ਸੱਭਿਅਤਾ ਦਾ ਸੰਕਟ
ਸ਼ੈਲੀ ਵਾਲੀਆ
ਗਾਜ਼ਾ ਦੇ ਬੇਦੋਸ਼ੇ ਨਾਗਰਿਕਾਂ ਦੇ ਦਮਨ, ਜ਼ਲਾਲਤ ਤੇ ਕਤਲੇਆਮ ਦੇ ਗਵਾਹ ਬਣੇ ਸੱਭਿਅਤਾ ਦੇ ਸੰਕਟ ’ਚ ਅਮਨ-ਸ਼ਾਂਤੀ ਕਾਇਮ ਰੱਖਣ ਵਾਲੀਆਂ ਏਜੰਸੀਆਂ ਨਿਰਲੱਜਤਾ ਨਾਲ ਬੇਲਾਗ ਅਤੇ ਬੇਜਾਨ ਬਣੀਆਂ ਹੋਈਆਂ ਹਨ। ਢੀਠ ਲੀਡਰਸ਼ਿਪ ਸੱਤਾ ਤੇ ਮੁਨਾਫ਼ੇ ਦੇ ਹੰਕਾਰ ਵਿੱਚ ਡੁੱਬੀ ਹੋਈ ਹੈ ਅਤੇ ਕੌਮਾਂਤਰੀ ਕਾਨੂੰਨਾਂ ਦੀ ਰਤਾ ਵੀ ਪਰਵਾਹ ਨਹੀਂ ਕੀਤੀ ਜਾ ਰਹੀ। ਆਪਣੇ ਜਵਾਨ ਪੁੱਤਰ ਦੀ ਮੌਤ ’ਤੇ ਇੱਕ ਬਿਰਧ ਔਰਤ ਦੀਆਂ ਦਰਦ ਭਰੀਆਂ ਚੀਕਾਂ ਨੇ ਲਗਭਗ ਹਰ ਸ਼ਖ਼ਸ ਦੀਆਂ ਅੱਖਾਂ ਨਮ ਕੀਤੀਆਂ ਪਰ ਸਰਕਾਰਾਂ ’ਤੇ ਇਸ ਸਭ ਦਾ ਕੋਈ ਅਸਰ ਨਹੀਂ ਹੋ ਰਿਹਾ, ਖ਼ਾਸ ਤੌਰ ’ਤੇ ਅਮਰੀਕਾ ’ਤੇ ਜਿਸ ਨੇ ਗੋਲੀਬੰਦੀ ਦੇ ਮਤੇ ਨੂੰ ਸੰਯੁਕਤ ਰਾਸ਼ਟਰ ਵਿੱਚ ਇੱਕ ਵਾਰ ਫਿਰ ਬੇਸ਼ਰਮੀ ਨਾਲ ਵੀਟੋ (ਰੱਦ) ਕਰ ਦਿੱਤਾ ਅਤੇ ਇਸ ਤਰ੍ਹਾਂ ਸੱਚ ਤੇ ਜ਼ਮੀਰ ਨੂੰ ਦਬਾ ਦਿੱਤਾ ਗਿਆ। ਜਿਵੇਂ ਕਿ ਨਾਟਕਕਾਰ ਹੈਰਲਡ ਪਿੰਟਰ ਨੇ ਲਿਖਿਆ ਹੈ, ‘ਸੱਚ ਦੀ ਭਾਲ ਕਦੇ ਰੁਕ ਨਹੀਂ ਸਕਦੀ’, ਖ਼ਾਸ ਤੌਰ ’ਤੇ ਇਨ੍ਹਾਂ ਹਨੇਰੇ ਸਮਿਆਂ ’ਚ ਜਦੋਂ ‘ਝੂਠ ਦੇ ਜਾਲ’ ਦਾ ਗ਼ਲਬਾ ਹੈ ਤੇ ਵ੍ਹਾਈਟ ਹਾਊਸ ਅਤੇ ਵੱਡੀਆਂ ਕਾਰਪੋਰੇਸ਼ਨਾਂ ਦੀ ਹਮਾਇਤ ਪ੍ਰਾਪਤ ਦਹਿਸ਼ਤਗਰਦੀ ਪੂਰੀ ਦੁਨੀਆ ਵਿੱਚ ਫੈਲੀ ਹੋਈ ਹੈ।
