ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ੁਭਕਰਨ ਦਾ ਚੌਥੇ ਦਿਨ ਵੀ ਨਾ ਹੋ ਸਕਿਆ ਸਸਕਾਰ

07:17 AM Feb 25, 2024 IST
ਖਨੌਰੀ ਬਾਰਡਰ ’ਤੇ ਕਿਸਾਨਾਂ ਵਲੋਂ ਕੱਢੇ ਮੋਮਬੱਤੀ ਮਾਰਚ ’ਚ ਸ਼ਾਮਲ ਸ਼ੁਭਕਰਨ ਦੀਆਂ ਭੈਣਾਂ ਸ਼ਿੰਦਰਪਾਲ ਕੌਰ ਤੇ ਗੁਰਪ੍ਰੀਤ ਕੌਰ।

ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 24 ਫਰਵਰੀ
ਕਿਸਾਨ ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ’ਚ ਕੇਸ ਦਰਜ ਨਾ ਕੀਤੇ ਜਾਣ ਕਾਰਨ ਅੱਜ ਚੌਥੇ ਦਿਨ ਵੀ ਲਾਸ਼ ਦਾ ਪੋਸਟਮਾਰਟਮ ਤੇ ਸਸਕਾਰ ਨਹੀਂ ਕੀਤਾ ਜਾ ਸਕਿਆ। ਦੂਜੇ ਪਾਸੇ ਅੱਜ ਹਰਿਆਣਾ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਸ਼ੁਭਕਰਨ ਦੀ ਮੌਤ ਦੀ ਘਟਨਾ ਹਰਿਆਣਾ ’ਚ ਵਾਪਰੀ ਹੈ ਜਿਸ ਕਰਕੇ ਇਸ ਸਬੰਧੀ ਕੋਈ ਵੀ ਕਾਰਵਾਈ ਹਰਿਆਣਾ ਪੁਲੀਸ ਵੱੱਲੋਂ ਹੀ ਕੀਤੀ ਜਾਣੀ ਬਣਦੀ ਹੈ। ਇਸੇ ਦੌਰਾਨ ਸ਼ੰਭੂ ਅਤੇ ਢਾਬੀਗੁੱਜਰਾਂ ਵਿਚਲੇ ਮੋਰਚਿਆਂ ’ਤੇ ਹਜ਼ਾਰਾਂ ਕਿਸਾਨਾਂ ਨੇ ਮੋਮਬੱਤੀ ਮਾਰਚ ਕਰਕੇ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਪੱਤਰਕਾਰ ਨਾਲ ਹੋਈ ਗੱਲਬਾਤ ਦੌਰਾਨ ਹਰਿਆਣਾ ਪੁਲੀਸ ਦੇ ਅਧਿਕਾਰੀਆਂ ਨੇ ਕਿਹਾ ਕਿ ਕਿਸਾਨ ਦੀ ਮੌਤ ਕਿਵੇਂ ਹੋਈ, ਇਹ ਜਾਂਚ ਦਾ ਵਿਸ਼ਾ ਹੈ, ਪਰ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਉਸ ਦੀ ਮੌਤ ਵਾਲਾ ਸਥਾਨ ਹਰਿਆਣਾ ਦੇ ਜ਼ਿਲ੍ਹਾ ਜੀਂਦ ਅਧੀਨ ਪੈਂਦੇ ਥਾਣਾ ਗੜ੍ਹੀ ਅਧੀਨ ਆਉਂਦਾ ਹੈ ਜਿਸ ਕਰਕੇ ਲਾਸ਼ ਦਾ ਪੋਸਟਮਾਰਟਮ ਤੇ ਇਸ ਸਬੰਧੀ ਕਾਰਵਾਈ ਹਰਿਆਣਾ ਪੁਲੀਸ ਹੀ ਕਰੇਗੀ। ਹਰਿਆਣਾ ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚੋਂ ਸ਼ੁਭਕਰਨ ਦਾ ਪੋਸਟਮਾਰਟਮ ਕਰਵਾਉਣ ਸਬੰਧੀ ਸੂਚਨਾ ਹਰਿਆਣਾ ਦੇ ਗੜ੍ਹੀ ਥਾਣੇ ਦੀ ਪੁਲੀਸ ਨੂੰ ਭੇਜੀ ਗਈ ਸੀ ਜਿਸ ਤਹਿਤ ਉਨ੍ਹਾਂ ਦੇ ਮੁਲਾਜ਼ਮ ਦੋ-ਤਿੰਨ ਵਾਰ ਇੱਥੇ ਹਸਪਤਾਲ ਆ ਵੀ ਚੁੱਕੇ ਹਨ ਪਰ ਕਿਸਾਨਾਂ ਦੇ ਰੋਹ ਤੋਂ ਡਰਦਿਆਂ ਉਹ ਲੁਕ ਕੇ ਹੀ ਰਹਿੰਦੇ ਹਨ।
ਇਸੇ ਕਰਕੇ ਹੀ ਸ਼ੁਭਕਰਨ ਦੀ ਲਾਸ਼ ਦਾ ਪੋਸਟਮਾਰਟਮ ਅੱਜ ਚੌਥੇ ਦਿਨ ਵੀ ਨਾ ਹੋ ਸਕਿਆ। ਸ਼ੁਭਕਰਨ ਦੇ ਪਰਿਵਾਰਕ ਮੈਂਬਰ ਅਤੇ ਕਿਸਾਨ ਨੇਤਾ ਉਸ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਤਲ ਦਾ ਕੇਸ ਦਰਜ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੇਸ ਦਰਜ ਹੋਏ ਬਿਨਾਂ ਉਹ ਨਾ ਹੀ ਸਸਕਾਰ ਕਰਨਗੇ ਤੇ ਨਾ ਹੀ ਪੋਸਟਮਾਰਟਮ ਕਰਨ ਦੇਣਗੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸ਼ੁਭਕਰਨ ਸਿੰਘ ਪੰਜਾਬ ਦੀ ਹੱਦ ਨਹੀਂ ਸੀ ਟੱਪਿਆ ਪਰ ਭੜਕੀ ਹੋਈ ਹਰਿਆਣਾ ਪੁਲੀਸ ਨੇ ਜਦੋਂ ਕਿਸਾਨਾਂ ’ਤੇ ਗੋਲੀਆਂ ਚਲਾਈਆਂ ਤਾਂ ਉਦੋਂ ਹੀ ਸ਼ੁਭਕਰਨ ਦੇ ਸਿਰ ’ਚ ਗੋਲੀ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਪਰ ਪੰਜਾਬ ਪੁਲੀਸ ਦੇ ਕੁਝ ਅਧਿਕਾਰੀ ਹਰਿਆਣਾ ਪੁਲੀਸ ਦੀਆਂ ਦਲੀਲਾਂ ਦੇ ਹਵਾਲੇ ਨਾਲ ਹੀ ਕੇਸ ਦਰਜ ਕਰਨ ਤੋਂ ਇਨਕਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਢਾਬੀਗੁੱਜਰਾਂ ’ਚ ਜਾਰੀ ਇਹ ਧਰਨਾ ਸਥਾਨ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਥਾਣੇ ’ਚ ਪੈਂਦਾ ਹੈ ਜਦਕਿ ਹੱਦ ਟੱਪਣ ਸਾਰ ਸ਼ੁਰੂ ਹੁੰਦਾ ਹਰਿਆਣਾ ਦਾ ਖੇਤਰ ਜ਼ਿਲ੍ਹਾ ਜੀਂਦ ਦੇ ਥਾਣਾ ਗੜ੍ਹੀ ਅਧੀਨ ਆ ਜਾਂਦਾ ਹੈ। ਉੱਧਰ ਪੁਲੀਸ ਨੇ ਕਿਸਾਨਾਂ ਦੇ ਰੋਹ ਤੋਂ ਡਰਦਿਆਂ ਸ਼ੁਭਕਰਨ ਦੀ ਲਾਸ਼ ਸੁਰੱਖਿਆ ਪ੍ਰਬੰਧਾਂ ਹੇਠ ਰਾਜਿੰਦਰਾ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤੀ ਹੈ।

