਰੇ ਦੇ ਹੱਥ ਦੇ ਦੇਣ, ਅਜਿਹੇ ਦਾਨਵੀਰ ਨਹੀਂ ਹਨ ਆਪਣੇ ਵੱਡੇ ਨੇਤਾ ਜੀ। ਜਿੱਤਣ ਲਈ ਇੱਕ ਉਂਗਲ ਦੀ ਤਾਂ ਕੀ ਗੱਲ ਕਰਨੀ ਹੈ, ਉਹ ਆਪਣਾ ਦਲ, ਬਲ, ਸਰੀਰ ਸਭ ਕੁਝ ਬਲੀ ਚੜ੍ਹਾ ਸਕਦੇ ਹਨ।
ਫ਼ਕੀਰ ਦੀਆਂ ਗੱਲਾਂ ਸਿਵਾਏ ਬਕਬਕ ਤੋਂ ਉਨ੍ਹਾਂ ਨੂੰ ਕੁਝ ਨਹੀਂ ਲੱਗੀਆਂ। ਨੇਤਾ ਜੀ ਦੀ ਉਂਗਲ ਹਾਲੇ ਵੀ ਸਿੱਧੀ ਦੀ ਸਿੱਧੀ ਖਲ੍ਹੋਤੀ ਹੋਈ ਹੈ। ਜਿੱਤਾਂ ਦਾ ਸਿਲਸਿਲਾ ਵੀ ਬਿਨਾਂ ਰੋਕ-ਟੋਕ ਜਾਰੀ ਹੈ।

Advertisement

ਸੰਪਰਕ: 94635-37050

Advertisement
Author Image

sukhwinder singh

View all posts

Advertisement
Advertisement
×