ਕਫ਼ਨ ’ਚ ਲਪੇਟੀ ਪਤਨੀ ਦੀ ਦੇਹ ’ਤੇ ਸਿਰ ਰੱਖ ਕੇ ਬੈਠੇ ਇੱਕ ਪਤੀ ਨੂੰ ਦੇਖਣਾ ਬੇਹੱਦ ਮਾਰਮਿਕ ਹੈ। ਰਨੀਆ ਅਬੂ ਨਾਂ ਦੀ ਔਰਤ ਨੇ ਕੁਝ ਦਿਨ ਪਹਿਲਾਂ ਆਪਣਾ ਪਤੀ ਗੁਆ ਲਿਆ ਤੇ ਹੁਣ ਉਸ ਦੇ ਚਾਰ ਮਹੀਨਿਆਂ ਦੇ ਜੌੜੇ ਧੀ ਤੇ ਪੁੱਤ ਜੰਗ ਦੀ ਭੇਟ ਚੜ੍ਹ ਗਏ ਹਨ। ਪੁੱਤਰ ਦੀ ਲਾਸ਼ ’ਤੇ ਦੁਹੱਥੜ ਮਾਰਦਿਆਂ ਉਹ ਉੱਚੀ-ਉੱਚੀ ਵੈਣ ਪਾ ਰਹੀ ਸੀ ਤੇ ਬੱਚੇ ਦੀ ਲਾਸ਼ ਲਿਜਾਣ ਨਹੀਂ ਦੇ ਰਹੀ ਸੀ, ‘‘ਮੇਰਾ ਕਲੇਜਾ ਕੱਢ ਲਿਆ ਏ। ਅਸੀਂ ਨਾ ਗੋਲੀਆਂ ਚਲਾ ਰਹੇ ਸੀ ਤੇ ਨਾ ਹੀ ਲੜ ਰਹੇ ਸੀ। ਅਸੀਂ ਤਾਂ ਸੁੱਤੇ ਪਏ ਸੀ। ਇਨ੍ਹਾਂ ਦਾ ਕੀ ਕਸੂਰ ਸੀ? ਮੈਂ ਹੁਣ ਕਿਵੇਂ ਜਿਊਂਦੀ ਰਹਾਂਗੀ?’’ ਬੱਚੇ ਦੀ ਜੌੜੀ ਭੈਣ ਕਫ਼ਨ ’ਚ ਲਪੇਟੀ ਰਿਸ਼ਤੇਦਾਰਾਂ ਕੋਲ ਪਈ ਹੈ ਜੋ ਵਿਰਲਾਪ ਕਰ ਰਹੇ ਹਨ। ਮਾਂ ਲਈ ਕਿਆਮਤ ਬਣ ਕੇ ਆਇਆ ਸਮਾਂ ਉਨ੍ਹਾਂ ਦੀ ਬਰਦਾਸ਼ਤ ਤੋਂ ਬਾਹਰ ਹੈ। ਜਿਉਂ ਹੀ ਉਸ ਦੇ ਪਿਆਰੇ ਉਸ ਤੋਂ ਵਿਛੜਦੇ ਹਨ, ਉਸ ਨੂੰ ਅਤੇ ਹਜ਼ਾਰਾਂ ਹੋਰਾਂ ਨੂੰ ਦਮ ਤੋੜ ਰਹੀਆਂ ਮਾਨਵੀ ਕਦਰਾਂ-ਕੀਮਤਾਂ ਦੇ ਡੁੱਬਦੇ ਸੂਰਜ ਅੱਗੇ ਅਗਾਂਹ ਵਧਣਾ ਪੈਂਦਾ ਹੈ। ਬੇਕਸੂਰ ਲੋਕ ਹਮੇਸ਼ਾ ਦੁੱਖ ਸਹਿੰਦੇ ਹਨ।
ਤਹਿਸ-ਨਹਿਸ ਹੋਏ ਇੱਕ ਹਸਪਤਾਲ ਦੇ ਬਾਹਰ ਖ਼ੂਨ ਨਾਲ ਭਿੱਜੇ ਪੱਥਰਾਂ ਦੇ ਫ਼ਰਸ਼ ’ਤੇ ਪਈਆਂ 24 ਮ੍ਰਿਤਕ ਦੇਹਾਂ ਦੇਖ ਕੇ ਲੰਘਣ ਵਾਲੇ ਭੁੱਬਾਂ ਮਾਰਦੇ ਹਨ। ਇਨ੍ਹਾਂ ’ਚ ਗਿਆਰਾਂ ਤੋਂ ਵੱਧ ਛੋਟੇ ਬੱਚੇ ਹਨ। ਮਦਦ ਲੈਣ ਲਈ ਇੱਕ ਕਾਫ਼ਲੇ ਕੋਲ ਪੁੱਜੇ ਸੈਂਕੜੇ ਫ਼ਲਸਤੀਨੀਆਂ ਦੇ ਹਾਲ ਹੀ ਵਿੱਚ ਹੋਏ ਕਤਲੇਆਮ ਦੌਰਾਨ ਖ਼ੂਨ ਨਾਲ ਲੱਥ-ਪੱਥ ਨਾਗਰਿਕ, ਪੁਲੀਸ ਹਿੰਸਾ ਅਤੇ ਤਬਾਹੀ ਦੇ ਦ੍ਰਿਸ਼ ਸਪੱਸ਼ਟ ਦੇਖੇ ਗਏ। ਇੱਥੇ ਖਾਣਾ ਲੈਣ ਲਈ ਜੱਦੋਜਹਿਦ ਕਰਦੇ ਭੁੱਖ ਦੇ ਮਾਰੇ ਲੋਕਾਂ ਦਾ ਕਤਲੇਆਮ ਕੀਤਾ ਗਿਆ। ਸਮੂਹਿਕ ਹਤਿਆਰੇ ਅਤੇ ਜੰਗੀ ਅਪਰਾਧੀ ਦਾ ਦਰਜਾ ਹਾਸਲ ਕਰਨ ਲਈ ਆਖ਼ਰ ਉਹ ਹੋਰ ਕਿੰਨੀਆਂ ਹੱਤਿਆਵਾਂ ਕਰਨਗੇ ਜਿਨ੍ਹਾਂ ਨੂੰ ਕੌਮਾਂਤਰੀ ਅਪਰਾਧਕ ਨਿਆਂ ਅਦਾਲਤ ਸਜ਼ਾ ਯੋਗ ਮੰਨੇਗੀ?
ਗਾਜ਼ਾ ਵਿੱਚ ਹੋ ਰਿਹਾ ਕਤਲੇਆਮ ਵੀਅਤਨਾਮ ਜੰਗ ਤੇ ਹੀਰੋਸ਼ੀਮਾ ਦੀ ਬੰਬਾਰੀ ਦੇ ਡਰਾਉਣੇ ਸਮੇਂ ਯਾਦ ਕਰਵਾਉਂਦਾ ਹੈ। ਕੀ ਇੱਕ ਸੱਭਿਅਤਾ ਵਜੋਂ ਅਸੀਂ ਇੰਨੇ ਵੀ ਵਿਕਸਿਤ ਨਹੀਂ ਹੋਏ ਜਿੱਥੇ ਦੂਜੀ ਆਲਮੀ ਜੰਗ ਵਰਗੇ ਨਿਊਰਮਬਰਗ ਮੁਕੱਦਮੇ ਚੱਲ ਸਕਣ? ਜਦੋਂ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਮੈਡੇਲੀਨ ਅਲਬ੍ਰਾਈਟ ਦੀਆਂ ਅਨੈਤਿਕ ਟਿੱਪਣੀਆਂ ਕੰਨੀਂ ਪੈਣ ਕਿ ‘ਹਾਂ, ਉਹ ਮਰਨ ਦੇ ਹੀ ਲਾਇਕ ਸਨ’ ਤਾਂ ਅਸੀਂ ਇਸ ਨੂੰ ਸੱਭਿਅਕ ਸਮਾਜ ਕਹਿ ਵੀ ਕਿਵੇਂ ਸਕਦੇ ਹਾਂ? ਇਹ ਉਹ ਨੇਤਾ ਨਹੀਂ ਹਨ ਜੋ ਜੰਗ ਦੇ ਪੀੜਤਾਂ ਨਾਲ ਹਮਦਰਦੀ ਜ਼ਾਹਿਰ ਕਰ ਸਕਣ; ਇਹ ਬਦਲਾਖੋਰੀ ਨਾਲ ਭਰੇ ਨਸਲਕੁਸ਼ੀ ਦੀ ਮਾਨਸਿਕਤਾ ਰੱਖਣ ਵਾਲੇ ਆਗੂ ਹਨ ਜੋ ਨੈਤਿਕਤਾ ਦੇ ਉਨ੍ਹਾਂ ਸਾਰੇ ਭਾਵਾਂ ਨੂੰ ਖਾਰਜ ਕਰਦਿਆਂ ਅੱਗੇ ਵਧਦੇ ਹਨ ਜਿਨ੍ਹਾਂ ਨੂੰ ਸੱਭਿਅਕ ਮੁਲਕ ਜੰਗ ਨਾਲ ਜੋੜਦੇ ਹਨ।
