ਵੇੜਾਂ ਵੱਟਣ ਵਾਲੇ...
ਜਗਵਿੰਦਰ ਜੋਧਾ
ਅੱਸੀਵਿਆਂ ਦੇ ਅੱਧ ਵਿੱਚ ਖੇਤੀ ਮਸ਼ੀਨਰੀ ਪੰਜਾਬ ਵਿੱਚ ਆਮ ਹੋ ਗਈ ਸੀ। ਹਰੇ ਇਨਕਲਾਬ ਨਾਲ ਹਾੜ੍ਹੀ ਦੀਆਂ ਫ਼ਸਲਾਂ ਦੀ ਗਹਾਈ ਤੇ ਕਢਾਈ ਲਈ ਮਸ਼ੀਨ ਵੀ ਆਮ ਹੋ ਗਈ ਸੀ। ਇਉਂ ਕਿਸਾਨੀ ਨੂੰ ਵਿਸਾਖ ਦੇ ਤਪਦੇ ਮਹੀਨੇ ਵਿੱਚ ਗਹਾਈ ਦੇ ਰਵਾਇਤੀ ਕੰਮ ਤੋਂ ਛੁਟਕਾਰਾ ਮਿਲ ਗਿਆ। ਮੈਂ ਆਪਣੀ ਸੁਰਤ ਵਿਚ ਗਾਹ ਪੈਂਦੇ ਨਹੀਂ ਦੇਖੇ ਪਰ ਆਪਣੇ ਬਾਬੇ ਦੀ ਪੀੜ੍ਹੀ ਤੋਂ ਸੁਣਿਆ ਜ਼ਰੂਰ ਹੈ ਕਿ ਇਹ ਕਿੰਨਾ ਹੱਡ ਵੀਟਵਾਂ ਕੰਮ ਸੀ। ਧੁੱਪ ਤੇ ਧੂੜ ਵਿਚ ਸਰੀਰ ਦਾ ਲਹੂ ਮੁੜ੍ਹਕਾ ਬਣ ਕੇ ਚੋ ਜਾਂਦਾ ਸੀ। ਸੱਤਰਵਿਆਂ ਵਿਚ ਜਦੋਂ ਥਰੈਸ਼ਰ ਆਏ ਤਾਂ ਉਸ ਵੇਲੇ ਪਰਵਾਨ ਚੜ੍ਹ ਰਹੀ ਪੀੜ੍ਹੀ ਨੂੰ ਸੱਚੀਂ ਰਾਹਤ ਮਿਲੀ ਸੀ।
ਮੇਰੇ ਬਚਪਨ ਤਕ ਆਉਂਦਿਆਂ ਥਰੈਸ਼ਰ ਦਾ ਰੂਪ ਸੁਧਰ ਕੇ ਗੰਡਾਸਿਆਂ ਵਾਲੀਆਂ ਮਸ਼ੀਨਾਂ ਆ ਗਈਆਂ ਸਨ। ਰਵਾਇਤੀ ਥਰੈਸ਼ਰ ਮਸ਼ੀਨਾਂ ਟਰੈਕਟਰ ਜਾਂ ਇੰਜਣ ’ਤੇ ਪਟੇ ਨਾਲ ਚੱਲਦੀਆਂ ਸਨ ਪਰ ਹਡੰਬੇ ਸਿੱਧੇ ਧੁਰੀ ਨਾਲ ਚਲਦੇ ਤੇ ਗਹਾਈ ਦਾ ਕੰਮ ਬੜੀ ਤੇਜ਼ੀ ਨਾਲ ਕਰਦੇ। ਮਾਲਵੇ ਤੋਂ ਆਉਂਦੇ ਹਡੰਬੇ ਇੱਕੋ ਰਾਤ ਵਿਚ ਪੰਜ ਕੁ ਕਿੱਲਿਆਂ ਦੀ ਕਣਕ ਕੱਢ ਕੇ ਤੂੜੀ ਦੀ ਧੜ੍ਹ ਲਾ ਕੇ ਅਹੁ ਜਾਂਦੇ। ਇਸ ਨਾਲ ਮੇਰੀ ਪੀੜ੍ਹੀ ਨੂੰ ਹਾੜ੍ਹੀ ਚੁੱਕਣ ਦਾ ਕੰਮ ਆਪਣੇ ਬਜ਼ੁਰਗਾਂ ਦੇ ਮੁਕਾਬਲੇ ਸੁਖਾਲੇ ਰੂਪ ਵਿੱਚ ਹੀ ਮਿਲਿਆ।
