ਕ੍ਰਿਕਟ ਕੋਚ ਨੇ ਲੜਕੇ ਨਾਲ ਜਾਤ ਦੇ ਆਧਾਰ ’ਤੇ ਕੀਤਾ ਵਿਤਕਰਾ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਸਤੰਬਰ
ਜ਼ਿਲ੍ਹੇ ਲਈ ਅੰਡਰ-14 ਤੇ ਅੰਡਰ-16 ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਲੜਕੇ ਨਾਲ ਉਸ ਦੇ ਕੋਚ ਵੱਲੋਂ ਕਥਿਤ ਤੌਰ ’ਤੇ ਦੁਰਵਿਵਹਾਰ ਕੀਤਾ ਗਿਆ ਅਤੇ ਚਾਰ ਜ਼ਿਲ੍ਹਿਆਂ ਵਿੱਚ ਲਿਜਾਣ ਦੇ ਬਾਵਜੂਦ ਉਸ ਨੂੰ ਖੇਡਣ ਦਾ ਮੌਕਾ ਨਹੀਂ ਦਿੱਤਾ ਗਿਆ। ਕੋਚ ਨੇ ਉਸ ਦੀ ਡਿਊਟੀ ਪਾਣੀ ਪਿਲਾਉਣ, ਲੱਤਾਂ ਦਬਾਉਣ ਅਤੇ ਸਾਮਾਨ ਇਕੱਠਾ ਕਰਨ ਲਈ ਲਾਈ। ਜਦੋਂ ਉਸ ਨੇ ਕੋਚ ਨੂੰ ਅਜਿਹਾ ਨਾ ਕਰਨ ਅਤੇ ਖੇਡਣ ਦਾ ਮੌਕਾ ਦੇਣ ਲਈ ਕਿਹਾ ਤਾਂ ਕੋਚ ਨੇ ਉਸ ਨੂੰ ਜਾਤੀਸੂਚਕ ਸ਼ਬਦ ਬੋਲ ਕੇ ਗਾਲ੍ਹਾਂ ਕੱਢੀਆਂ ਅਤੇ ਰੋਪੜ ਦੇ ਮੈਦਾਨ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਜਾਂਚ ਤੋਂ ਬਾਅਦ ਸਲੇਮ ਟਾਬਰੀ ਦੀ ਪੁਲੀਸ ਨੇ ਵਾਲਮੀਕ ਘਾਟੀ ਦੇ ਰਹਿਣ ਵਾਲੇ ਸੋਹਨ ਬੱਗਨ ਦੀ ਸ਼ਿਕਾਇਤ ’ਤੇ ਕੋਚ ਖ਼ਿਲਾਫ਼ ਐੱਸਸੀਐੱਸਟੀ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਮਾਮਲੇ ਦੀ ਅਗਲੇਰੀ ਜਾਂਚ ਕੁਰਾਲੀ ਪੁਲੀਸ ਨੂੰ ਭੇਜ ਦਿੱਤੀ ਹੈ।
ਸੋਹਨ ਦੇ ਪਿਤਾ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜ਼ਿਲ੍ਹੇ ਲਈ ਅੰਡਰ 14 ਅਤੇ 16 ਵਿੱਚ ਖੇਡ ਚੁੱਕਾ ਹੈ। ਜਦੋਂ ਕੋਚ ਨੂੰ ਉਸ ਦੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣ ਬਾਰੇ ਪਤਾ ਲੱਗਾ ਤਾਂ ਉਸ ਨੇ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਉਸ ਦਾ ਬੇਟਾ ਅੰਡਰ-19 ਵਿੱਚ ਚੁਣਿਆ ਗਿਆ ਪਰ ਉਸ ਨੂੰ ਖਿਡਾਇਆ ਹੀ ਨਹੀਂ ਗਿਆ। ਬੱਲੇਬਾਜ਼ੀ ਵਿੱਚ ਜਾਣ-ਬੁੱਝ ਕੇ ਉਸ ਨੂੰ ਸੱਤਵੇਂ, ਅੱਠਵੇਂ ਅਤੇ ਨੌਵੇਂ ਸਥਾਨ ’ਤੇ ਭੇਜਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਉਸ ਦਾ ਬੇਟਾ ਗੇਂਦਬਾਜ਼ੀ ਲਈ ਵੀ ਚੁਣਿਆ ਗਿਆ। ਉਸ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੈਚ ਖਿਡਾਏ ਗਏ, ਪਰ ਨਾ ਤਾਂ ਉਸ ਨੂੰ ਬੱਲੇਬਾਜ਼ੀ ਦਿੱਤੀ ਗਈ ਅਤੇ ਨਾ ਹੀ ਗੇਂਦਬਾਜ਼ੀ।
ਸੁਨੀਲ ਨੇ ਦੋਸ਼ ਲਾਇਆ ਕਿ ਮੁਲਜ਼ਮ ਨੇ ਉਸ ਦੇ ਲੜਕੇ ਨੂੰ ਸਾਮਾਨ ਚੁੱਕਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਆਪਣੀਆਂ ਤੇ ਆਪਣੇ ਪੁੱਤਰ ਦੀਆਂ ਲੱਤਾਂ ਵੀ ਦਬਾਈਆਂ। ਇਸ ਦੇ ਨਾਲ ਨਾਲ ਬੇਟੇ ਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਅਪਮਾਨ ਵੀ ਕੀਤਾ।