ਪਿੰਟਰ ਆਪਣੇ ਲੇਖ ‘ਕਲਾ, ਸੱਚ ਤੇ ਸਿਆਸਤ’ ਵਿੱਚ ਢੁੱਕਵੇਂ ਸਵਾਲ ਪੁੱਛਦਾ ਹੈ: ‘ਸਾਡੀ ਨੈਤਿਕ ਸੰਵੇਦਨਸ਼ੀਲਤਾ ਨੂੰ ਕੀ ਹੋ ਗਿਆ ਹੈ? ਕੀ ਸਾਡੇ ਵਿੱਚ ਕਦੇ ਇਹ ਹੈ ਵੀ ਸੀ? ਤੇ ਸਾਡੀ ਜ਼ਮੀਰ ਨੂੰ ਕੀ ਹੋ ਗਿਆ ਹੈ? ਕੀ ਇਹ ਪੂਰੀ ਤਰ੍ਹਾਂ ਮਰ ਚੁੱਕੀ ਹੈ?’ ਪਿਛਲੇ ਕੁਝ ਮਹੀਨਿਆਂ ’ਚ ਗਾਜ਼ਾ ਨੂੰ ਦੇਖਣ ਮਗਰੋਂ ਇਹ ਸਪੱਸ਼ਟ ਹੈ ਕਿ ਕੌਮਾਂਤਰੀ ਭਾਈਚਾਰੇ ਨੇ ਇਸ ਦੌਰਾਨ ਜਿਹੜੀ ਨਾਰਾਜ਼ਗੀ ਪ੍ਰਗਟ ਹੁੰਦੀ ਦੇਖੀ ਵੀ, ਉਸ ਦਾ ਨਿਰਾਦਰ ਹੀ ਕੀਤਾ ਗਿਆ ਅਤੇ ਉਸ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਗਿਆ। ਕੋਈ ਵੀ ਤਾਕਤ ਰੈੱਡ ਕਰਾਸ ਕਮੇਟੀ ਦੀ ਪਰਵਾਹ ਨਹੀਂ ਕਰ ਰਹੀ। ਰੈੱਡ ਕਰਾਸ ਕਮੇਟੀ ਜੰਗੀ ਅਪਰਾਧਾਂ ਨੂੰ ‘ਅਜਿਹਾ ਕੰਮ ਮੰਨਦੀ ਹੈ ਜਿਸ ’ਚ ਫ਼ੌਜੀ ਤੇ ਸਿਵਲੀਅਨ ਨਿਸ਼ਾਨਿਆਂ ਵਿੱਚ ਫ਼ਰਕ ਨਹੀਂ ਕੀਤਾ ਜਾਂਦਾ, ਜਾਂ ਜਿੱਥੇ ਸੈਨਿਕ ਕਾਰਵਾਈ ਗ਼ੈਰ-ਵਾਜਬ ਹੁੰਦੀ ਹੈ, ਜਾਂ ਜਿਸ ’ਚ ਨਾਗਰਿਕਾਂ ਦੀ ਜਾਨ ਬਚਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਾਂਦਾ।’ ਜਾਪਦਾ ਹੈ ਕਿ ਅਮਰੀਕਾ ਨੇ ਕਿਸੇ ਵੀ ਕਿਸਮ ਦੀ ਭੜਕਾਊ ਕਾਰਵਾਈ ’ਚ ਸ਼ਾਮਿਲ ਹੋਣ ਦੀ ਖ਼ੁਦ ਹੀ ਪੂਰੀ ਖੁੱਲ੍ਹ ਲਈ ਹੋਈ ਹੈ।
ਅਜੋਕੇ ਸਮੇਂ ਸਾਰੇ ਪਾਸੇ ਹਥਿਆਰਬੰਦ ਟਕਰਾਅ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਦੁੱਖ ਦਾ ਇੱਕ ਸਿਖਰਲਾ ਰੂਪ ਡਰੇ ਹੋਏ ਬੱਚਿਆਂ ਵੱਲੋਂ ਆਪਣੀਆਂ ਮਾਵਾਂ ਤੋਂ ਇਹ ਪੁੱਛਣ ਵਿੱਚੋਂ ਝਲਕਦਾ ਹੈ ਕਿ ਗੋਲੀ ਲੱਗਣ ਨਾਲ ਕਿਸ ਤਰ੍ਹਾਂ ਦਾ ਮਰਨਾ ਹੁੰਦਾ ਹੈ ਅਤੇ ਕੀ ਖ਼ੂਨ ਵਗਣ ਤੋਂ ਰੋਕਣਾ ਸੰਭਵ ਹੈ। ਇਹ ਭੁੱਲਣਾ ਸੌਖਾ ਨਹੀਂ ਹੈ ਕਿ ਕਿਵੇਂ ਫ਼ੌਜੀ ਹਰ ਰੋਜ਼ ਬੇਦੋਸ਼ੇ ਨਾਗਰਿਕਾਂ ਨੂੰ ਮਾਰਦੇ ਤੇ ਉਨ੍ਹਾਂ ਦੀਆਂ ਦੇਹਾਂ ਦੀ ਵੱਢ-ਟੁੱਕ ਕਰਦੇ ਹਨ ਜੋ ਕਿ ਕਈ ਵਾਰ ਉਹ ਜਾਣਬੁੱਝ ਕੇ ਵੀ ਕਰਦੇ ਹਨ। ਭਾਵੇਂ ਬਿਰਤਾਂਤ ਸਿਰਜ ਕੇ ਇਸ ਫ਼ੌਜੀ ਕਾਰਵਾਈ ਨੂੰ ‘ਸਰਜੀਕਲ’ ਦੱਸਿਆ ਗਿਆ ਹੈ ਪਰ ਨਾਗਰਿਕਾਂ ਦੀਆਂ ਮੌਤਾਂ ਬੇਰਹਿਮ ਕਤਲੇਆਮ ਦਾ ਬਿਲਕੁਲ ਵੱਖਰਾ ਸੁਨੇਹਾ ਦੇ ਰਹੀਆਂ ਹਨ। ਯਮਨ ਵਿੱਚ ਅਮਰੀਕਾ ਦੀ ਹਮਾਇਤ ਪ੍ਰਾਪਤ ਸਾਊਦੀ ਫ਼ੌਜ ਦੇ ਹਵਾਈ ਹਮਲਿਆਂ ਵਿੱਚ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਉੱਥੇ ਜੰਗ ’ਚੋਂ ਬਚੇ ਅੱਠ ਸਾਲਾਂ ਦੇ ਇੱਕ ਬੱਚੇ ਨੇ ਆਪਣਾ ਗੁੱਸਾ ਕੱਢ ਕੇ ਦੁਨੀਆ ’ਚ ਹਿੰਸਾ ਭੜਕਾਉਣ ਵਾਲਿਆਂ ਦੀਆਂ ਅੱਖਾਂ ਖੋਲ੍ਹਣ ਦਾ ਕੰਮ ਕੀਤਾ ਹੈ: ‘‘ਮੇਰੇ ਪਿਤਾ ਕਹਿੰਦੇ ਹਨ ਕਿ ਉਹ ਮੈਨੂੰ ਖਿਡੌਣੇ ਤੇ ਸਕੂਲ ਲਈ ਬਸਤਾ ਲੈ ਕੇ ਦੇਣਗੇ। ਮੈਨੂੰ ਸਕੂਲੀ ਬਸਤਿਆਂ ਨਾਲ ਨਫ਼ਰਤ ਹੈ। ਮੈਂ ਕਿਸੇ ਬਸ ਦੇ ਨੇੜੇ ਵੀ ਨਹੀਂ ਜਾਣਾ ਚਾਹੁੰਦਾ। ਮੈਨੂੰ ਸਕੂਲ ਨਾਲ ਨਫ਼ਰਤ ਹੈ ਤੇ ਮੈਨੂੰ ਨੀਂਦ ਨਹੀਂ ਆਉਂਦੀ। ਮੈਂ ਸੁਫ਼ਨਿਆਂ ’ਚ ਮੇਰੇ ਦੋਸਤ ਦੇਖਦਾਂ ਹਾਂ ਜੋ ਆਪਣੇ ਬਚਾਅ ਲਈ ਮੇਰੇ ਅੱਗੇ ਤਰਲੇ ਕਰ ਰਹੇ ਹਨ। ਇਸ ਲਈ ਹੁਣ ਤੋਂ ਮੈਂ ਘਰ ਹੀ ਰਹਾਂਗਾ।’’