ਕਣਕ ਦੀ ਵਾਢੀ ਦੀ ਤਿਆਰੀ ਵਿਸਾਖੀ ਤੋਂ ਹਫਤਾ ਦਸ ਦਿਨ ਪਹਿਲਾਂ ਹੀ ਹੋਣ ਲਗਦੀ। ਇਸ ਦਾ ਮੁਢਲਾ ਕੰਮ ਵੇੜਾਂ ਵੱਟਣ ਦਾ ਹੁੰਦਾ ਸੀ। ਵੇੜ ਜਾਂ ਬੇੜ ਤੋਂ ਕਣਕ ਦੀਆਂ ਭਰੀਆਂ ਬੰਨ੍ਹਣ ਤੋਂ ਲੈ ਕੇ ਕੁੱਪ ਜਾਂ ਮੂਸਲ ਬੰਨ੍ਹਣ ਤਕ ਆਰਜ਼ੀ ਰੱਸੀ ਦਾ ਕੰਮ ਲਿਆ ਜਾਂਦਾ ਸੀ। ਇਹ ਸ਼ਬਦ ਵੀ ਗੇੜ ਤੋਂ ਹੀ ਵਿਗੜ ਕੇ ਬਣਿਆ ਹੈ। ਮਹਾਨ ਕੋਸ਼ ਵਿੱਚ ਬੇੜ ਜਾਂ ਵੇੜ ਨੂੰ ਬੰਨ੍ਹਣ ਦੇ ਅਰਥਾਂ ਵਿਚ ਦਰਸਾਇਆ ਹੈ। ਵੇੜ ਦੀ ਸਮੱਗਰੀ ਵੀ ਕਿਸਾਨ ਦੀ ਮਾਲੀ ਹੈਸੀਅਤ ਅਨੁਸਾਰ ਹੁੰਦੀ ਸੀ। ਛੋਟੇ ਕਿਸਾਨ ਇਸ ਲਈ ਜੀਰੀ ਜਾਂ ਬਾਸਮਤੀ ਦੀ ਪਰਾਲੀ ਝਾੜ ਕੇ ਸਿਉਂਕ ਤੋਂ ਬਚਾਉਣ ਲਈ ਸਾਰਾ ਸਿਆਲ ਰੁੱਖਾਂ ਵਿਚ ਉੱਚੇ ਥਾਂ ਫਸਾ ਰੱਖਦੇ ਸਨ। ਤਕੜੇ ਕਿਸਾਨ ਮੁੰਜ ਵਗੜ ਦੀਆਂ ਵੇੜਾਂ ਵੱਟਦੇ। ਇਸ ਲਈ ਉਹ ਸ਼ਹਿਰ ਤੋਂ ਵਗੜ ਲਿਆਉਂਦੇ। ਵਗੜ ਪਹਾੜੀ ਇਲਾਕਿਆਂ ਤੋਂ ਆਉਂਦੀ ਮੋਟੀ ਕਾਈ ਸੀ। ਬਰੀਕ ਵਗੜ ਨਾਲ ਵਾਣ ਵੱਟਿਆ ਜਾਂਦਾ ਸੀ ਤੇ ਮੋਟੀ ਨਾਲ ਵੇੜਾਂ। ਲੋਕ ਪਹਾੜਾਂ ਵਿਚ ਤੀਰਥਾਂ ਲਈ ਜਾਂਦੇ ਤਾਂ ਵੇੜਾਂ ਵੱਟਣ ਲਈ ਵਗੜ ਵੀ ਲੈ ਆਉਂਦੇ। ਸ਼ਾਇਦ ਇਸ ਤੋਂ ਹੀ ਪੰਜਾਬੀ ਕਹਾਵਤ ਬਣੀ ਹੋਵੇ:
ਨਾਲੇ ਦੇਵੀ ਦੇ ਦਰਸ਼ਨ,
ਨਾਲੇ ਮੁੰਜ ਵਗੜ।
ਕੁਝ ਇਲਾਕਿਆਂ ਵਿਚ ਦਿੱਬ/ਡਿੱਬ ਨਾਲ ਵੇੜਾਂ ਵੱਟੀਆਂ ਜਾਂਦੀਆਂ। ਪਰਾਲੀ, ਵਗੜ ਜਾਂ ਦਿੱਬ ਨੂੰ ਵੇੜਾਂ ਵੱਟਣ ਤੋਂ ਪਹਿਲਾਂ ਪਾਣੀ ਦੇ ਚੁਬੱਚੇ ਵਿਚ ਭਿਉਂ ਦਿੰਦੇ ਸਨ। ਇਸ ਨਾਲ ਉਹ ਨਰਮ ਹੋ ਜਾਂਦੀ। ਫਿਰ ਦੋ ਬੰਦੇ ਵੇੜ ਵੱਟਣ ਦਾ ਕੰਮ ਕਰਦੇ। ਉਨ੍ਹਾਂ ਵਿਚ ਇਕ ਪਰਾਲੀ ਜਾਂ ਵਗੜ ਦਾ ਪੂਲਾ ਕੋਲ ਰੱਖ ਕੇ ਬਹਿ ਜਾਂਦਾ, ਉਹ ਸਿਆਣਾ ਤੇ ਤਜਰਬੇਕਾਰ ਹੁੰਦਾ ਸੀ। ਉਹਨੇ ਵੱਟੀ ਜਾ ਰਹੀ ਵੇੜ ਲੰਮੀ ਕਰਨ ਲਈ ਦੱਥਾ ਲਾਉਣਾ ਹੁੰਦਾ ਸੀ। ਵੇੜ ਨੂੰ ਸਫ਼ਾਈ ਤੇ ਮਜ਼ਬੂਤੀ ਦੇਣੀ ਉਹਦੀ ਵੀ ਜਿ਼ੰਮੇਵਾਰੀ ਸੀ। ਦੂਜਾ ਵੱਟ ਦੇਣ ਵਾਲਾ ਨਾਲੇ ਵੱਟ ਦੇਈ ਜਾਂਦਾ, ਨਾਲੇ ਪੈਰੋ-ਪੈਰ ਪਿਛਾਂਹ ਹਟਦਾ ਜਾਂਦਾ। ਵੱਟ ਦੇਣ ਲਈ ਘਿਰਨੀ ਜਾਂ ਵੱਟਣੀ ਲੁਹਾਰ ਕੋਲੋਂ ਬਣਾਈ ਜਾਂਦੀ। ਬਾਂਸ ਦੀਆਂ ਅੱਧਾ-ਅੱਧਾ ਫੁੱਟ ਦੀਆਂ ਦੋ ਪੋਰੀਆਂ ਵਿਚੋਂ ਇਕ ਸੀਖ ਨੂੰ ਕੱਢ ਕੇ ਇਕ ਪੋਰੀ ਉੱਪਰ ਤੇ ਇਕ ਹੇਠਾਂ ਐੱਸ ਅੱਖਰ ਦੀ ਸ਼ਕਲ ਵਿਚ ਪਾ ਦਿੱਤੀ ਜਾਂਦੀ। ਅਗਲੀ ਪੋਰੀ ਦੇ ਮੂਹਰੇ ਕੁੰਡੀ ਬਣੀ ਹੁੰਦੀ। ਅਗਲੀ ਪੋਰੀ ਨੂੰ ਸਥਿਰ ਹੱਥ ਵਿਚ ਫੜ ਕੇ ਵੱਟ ਦੇਣ ਵਾਲਾ ਪਿਛਲੀ ਪੋਰੀ ਨੂੰ ਘੁਮਾਉਂਦਾ ਤਾਂ ਕੁੰਡੀ ਘੁੰਮਦੀ। ਉਸ ਵਿਚ ਪਰਾਲੀ ਜਾਂ ਵਗੜ ਨੂੰ ਫਸਾ ਕੇ ਵੱਟ ਦਿੱਤਾ ਜਾਂਦਾ ਸੀ। ਵੱਟਣੀ ਤੋਂ ਪਹਿਲਾਂ ਡੇਢ-ਦੋ ਫੁੱਟ ਦੇ ਆਮ ਡੰਡੇ ਨਾਲ ਵੀ ਕੰਮ ਚਲਾਇਆ ਜਾਂਦਾ ਸੀ।
