ਮਹਿਲਾ ਨੂੰ ਸ਼ਮਸ਼ਾਨਘਾਟ ਨਸੀਬ ਨਾ ਹੋਇਆ, ਰਾਹ ’ਚ ਕੀਤਾ ਸਸਕਾਰ
ਜਗਜੀਤ ਸਿੰਘ
ਮੁਕੇਰੀਆਂ, 21 ਸਤੰਬਰ
ਗ਼ੈਰਕਾਨੂੰਨੀ ਮਾਈਨਿੰਗ ਕਾਰਨ ਪੁੱਟੇ ਖੱਡਿਆਂ ਕਾਰਨ ਪਿੰਡ ਮੰਗੂ ਮੈਰਾ-ਬਸੰਤਪੁਰ ਦੇ ਮ੍ਰਿਤਕਾਂ ਨੂੰ ਸਸਕਾਰ ਮੌਕੇ ਵੀ ਸ਼ਮਸ਼ਾਨਘਾਟ ਨਸੀਬ ਨਹੀਂ ਹੋ ਰਿਹਾ। ਇਲਾਕੇ ’ਚ ਲੱਗੇ ਕਰੱਸ਼ਰਾਂ ਵੱਲੋਂ ਪਿਛਲੇ ਕਰੀਬ 13-14 ਸਾਲ ਤੋਂ ਪੰਚਾਇਤੀ ਅਤੇ ਮਾਲਕੀ ਵਾਲੀਆਂ ਜ਼ਮੀਨਾਂ ’ਤੇ ਕੀਤੀ ਜਾ ਰਹੀ ਗੈਰਕਾਨੂੰਨੀ ਮਾਈਨਿੰਗ ਨੇ ਪਿੰਡ ਦੇ ਸ਼ਮਸ਼ਾਨਘਾਟ ਨੂੰ ਜਾਂਦੇ ਦੋਵੇ ਰਸਤੇ ਖੱਡਿਆਂ ਵਿੱਚ ਤਬਦੀਲ ਕਰ ਦਿੱਤੇ ਹਨ। ਹਾਲ ਹੀ ਵਿੱਚ ਮਰੀ ਬਜ਼ੁਰਗ ਮਾਤਾ ਬਿਸ਼ਨੀ ਦੇਵੀ ਦਾ ਸਸਕਾਰ ਸ਼ਮਸ਼ਾਨਘਾਟ ਤੱਕ ਪਹੁੰਚ ਨਾ ਹੋਣ ਕਾਰਨ ਰਸਤੇ ਵਿੱਚ ਹੀ ਕਰਨਾ ਪਿਆ ਹੈ। ਪਿੰਡ ਦੇ ਸਰਪੰਚ ਧਰਮ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਲੱਖਾਂ ਰੁਪਏ ਖਰਚ ਕੇ ਪਿੰਡ ਮੰਗੂ ਮੈਰਾ-ਬਸੰਤਪੁਰ ਦੇ ਮ੍ਰਿਤਕਾਂ ਦੇ ਸਸਕਾਰ ਲਈ ਸਮਸ਼ਾਨਘਾਟ ਬਣਾਇਆ ਗਿਆ ਸੀ, ਜਿਹੜਾ ਪਿਛਲੇ ਕਰੀਬ 13-14 ਸਾਲ ਤੋਂ ਇਲਾਕੇ ਅੰਦਰ ਹੋ ਰਹੀ ਗੈਰਕਨੂੰਨੀ ਮਾਈਨਿੰਗ ਕਾਰਨ ਮ੍ਰਿਤਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ। ਉਹ ਹਰ ਪੱਧਰ ਤੱਕ ਆਪਣੀ ਆਵਾਜ਼ ਪੁਜਾ ਚੁੱਕੇ ਹਨ, ਪਰ ਮਸਲਾ ਹੱਲ ਨਹੀਂ ਹੋ ਰਿਹਾ। ਪਿੰਡ ਦੀ ਆਬਾਦੀ ਕਰੀਬ 2000 ਹੈ ਅਤੇ ਅਕਸਰ ਹੀ ਇਹ ਹਾਲਾਤ ਬਣਦੇ ਹਨ। ਬੀਤੇ ਦਿਨ ਕਰੀਬ ਇੱਕ ਕਿਲੋਮੀਟਰ ਪਿੱਛੇ ਹੀ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ ਵਿੱਚ ਪਿੰਡ ਮੰਗੂ ਮੈਰਾ ਤੇ ਪਲਾਹੜ ਦੀ ਹੱਦ ਉੱਤੇ ਮਾਤਾ ਦਾ ਸਸਕਾਰ ਕਰਨਾ ਪਿਆ ਹੈ। ਦੋਵੇਂ ਰਸਤੇ ਕਰੱਸ਼ਰਾਂ ਵੱਲੋਂ ਕੀਤੀ ਕਰੀਬ 30-40 ਫੁੱਟ ਡੂੰਘੀ ਮਾਈਨਿੰਗ ਕਾਰਨ ਖੱਡਿਆਂ ਵਿੱਚ ਤਬਦੀਲ ਹੋ ਚੁੱਕੇ ਹਨ।
‘ਖਣਨ ਰੋਕੋ-ਜ਼ਮੀਨ ਬਚਾਓ’ ਸੰਘਰਸ਼ ਕਮੇਟੀ ਦੇ ਆਗੂ ਧਰਮਿੰਦਰ ਸਿੰਘ ਤੇ ਮਨੋਜ ਕੁਮਾਰ ਨੇ ਕਿਹਾ ਕਿ ਕਰੱਸ਼ਰ ਮਾਫੀਏ ਨੇ ਕੰਢੀ ਖੇਤਰ ਦੀ ਤਬਾਹੀ ਦਾ ਕੰਮ ਵਿੱਢਿਆ ਹੋਇਆ ਹੈ। ਪੰਚਾਇਤੀ ਸ਼ਾਮਲਾਤਾਂ ਤੇ ਮਾਲਕੀ ਵਾਲੀਆਂ ਜ਼ਮੀਨਾ ਬਿਨਾਂ ਕਿਸੇ ਰੋਕ ਟੋਕ ਤੋਂ ਪੁੱਟੀਆਂ ਜਾ ਰਹੀਆਂ ਹਨ। ਵਿਰੋਧ ਕਰਨ ਵਾਲੇ ਆਗੂਆਂ ’ਤੇ ਝੂਠੇ ਕੇਸ ਦਰਜ ਕਰ ਕੇ ਦਬਾਇਆ ਜਾ ਰਿਹਾ ਹੈ। ਮ੍ਰਿਤਕ ਕੋਲੋਂ ਉਸ ਦਾ ਸਸਕਾਰ ਸ਼ਮਸ਼ਾਨਘਾਟ ਵਿੱਚ ਹੋਣ ਦਾ ਮੁੱਢਲਾ ਹੱਕ ਵੀ ਖੋਹਣਾ ਕਰੱਸ਼ਰ ਮਾਫੀਆ ਦੀ ਧੱਕੇਸ਼ਾਹੀ ਦੀ ਮਿਸਾਲ ਹੈ।
ਢੁਕਵੀਂ ਕਾਰਵਾਈ ਕੀਤੀ ਜਾਵੇਗੀ: ਬੀਡੀਪੀਓ
ਬੀਡੀਪੀਓ ਹੀਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਹਾਲ ਹੀ ਵਿੱਚ ਜੁਆਇਨ ਕੀਤਾ ਹੈ ਅਤੇ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਮ੍ਰਿਤਕ ਦਾ ਸਸਕਾਰ ਸ਼ਮਸ਼ਾਨਘਾਟ ਤੋਂ ਬਾਹਰ ਹੋਣਾ ਮੰਦਭਾਗਾ ਹੈ। ਉਹ ਪਿੰਡ ਵਾਸੀਆਂ ਨਾਲ ਸੰਪਰਕ ਕਰਕੇ ਯੋਗ ਕਾਰਵਾਈ ਕਰਨਗੇ।