ਦੁੱਖ-ਤਕਲੀਫ਼ ਦੀ ਇਹ ਸਿਰਫ਼ ਇੱਕ ਕਹਾਣੀ ਹੈ ਜਦੋਂਕਿ ਹੋਰ ਕਈ ਅਜੇ ਖੁੱਲ੍ਹਣੀਆਂ ਬਾਕੀ ਹਨ ਪਰ ਇਹ ਸਾਨੂੰ ਚੇਤੇ ਕਰਵਾਏਗੀ ਕਿ ਜੰਗ ਖ਼ੂਨ-ਖਰਾਬੇ ਅਤੇ ਮਿੱਥ ਕੇ ਕੀਤੀ ਜਾਣ ਵਾਲੀ ਤਬਾਹੀ ਦਾ ਹੀ ਇੱਕ ਰੂਪ ਹੈ। ਹੈਰਾਨੀ ਦੀ ਗੱਲ ਹੈ ਕਿ ਵਰਤਮਾਨ ਸਮਿਆਂ ’ਚ ਅਸੀਂ ਕਦੇ ਨਿਊਰਮਬਰਗ ਵਰਗੀ ਕਾਨੂੰਨੀ ਸੁਣਵਾਈ ਬਾਰੇ ਨਹੀਂ ਸੁਣਿਆ। ਜਦੋਂ ਕਿਤੇ ਜੰਗੀ ਅਪਰਾਧੀਆਂ ਦੀ ਆਲੋਚਨਾ ਹੁੰਦੀ ਹੈ, ਉਦੋਂ ਵੀ ਜੰਗ ਨੂੰ ਨਕਾਰਨ ਦੀ ਕੋਈ ਕੋਸ਼ਿਸ਼ ਸਾਹਮਣੇ ਨਹੀਂ ਆਉਂਦੀ। ਹਥਿਆਰਬੰਦ ਟਕਰਾਅ ਸਾਡੀ ‘ਸੱਭਿਅਤਾ’ ਵਿੱਚ ਇੱਕੋ-ਇੱਕ ਹੱਲ ਬਣਦਾ ਜਾਪ ਰਿਹਾ ਹੈ ਜਿੱਥੇ ਜੰਗ ਦੇ ਮਾਰੂ ਸਿੱਟੇ ਹੰਢਾਉਣ ਵਾਲਿਆਂ ਦੇ ਕਸ਼ਟਾਂ ਦਾ ਕਿਸੇ ਨੂੰ ਕੋਈ ਚਿੱਤ-ਚੇਤਾ ਵੀ ਨਹੀਂ ਹੈ।
ਮੈਂ ਅਕਸਰ ਸੋਚਦਾ ਹਾਂ ਕਿ ਕੀ ਸਾਨੂੰ ਜੰਗ ਵਿੱਚ ਜਿੱਤ ਦੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ ਤੇ ਇਸ ’ਚ ਸ਼ਾਮਿਲ ਫ਼ੌਜੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ? ਮਨੁੱਖਤਾ ਦੇ ਭਵਿੱਖ ਨੂੰ ਤਰਜੀਹ ਕਿਉਂ ਨਹੀਂ ਦਿੱਤੀ ਜਾਂਦੀ ਤੇ ਸੈਨਿਕਾਂ ਨੂੰ ਹੱਤਿਆਵਾਂ ਤੇ ਦਹਿਸ਼ਤ ਪੈਦਾ ਕਰਨ ਲਈ ਭੇਜਣਾ ਬੰਦ ਕਿਉਂ ਨਹੀਂ ਕੀਤਾ ਜਾਂਦਾ? ਉਸ ਤ੍ਰਾਸਦੀ ਬਾਰੇ ਸੋਚਣਾ ਸ਼ੁਰੂ ਕਿਉਂ ਨਹੀਂ ਕੀਤਾ ਜਾਂਦਾ ਜਿਸ ਵਿੱਚੋਂ ਲੋਕ ਲੰਘ ਰਹੇ ਹਨ ਤੇ ਵਹਿਸ਼ਤ ਦੀ ਕਠੋਰਤਾ, ਬੇਰਹਿਮ ਵਿਹਾਰ ਅਤੇ ਸੱਚ ’ਤੇ ਲਾਏ ਪਹਿਰੇ ਨੂੰ ਇਤਿਹਾਸ ਵਿੱਚ ਦਰਜ ਕਿਉਂ ਨਹੀਂ ਕੀਤਾ ਜਾਂਦਾ?