Advertisement

ਪਟਿਆਲਾ ਵਿੱਚ ਸ਼ੁਭਕਰਨ ਦੀ ਯਾਦ ਵਿੱਚ ਮੋਮਬੱਤੀ ਮਾਰਚ ਕੱਢਦੇ ਹੋਏ ਕਿਸਾਨ। -ਫੋਟੋ: ਏਐੱਨਆੲ

ਇਸੇ ਦੌਰਾਨ ਅੱਜ ਪਟਿਆਲਾ ਜ਼ਿਲ੍ਹੇ ਵਿਚਲੇ ਦੋਵੇੇਂ ਬਾਰਡਰਾਂ ਸ਼ੰਭੂ ਅਤੇ ਢਾਬੀਗੁੱਜਰਾਂ ਵਿਚਲਿਆਂ ਮੋਰਚਿਆਂ ’ਤੇ ਹਜ਼ਾਰਾਂ ਕਿਸਾਨਾਂ ਨੇ ਮੋਸਬੱਤੀ ਮਾਰਚ ਕਰਕੇ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੋਮਬੱਤੀ ਮਾਰਚ ’ਚ ਵੱਡੀ ਗਿਣਤੀ ਔਰਤਾਂ ਤੇ ਬੱਚੇ ਵੀ ਸ਼ਾਮਲ ਹੋਏ। ਸ਼ੰਭੂ ’ਚ ਮੋਮਬੱਤੀ ਮਾਰਚ ਸ਼ੰਭੂ ਥਾਣੇ ਤੋਂ ਲੈ ਕੇ ਹਰਿਆਣਾ ਦੀ ਹੱਦ ’ਤੇ ਸਥਿਤ ਘੱਗਰ ਦਰਿਆ ਦੇ ਪੁਲ ਤੱਕ ਕੱਢਿਆ ਗਿਆ ਜਿਸ ਦੀ ਅਗਵਾਈ ਸੁਰਜੀਤ ਸਿੰਘ ਫੂਲ, ਜਸਵਿੰਦਰ ਲੌਂਗੋਵਾਲ, ਮਨਜੀਤ ਘੁਮਾਣਾ, ਅਸ਼ੋਕ ਬੁਲਾਰਾ, ਮਨਜੀਤ ਨਿਆਲ਼ ਤੇ ਗੁਰਨਾਮ ਔਲਖ ਆਦਿ ਨੇ ਕੀਤੀ। ਦੂਜੇ ਬੰਨ੍ਹੇ ਢਾਬੀਗੁੱਜਰਾਂ ਬੈਰੀਅਰ ’ਤੇ ਕੀਤੇ ਗਏ ਕੈਂਡਲ ਮਾਰਚ ਦੀ ਅਗਵਾਈ ਕਰਨ ਵਾਲਿਆਂ ’ਚ ਕਾਕਾ ਸਿੰਘ ਕੋਟੜਾ, ਸੁਖਜਿੰਦਰ ਖੋਸਾ ਤੇ ਰਘਵੀਰ ਸਿੰਘ, ਰਣ ਸਿੰਘ ਚੱਠਾ ਤੇ ਹੋਰ ਵੀ ਸ਼ਾਮਲ ਰਹੇ। ਮੋਰਚਿਆਂ ’ਤੇ ਕਿਸਾਨਾਂ ਨੇ ਸ਼ੁਭਕਰਨ ਸਿੰਘ ਤੋਂ ਇਲਾਵਾ ਅੱਜ ਰਾਜਪੁਰਾ ਕੋਲ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਕਿਸਾਨ ਗੁਰਜੰਟ ਸਿੰਘ ਸਮੇਤ ਕਿਸਾਨ ਮੋਰਚਿਆਂ ’ਤੇ ਫੌਤ ਹੋਏ ਗਿਆਨ ਸਿੰਘ, ਮਨਜੀਤ ਸਿੰਘ ਕਾਂਗਥਲ, ਨਰਿੰਦਰਪਲ ਬਠੋਈ ਅਤੇ ਦਰਸ਼ਨ ਸਿੰਘ ਅਮਰਗੜ੍ਹ ਨੂੰ ਵੀ ਸ਼ਹੀਦ ਦਾ ਦਰਜਾ ਦਿੰਦਿਆਂ ਸ਼ਰਧਾਂਜਲੀ ਭੇਟ ਕੀਤੀ।
ਕਿਸਾਨ ਯੂਨੀਅਨ (ਆਜ਼ਾਦ) ਦੇ ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਕਿਹਾ ਕਿ ਸੋਗ ਹਫਤੇ ਦੇ ਦੂਜੇ ਦਿਨ 25 ਫਰਵਰੀ ਨੂੰ ਸ਼ੰਭੂ ਅਤੇ ਢਾਬੀਗੁੱਜਰਾਂ ’ਚ ਉੱਘੇ ਵਿਦਵਾਨ ਤਕਰੀਰਾਂ ਕਰਨਗੇ।

ਸਿੰਘੂ ਤੇ ਟਿਕਰੀ ’ਚ ਇਕ ਪਾਸੇ ਦੀ ਸੜਕ ਖੋਲ੍ਹੀ

ਨਵੀਂ ਦਿੱਲੀ: ਪੰਜਾਬ ਦੇ ਕਿਸਾਨਾਂ ਵੱਲੋਂ ਦਿੱਲੀ ਚੱਲੋ ਦੇ ਦਿੱਤੇ ਸੱਦੇ ਨੂੰ ਦੇਖਦਿਆਂ ਹੱਦਾਂ ਸੀਲ ਕਰਨ ਦੇ ਦੋ ਹਫ਼ਤਿਆਂ ਬਾਅਦ ਰਾਜਧਾਨੀ ’ਚ ਸਿੰਘੂ ਅਤੇ ਟਿਕਰੀ ’ਤੇ ਇਕ ਪਾਸੇ ਦੀ ਸੜਕ ਖੋਲ੍ਹਣ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ। ਦਿੱਲੀ ਪੁਲੀਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਸਿੰਘੂ ਅਤੇ ਟਿਕਰੀ ਹੱਦਾਂ ’ਤੇ ਇਕ-ਇਕ ਪਾਸੇ ਦੀ ਸੜਕ ਖੋਲ੍ਹੀ ਜਾ ਰਹੀ ਹੈ ਤਾਂ ਜੋ ਵਾਹਨਾਂ ਦੀ ਆਵਾਜਾਈ ’ਚ ਕੋਈ ਅੜਿੱਕਾ ਨਾ ਪਵੇ। -ਪੀਟੀਆਈ

Advertisement

ਕਿਸਾਨਾਂ ਦਾ ਜਥਾ ਰਾਜਿੰਦਰਾ ਹਸਪਤਾਲ ਅੱਗੇ ਡਟਿਆ

ਪਟਿਆਲਾ: ਅੱਜ ਦੇਰ ਸ਼ਾਮ ਸ਼ੰਭੂ ਬੈਰੀਅਰ ਤੋਂ ਪੁੱਜੇ ਕਿਸਾਨਾਂ ਦਾ ਇੱਕ ਜਥੇ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੁਰਦਾਘਰ ਦੇ ਉਸ ਗੇਟ ਅੱਗੇ ਡੇਰੇ ਲਾ ਲਏ ਹਨ ਜਿੱਥੇ ਚਾਰ ਦਿਨਾਂ ਤੋਂ ਸ਼ੁਭਕਰਨ ਦੀ ਲਾਸ਼ ਰੱਖੀ ਹੋਈ ਹੈ। ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਆਗੂਆਂ ਦੇ ਕਹਿਣ ’ਤੇ ਹੀ ਇੱਥੇ ਆਏ ਹਨ ਤਾਂ ਜੋ ਲਾਸ਼ ਦੀ ਰਾਖੀ ਕੀਤੀ ਜਾ ਸਕੇ। ਸਮਝਿਆ ਜਾ ਰਿਹਾ ਹੈ ਕਿ ਹਰਿਆਣਾ ਪੁਲੀਸ ਵੱਲੋਂ ਸ਼ੁਭਕਰਨ ਦੀ ਮੌਤ ਮਾਮਲੇ ’ਚ ਨਵਾਂ ਖੁਲਾਸਾ ਕੀਤੇ ਜਾਣ ਮਗਰੋਂ ਕਿਸਾਨਾਂ ਨੂੰ ਖਦਸ਼ਾ ਹੋ ਰਿਹਾ ਹੈ ਕਿ ਕਿਤੇ ਪੰਜਾਬ ਪੁਲੀਸ ਸ਼ੁਭਕਰਨ ਦੀ ਲਾਸ਼ ਹਰਿਆਣਾ ਪੁਲੀਸ ਨੂੰ ਨਾ ਸੌਂਪ ਦੇਵੇ ਜਾਂ ਫਿਰ ਲਾਸ਼ ਦਾ ਪੋਸਟਮਾਰਟਮ ਨਾ ਕਰ ਦਿੱਤਾ ਜਾਵੇ।

ਸ਼ੁਭਕਰਨ ਦੀਆਂ ਭੈਣਾਂ ਮੋਮਬੱਤੀ ਮਾਰਚ ’ਚ ਹੋਈਆਂ ਸ਼ਾਮਲ

ਸੰਗਰੂਰ/ਖਨੌਰੀ (ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ): ਮੋਮਬੱਤੀ ਮਾਰਚ ਵਿਚ ਸ਼ਹੀਦ ਸ਼ੁਭਕਰਨ ਸਿੰਘ ਦੀਆਂ ਭੈਣਾਂ ਸ਼ਿੰਦਰਪਾਲ ਕੌਰ ਅਤੇ ਗੁਰਪ੍ਰੀਤ ਸਿੰਘ ਆਪਣੇ ਚਾਚਾ-ਚਾਚੀ ਸਮੇਤ ਸ਼ਾਮਲ ਹੋਈਆਂ। ਇਸ ਮੌਕੇ ਸ਼ੁਭਕਰਨ ਸਿੰਘ ਦੀ ਵੱਡੀ ਭੈਣ ਸ਼ਿੰਦਰਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੈਸੇ ਜਾਂ ਨੌਕਰੀ ਨਹੀਂ ਸਗੋਂ ਇਨਸਾਫ਼ ਚਾਹੀਦਾ ਹੈ। ਉਨ੍ਹਾਂ ਦਾ ਭਰਾ ਕਿਸਾਨੀ ਹੱਕਾਂ ਲਈ ਸੰਘਰਸ਼ ਕਰਨ ਗਿਆ ਸੀ ਜੋ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ। ਮਾਂ ਬਾਰੇ ਪੁੱਛੇ ਸਵਾਲ ’ਤੇ ਸ਼ਿੰਦਰਪਾਲ ਕੌਰ ਨੇ ਕਿਹਾ ਕਿ 17 ਸਾਲ ਪਹਿਲਾਂ ਉਹ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਸੀ। ਉਨ੍ਹਾਂ ਦਾ ਕੋਈ ਪਾਲਣ ਪੋਸ਼ਣ ਉਸ ਨੇ ਨਹੀਂ ਕੀਤਾ। ਹੁਣ ਲਾਲਚ ਕਾਰਨ ਸਾਹਮਣੇ ਆ ਰਹੀ ਹੈ ਜਿਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਪਰਿਵਾਰ ਕਿਸਾਨ ਜਥੇਬੰਦੀਆਂ ਨਾਲ ਹੈ। ਸ਼ਾਮ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਅਤੇ ਅਭਿਮਨਿਊ ਕੋਹਾੜ ਨੇ ਕਿਹਾ ਕਿ 29 ਫਰਵਰੀ ਨੂੰ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।

Advertisement