ਆਮ ਤੌਰ ’ਤੇ ਵੇੜ ਵੱਟਣ ਲਈ ਘੱਟ ਵਗਦੀਆਂ ਲਿੰਕ ਸੜਕਾਂ ਉੱਪਰ ਲੋਕ ਇਕੱਠੇ ਹੁੰਦੇ। ਲੰਮੀ ਹੁੰਦੀ ਜਾਂਦੀ ਵੇੜ ਨੂੰ ਹਿਲੋਰਾ ਦੇ ਕੇ ਸਿੱਧੀ ਕਰਨਾ ਵੱਟ ਦੇਣ ਵਾਲੇ ਦਾ ਕੰਮ ਸੀ। ਕਈ ਮੁੰਡੇ ਸ਼ਰਾਰਤ ਕਰ ਕੇ ਐਸਾ ਹਿਲੋਰਾ ਮਾਰਦੇ ਕਿ ਦੱਥਾ ਦੇਣ ਵਾਲੇ ਦੇ ਹੱਥੋਂ ਵੇੜ ਛੁੱਟ ਜਾਂਦੀ। ਫਿਰ ਗਾਹਲਾਂ ਵਰ੍ਹਦੀਆਂ। ਵੱਟ ਦੇਣ ਦਾ ਬੜਾ ਹਿਸਾਬ ਸੀ। ਪਹਿਲਾਂ ਪਹਿਲ ਘੱਟ ਵੱਟ ਦੇਣਾ ਹੁੰਦਾ, ਜਿਵੇਂ-ਜਿਵੇਂ ਵੇੜ ਲੰਮੀ ਹੁੰਦੀ ਜਾਂਦੀ, ਵੱਟ ਜ਼ੋਰ ਨਾਲ ਦੇਣਾ ਪੈਂਦਾ। ਬਾਹਾਂ ਵਿਚ ਖੱਲੀਆਂ ਪੈ ਜਾਂਦੀਆਂ ਤੇ ਰਾਤ ਨੂੰ ਬਾਹਾਂ ਦੁਖਦੀਆਂ ਪਰ ਸਾਲ ਬਾਅਦ ਆਉਣ ਕਰ ਕੇ ਇਹ ਕੰਮ ਬੜਾ ਰਸੀਲਾ ਲਗਦਾ ਸੀ।
ਮੇਰੀ ਉਮਰ ਦੇ ਮੁੰਡੇ ਸਕੂਲ ਦੇ ਨੀਰਸ ਅਨੁਸ਼ਾਸਨ ਤੋਂ ਅੱਕੇ ਬਜ਼ੁਰਗਾਂ ਦੀਆਂ ਰਸ ਭਿੱਜੀਆਂ ਗੱਲਾਂ ਸੁਣਨ ਲਈ ਇਹ ਦਿਨ ਉਡੀਕਦੇ ਜਦੋਂ ਉਨ੍ਹਾਂ ਨੂੰ ਵੇੜਾਂ ਵੱਟਣ ਲਈ ਛੁੱਟੀ ਕਰਵਾਈ ਜਾਵੇ। ਦੁਪਹਿਰ ਵੇਲੇ ਮਿੱਠਾ ਪਾਣੀ ਬਣਾਇਆ ਜਾਂਦਾ ਤੇ ਸਾਰਿਆਂ ਨੂੰ ਇਸ ਦਾਅਵਤ ਵਿਚ ਸ਼ਾਮਿਲ ਕੀਤਾ ਜਾਂਦਾ। ਹੋਰ ਤਾਂ ਹੋਰ ਜਵਾਕਾਂ ਨੂੰ ਨਾਨਕੇ ਵੇੜਾਂ ਵੱਟਣ ਲਈ ਵਿਸ਼ੇਸ਼ ਤੌਰ ’ਤੇ ਲਿਜਾਂਦੇ।
ਅਜੋਕੀਆਂ ਪੀੜ੍ਹੀਆਂ ਦਾ ਸਾਂਝੇ ਕੰਮ ਦੇ ਅਜਿਹੇ ਲੁਤਫ਼ ਤੋਂ ਵਾਂਝੀਆਂ ਰਹਿ ਜਾਣਾ ਉਨ੍ਹਾਂ ਦੇ ਅਨੁਭਵਾਂ ਵਿਚ ਵੱਡਾ ਖਲਾਅ ਪੈਦਾ ਕਰਦਾ ਹੈ।
ਸੰਪਰਕ : 94654-64502