ਆਪਣੇ ਜੰਗੀ ਅਪਰਾਧਾਂ ਨੂੰ ਬਹੁਤ ਘੱਟ ਹੀ ਕੋਈ ਮੰਨਦਾ ਹੈ। ਹਥਿਆਰਾਂ ਉੱਤੇ ਕਰੋੜਾਂ ਖ਼ਰਚਣ ਦੀ ਬਜਾਏ ਮੁਲਕ ਉਨ੍ਹਾਂ ਇਕਾਈਆਂ ਦੀ ਮਦਦ ਕਿਉਂ ਨਹੀਂ ਕਰਦੇ ਜੋ ਜੰਗ ’ਚੋਂ ਬਚਣ ਵਾਲਿਆਂ ਅਤੇ ਸ਼ਰਨਾਰਥੀਆਂ ਨੂੰ ਸਮਰਪਿਤ ਹਨ। ਅਜੋਕੇ ਸੰਸਾਰ ’ਚ ਜੰਗ ਦੀ ਅਸਲ ਕੀਮਤ ਇਹ ਮੰਨਣ ਵਾਲਿਆਂ ਨੂੰ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਕਿ ਸਾਡੀ ਸੱਭਿਅਤਾ ਸਾਂਝੀਆਂ ਭਾਵਨਾਵਾਂ ਤੇ ਹਮਦਰਦੀ ’ਤੇ ਉਸਰੀ ਹੋਈ ਹੈ ਅਤੇ ਮੁਲਕਾਂ ਨੂੰ ਸਮਝਣਾ ਪਏਗਾ ਕਿ ਸੱਚਾਈ ਦਾ ਅਰਥ ਹੈ ਕਿ ਸੰਸਾਰ ਵਿੱਚ ਉਹ ਆਪਣੀ ਭੂਮਿਕਾ ਕਿਵੇਂ ਨਿਭਾਉਂਦੇ ਤੇ ਮਿਸਾਲ ਕਿਸ ਤਰ੍ਹਾਂ ਬਣਦੇ ਹਨ। ਤੁਸੀਂ ਤਾਕਤ ਦਾ ਇਸਤੇਮਾਲ ਆਪਣੇ ਦੋਸਤਾਂ ਨੂੰ ਕਤਲੇਆਮ, ਤਬਾਹੀ ਤੇ ਕਬਜ਼ੇ ਦੀ ਖੁੱਲ੍ਹ ਦੇਣ ਲਈ ਨਹੀਂ ਕਰ ਸਕਦੇ ਅਤੇ ਬਾਅਦ ਵਿੱਚ ਬਿਨਾਂ ਕਿਸੇ ਖ਼ਦਸ਼ੇ ਤੋਂ ਸੰਸਾਰ ਨੂੰ ਇਹ ਨਹੀਂ ਕਹਿ ਸਕਦੇ ਕਿ ਲੋਕਤੰਤਰ ਦੀ ਜਿੱਤ ਹੋਈ ਹੈ। ਖ਼ੁਦ ਦੀ ਪਿੱਠ ਥਾਪੜਨ ਦਾ ਇਹ ਰਵੱਈਆ ਪਿਛਲੇ ਤਕਰੀਬਨ ਸੌ ਸਾਲਾਂ ਦੀ ਅਮਰੀਕੀ ਵਿਦੇਸ਼ ਨੀਤੀ ਦਾ ਨਤੀਜਾ ਹੈ।
* ਪ੍ਰੋਫੈਸਰ ਤੇ ਫੈਲੋ, ਅੰਗਰੇਜ਼ੀ ਤੇ ਸੱਭਿਆਚਾਰਕ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ।