ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜ਼ਿੰਦਗੀ ਦੇ ਗੂੜ੍ਹੇ ਰੰਗਾਂ ਦੀ ਸਿਰਜਕ ਔਰਤ

11:53 AM Aug 26, 2023 IST

 

Advertisement

ਗੁਰਬਿੰਦਰ ਸਿੰਘ

ਧਰਤੀ ਉੱਤੇ ਜੀਵਨ ਕਦੇ ਵੀ ਏਨਾ ਖੁਸ਼ਗਵਾਰ, ਆਨੰਦ-ਭਰਪੂਰ ਤੇ ਜਿਊਣਯੋਗ ਨਾ ਹੁੰਦਾ, ਜੇ ਔਰਤ ਇਸ ਦਾ ਹਿੱਸਾ ਨਾ ਹੁੰਦੀ। ਜਿਵੇਂ ਰੁੱਖਾਂ, ਬੂਟਿਆਂ ਤੇ ਹਰਿਆਵਲ ਤੋਂ ਸੱਖਣੀ ਧਰਤੀ ਬੇਜਾਨ ਤੇ ਵਿਰਾਨ ਦਿਖਾਈ ਦਿੰਦੀ ਹੈ ਤੇ ਕਿਸੇ ਦੇ ਵੀ ਮਨ ਨੂੰ ਨਹੀਂ ਭਾਉਂਦੀ। ਬਿਲਕੁਲ ਇੰਜ ਹੀ ਔਰਤ ਇਸ ਧਰਤੀ ਦਾ ਸ਼ਿੰਗਾਰ ਹੈ ਤੇ ਇਸ ਦੀ ਹੋਂਦ ਸਦਕਾ ਹੀ ਮਨੁੱਖੀ ਜੀਵਨ ਭਰਪੂਰ ਹੁਲਾਸ, ਅਹਿਸਾਸਾਂ, ਵਲਵਲਿਆਂ, ਉਮੰਗਾਂ, ਨਵੀਆਂ ਉਮੀਦਾਂ ਦੇ ਰਾਹ ਤੁਰਦਾ ਹਰ ਦਿਨ ਨਵੇਂ ਦਿਸਹੱਦਿਆਂ ਨੂੰ ਛੂਹ ਰਿਹਾ ਹੈ।
ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਔਰਤ ਤੇ ਮਰਦ ਮਨੁੱਖੀ ਜੀਵਨ ਦੀ ਗੱਡੀ ਦੇ ਦੋ ਪਹੀਏ ਹਨ ਤੇ ਇਨ੍ਹਾਂ ਵਿੱਚ ਸੰਤੁਲਨ ਬਣਾ ਕੇ ਰੱਖਣ ਨਾਲ ਹੀ ਜੀਵਨ-ਰੂਪੀ ਗੱਡੀ ਸਹਿਜ ਤੇ ਨਿਰਵਿਘਨ ਚੱਲਦੀ ਰੱਖੀ ਜਾ ਸਕਦੀ ਹੈ। ਇਹ ਮਾਣ ਔਰਤ ਨੂੰ ਹੀ ਜਾਂਦਾ ਹੈ ਕਿ ਉਹ ਮਨੁੱਖੀ ਜੀਵਨ ਦੀ ਧਰੋਹਰ ਹੈ। ਕੇਵਲ ਜਣਨੀ ਦੇ ਰੂਪ ਵਿੱਚ ਹੀ ਨਹੀਂ, ਸਗੋਂ ਜ਼ਿੰਦਗੀ ਦੇ ਹਰ ਕਦਮ ’ਤੇ ਔਰਤ ਦੀ ਹੋਂਦ ਤੋਂ ਬਿਨਾਂ ਜੀਵਨ ਦਾ ਕਿਆਸ ਕਰਨਾ ਵੀ ਔਖਾ ਜਾਪਦਾ ਹੈ।
ਮਕਾਨ ਕਿੰਨਾ ਵੀ ਵਿਸ਼ਾਲ, ਮਹਿੰਗਾ ਤੇ ਮਹਿਲਨੁਮਾ ਕਿਉਂ ਨਾ ਹੋਵੇ, ਘਰ, ਉਹ ਔਰਤ ਦੀ ਛੋਹ ਨਾਲ ਹੀ ਬਣਦਾ ਹੈ। ਧਰਤੀ ਉੱਤੇ ਔਰਤ ਤੋਂ ਬਿਨਾਂ ਜੀਵਨ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਇਸ ਕਾਰਨ ਔਰਤ ਨੂੰ ਜ਼ਿੰਦਗੀ ਦੀ ਸਿਰਜਣਹਾਰ ਕਹਿਣਾ ਬਹੁਤ ਅਰਥਪੂਰਨ ਹੈ। ਕੁਦਰਤ ਨੇ ਔਰਤ ਨੂੰ ਏਨੀ ਸ਼ਕਤੀ, ਸਹਿਣਸ਼ੀਲਤਾ, ਸੁਹਜ ਤੇ ਸਿਦਕ ਦੀ ਦਾਤ ਬਖ਼ਸ਼ੀ ਹੋਈ ਹੈ ਕਿ ਉਹ ਆਪਣੇ ਘਰ-ਪਰਿਵਾਰ ਵਿੱਚ ਵਿਚਰਦਿਆਂ ਮੋਹਰੀ ਹੋ ਕੇ ਆਪਣੀ ਭੂਮਿਕਾ ਤਾਂ ਨਿਭਾਉਂਦੀ ਹੀ ਹੈ, ਸਗੋਂ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਅਨੇਕਾਂ ਰੰਗ ਭਰਦੀ ਹੈ। ਕੁਦਰਤ ਨੇ ਔਰਤ ਨੂੰ ਸੁਹਜ ਤੇ ਸੁਚੱਜਤਾ ਦੀ ਦਾਤ ਬਖ਼ਸ਼ੀ ਹੋਈ ਹੈ। ਉਸ ਦੇ ਹੱਥ ਲੱਗਦਿਆਂ ਹੀ ਸਾਦ-ਮੁਰਾਦੇ ਘਰ ਦੀ ਹਰ ਚੀਜ਼ ਬੋਲਣ ਲੱਗ ਜਾਂਦੀ ਹੈ। ਪੁਰਾਣੇ ਸਮਿਆਂ ਵਿੱਚ ਕੱਚੇ ਘਰਾਂ ਨੂੰ ਵੀ ਸੁਆਣੀਆਂ ਆਪਣੀ ਸੂਝ-ਸਿਆਣਪ ਨਾਲ ਇਸ ਤਰ੍ਹਾਂ ਲਿੰਬ-ਪੋਚ ਕੇ ਸ਼ਿੰਗਾਰ ਦਿੰਦੀਆਂ ਸਨ ਕਿ ਘਰਾਂ ਵਿੱਚੋਂ ਸੁਹੱਪਣ ਝਲਕਦਾ ਨਜ਼ਰ ਆਉਂਦਾ ਸੀ। ਘਰ ਦੀ ਕੱਚੀ ਸਵਾਤ ਤੇ ਚੌਂਕੇ-ਚੁੱਲ੍ਹੇ ਨੂੰ ਹਰ ਰੋਜ਼ ਪੋਚਾ ਮਾਰ ਕੇ ਸੁੱਚਾ ਕਰਨ ਉਪਰੰਤ ਹੀ ਰੋਟੀ-ਪਾਣੀ ਕੀਤਾ ਜਾਂਦਾ ਸੀ। ਘਰਾਂ ਵਿੱਚ ਲਵੇਰੀਆਂ ਦੀ ਸਾਂਭ-ਸੰਭਾਲ ਕਰਨੀ, ਗੋਹਾ-ਕੂੜਾ ਸਾਂਭਣਾ, ਸਵੇਰੇ ਤੜਕੇ ਹੀ ਝਾੜੂ ਮਾਰ ਕੇ ਸਾਫ਼-ਸਫ਼ਾਈ ਕਰਨੀ ਤੇ ਹੋਰ ਅਨੇਕਾਂ ਕੰਮਾਂ ਵਿੱਚ ਘਰਾਂ ਦੀਆਂ ਸੁਆਣੀਆਂ ਦੀ ਭੂਮਿਕਾ ਵਧੇਰੇ ਹੁੰਦੀ ਸੀ/ਹੈ। ਕੱਚੇ ਘਰਾਂ ਨੂੰ ਵੀ ਸੁਆਣੀਆਂ ਲਿਸ਼ਕਾ ਦਿੰਦੀਆਂ ਸਨ।
ਸਮਾਂ ਭਾਵੇਂ ਬਹੁਤ ਬਦਲ ਗਿਆ ਹੈ, ਪਰ ਘਰ-ਪਰਿਵਾਰ ਦੀ ਸਿਰਜਣਾ ਦਾ ਬਹੁਤਾ ਦਾਰੋ-ਮਦਾਰ ਔਰਤਾਂ ਦੇ ਮੋਢਿਆਂ ’ਤੇ ਹੀ ਹੈ ਤੇ ਸ਼ਾਇਦ ਹਮੇਸ਼ਾਂ ਰਹੇਗਾ। ਆਪਣੀ ਕੁੱਖ ਵਿੱਚ ਪਲ ਰਹੇ ਬੱਚੇ ਨੂੰ ਆਪਣੇ ਖੂਨ ਨਾਲ ਪਾਲਦੀ, ਘਰ ਦੇ ਅਨੇਕਾਂ ਕੰਮਾਕਾਰਾਂ ਵਿੱਚ ਰੁੱਝੀ, ਕਈ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਕਸ਼ਟਾਂ ਵਿੱਚੋਂ ਗੁਜ਼ਰਦੀ ਔਰਤ ਆਪਣੇ ਮਾਂ ਹੋਣ ਦੇ ਗੌਰਵ ਵਿੱਚ ਬੱਚੇ ਦੀ ਖਾਤਰ ਅੰਤਾਂ ਦੀਆਂ ਦਰਦਮਈ ਜੰਮਣ-ਪੀੜਾਂ ਵੀ ਸਹਿ ਲੈਂਦੀ ਹੈ। ਜਨਮ ਉਪਰੰਤ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਕੇ ਜਿਹੜੀ ਅਸੀਮ ਪ੍ਰਸੰਨਤਾ ਦਾ ਅਹਿਸਾਸ ਮਾਂ ਨੂੰ ਹੁੰਦਾ ਹੈ, ਕੁਝ ਪਲਾਂ ਲਈ ਉਹ ਮਾਂ ਨੂੰ ਜੰਮਣ-ਪੀੜਾਂ ਦੇ ਸਾਰੇ ਕਸ਼ਟ ਭੁਲਾ ਦਿੰਦਾ ਹੈ। ਬੱਚੇ ਦੇ ਪਾਲਣ-ਪੋਸ਼ਣ ਵਿੱਚ ਭਾਵੇਂ ਪਰਿਵਾਰ ਦੇ ਹੋਰ ਜੀਆਂ ਦਾ ਵੀ ਸਹਿਯੋਗ ਹੁੰਦਾ ਹੈ, ਪਰ ਜਿਹੜੀਆਂ ਦੁਸ਼ਵਾਰੀਆਂ ਮਾਂ ਝੱਲਦੀ ਹੈ, ਉਹਦਾ ਕਰਜ਼ ਕੋਈ ਉਤਾਰ ਨਹੀਂ ਸਕਦਾ। ਅਸਲ ਵਿੱਚ ਹਰ ਮਾਂ ਆਪਣਾ ਸੁੱਖ-ਆਰਾਮ, ਸਰੀਰਕ ਕਸ਼ਟ ਭੁੱਲ ਕੇ ਆਪਣੀ ਜ਼ਿੰਦਗੀ ਬੱਚੇ ਨੂੰ ਅਰਪਿਤ ਕਰ ਦਿੰਦੀ ਹੈ। ਉਹਦੇ ਉੱਠਣ, ਬੈਠਣ, ਜਾਗਣ-ਸੌਣ, ਖਾਣ-ਪੀਣ, ਕੰਮ-ਕਾਰ ਸਮੇਂ ਵੀ ਉਹਦੀ ਸੁਰਤੀ ਆਪਣੇ ਬੱਚੇ ਵਿੱਚ ਹੀ ਲੱਗੀ ਰਹਿੰਦੀ ਹੈ। ਆਪਣੇ ਘਰ-ਪਰਿਵਾਰ ਤੇ ਬੱਚਿਆਂ ਲਈ ਜਿਹੜਾ ਤਿਆਗ ਤੇ ਕੁਰਬਾਨੀ ਕੋਈ ਔਰਤ ਕਰਦੀ ਹੈ, ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਸਭ ਕੁਝ ਕਰਦਿਆਂ ਵੀ ਮਾਂ ਕਦੇ ਜਤਾਉਂਦੀ ਨਹੀਂ ਕਿ ਮੈਂ ਇਹ ਕੁਝ ਕੀਤਾ। ਜੇ ਪਰਿਵਾਰ ਦਾ ਸਹਿਯੋਗ ਮਿਲਦਾ ਰਹੇ, ਘਰ ਵਿੱਚ ਸੁੱਖ-ਸ਼ਾਂਤੀ, ਆਪਸੀ ਪਿਆਰ, ਇਤਫਾਕ, ਖੁਸ਼ੀਆਂ ਤੇ ਅਪਣੱਤ ਭਰਿਆ ਮਾਹੌਲ ਬਣਿਆ ਰਹੇ ਤਾਂ ਕਿਸੇ ਔਰਤ ਲਈ ਵੀ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੁੰਦੀ। ਸਾਰਾ ਦਿਨ ਕੰਮਾਂਕਾਰਾਂ ਵਿੱਚ ਥੱਕੀ-ਟੁੱਟੀ ਸੁਆਣੀ ਨੂੰ ਜੇ ਕੋਈ ਪਿਆਰ ਨਾਲ ਇਹ ਹੀ ਕਹਿ ਦੇਵੇ ਕਿ ਤੂੰ ਬਹੁਤ ਕੰਮ ਕੀਤਾ ਅੱਜ, ਹੁਣ ਆਰਾਮ ਕਰ ਲੈ ਤਾਂ ਉਸ ਦੀ ਸਾਰੀ ਥਕਾਵਟ ਲੱਥ ਜਾਂਦੀ ਹੈ।
ਔਰਤ ਕਿਸੇ ਰਿਸ਼ਤੇ ਵਿੱਚ ਹੋਵੇ, ਉਹਦੇ ਅੰਦਰ ਇੱਕ ਮਮਤਾਮਈ ਦਿਲ ਹੁੰਦਾ ਹੈ, ਜਿਸ ਨਾਲ ਉਹ ਸਾਰਿਆਂ ਨੂੰ ਮੋਹ ਲੈਂਦੀ ਹੈ। ਮਾਂ, ਭੈਣ, ਧੀ, ਪਤਨੀ ਜਾਂ ਕਿਸੇ ਵੀ ਹੋਰ ਰਿਸ਼ਤੇ ਵਿੱਚ ਔਰਤ ਹੀ ਘਰਾਂ ਦੀ ਸਿਰਜਣਾ ਕਰਦੀ ਹੈ। ਹਰ ਧੀ ਵਿਆਹ ਹੋਣ ਤੱਕ ਆਪਣੇ ਪੇਕਿਆਂ ਦੇ ਘਰ ਨੂੰ ਸੰਵਾਰਦੀ ਤੇ ਸਜਾਉਂਦੀ ਰਹਿੰਦੀ ਹੈ। ਇੱਕ ਦਿਨ ਅਜਿਹਾ ਆ ਜਾਂਦਾ ਹੈ ਕਿ ਮਾਪੇ ਸਮਾਜਿਕ ਰੀਤਾਂ ਦੇ ਬੱਝੇ ਸ਼ਗਨਾਂ ਨਾਲ ਧੀ ਨੂੰ ਕਿਸੇ ਹੋਰ ਘਰ-ਪਰਿਵਾਰ ਦੀ ਸਿਰਜਣਾ ਲਈ ਅੱਗੇ ਤੋਰ ਦਿੰਦੇ ਹਨ। ਸਮਾਜ ਅਕਸਰ ਇਹ ਤਵੱਕੋ ਕਰਦਾ ਹੈ ਕਿ ਨਵੇਂ ਘਰ-ਪਰਿਵਾਰ ਵਿੱਚ ਜਾ ਕੇ ਨਵੀਂ ਮੁਟਿਆਰ, ਉੱਥੋਂ ਦੇ ਤੌਰ-ਤਰੀਕੇ ਸਿੱਖ ਕੇ ਆਪਣੇ ਆਪ ਨੂੰ ਉਸ ਪਰਿਵਾਰ ਦੇ ਜੀਆਂ ਸੰਗ ਵਿਚਰਨ ਲਈ ਢਾਲ ਲਏ। ਹੋਣਾ ਤਾਂ ਇਹ ਚਾਹੀਦਾ ਹੈ ਕਿ ਜਿਸ ਘਰ ਵਿੱਚ ਉਹ ਵਿਆਹੀ ਗਈ ਹੈ, ਉਸ ਘਰ ਦੇ ਜੀਅ ਉਸ ਨਾਲ ਪਿਆਰ, ਦੁਲਾਰ, ਸਨੇਹ ਸਤਿਕਾਰ ਤੇ ਹਲੀਮੀ ਦਾ ਇਸ ਕਦਰ ਪ੍ਰਗਟਾਵਾ ਕਰਨ ਕਿ ਨਵੀਂ ਵਿਆਹੀ ਮੁਟਿਆਰ ਨੂੰ ਆਪਣੇ ਪੇਕੇ ਘਰ ਦੇ ਜੀਆਂ ਦੀ ਯਾਦ ਵੀ ਨਾ ਸਤਾਵੇ ਤੇ ਉਹ ਛੇਤੀ ਛੇਤੀ ਸਹੁਰੇ ਘਰ ਵਿੱਚ ਰਚਮਿਚ ਜਾਵੇ। ਜਿਨ੍ਹਾਂ ਘਰਾਂ ਵਿੱਚ ਘਰ ਦੀ ਸੁਆਣੀ ਨਾਲ ਪਿਆਰ ਤੇ ਸਤਿਕਾਰ ਨਾਲ ਪੇਸ਼ ਆਇਆ ਜਾਂਦਾ ਹੈ ਤੇ ਦੁੱਖ-ਸੁੱਖ ਸਮੇਂ ਉਸ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ ਜਾਂਦੀ ਹੈ, ਉੱਥੇ ਔਰਤਾਂ ਘਰ-ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲਦੀਆਂ ਸਾਰਾ ਸਾਰਾ ਦਿਨ ਕੰਮ ਵਿੱਚ ਰੁੱਝੀਆਂ, ਦੁਸ਼ਵਾਰੀਆਂ ਝੱਲਦੀਆਂ, ਘਰਾਂ ਦੀ ਸਿਰਜਣਾ ਵਿੱਚ ਜੁਟੀਆਂ ਕਦੇ ਅੱਕਦੀਆਂ ਥੱਕਦੀਆਂ ਨਹੀਂ।
ਜਿੰਨੀ ਸੂਝ, ਸਲੀਕੇ, ਮਿਹਨਤ ਤੇ ਸਿਰੜ ਨਾਲ ਕੋਈ ਔਰਤ ਆਪਣੇ ਪਰਿਵਾਰ ਨੂੰ ਪਾਲਦੀ ਸੰਭਾਲਦੀ ਤੇ ਉਸ ਦੀ ਸਿਰਜਣਾ ਵਿੱਚ ਸੇਵਾ ਭਾਵਨਾ ਨਾਲ ਜੁਟੀ ਰਹਿੰਦੀ ਹੈ, ਉਹ ਸ਼ਾਇਦ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ। ਸਵੇਰੇ ਸਭ ਤੋਂ ਪਹਿਲਾਂ ਜਾਗਣਾ ਤੇ ਰਾਤ ਨੂੰ ਸਭ ਤੋਂ ਬਾਅਦ ਵਿੱਚ ਸੌਣਾ ਤੇ ਘਰ ਦੇ ਜੀਆਂ ਦੀ ਹਰ ਲੋੜ ਪੂਰੀ ਕਰਦਿਆਂ ਕਦੇ ਮੱਥੇ ਵੱਟ ਨਾ ਪਾਉਣਾ ਘਰ ਦੀ ਸੁਆਣੀ ਦੀ ਆਪਾਵਾਰੂ ਭਾਵਨਾ ਦਾ ਪ੍ਰਤੀਕ ਹੈ। ਅਕਸਰ ਇਹ ਦੇਖਿਆ ਗਿਆ ਹੈ ਕਿ ਔਰਤਾਂ ਦੇ ਘਰ ਦੇ ਕੰਮਾਂ ਨੂੰ ਕੰਮ ਹੀ ਨਹੀਂ ਸਮਝਿਆ ਜਾਂਦਾ। ਹਾਲਾਂਕਿ ਘਰ ਦੀਆਂ ਔਰਤਾਂ ਸਵੇਰੇ ਮੂੰਹ ਹਨੇਰੇ ਤੋਂ ਲੈ ਕੇ ਰਾਤ ਪੈਣ ਤੱਕ ਕੰਮਾਂ ਵਿੱਚ ਜੁਟੀਆਂ ਰਹਿੰਦੀਆਂ ਹਨ। ਬਦਲ ਰਹੇ ਸਮਿਆਂ ਨਾਲ ਤਾਂ ਔਰਤਾਂ ਦੂਹਰੀ ਭੂਮਿਕਾ ਨਿਭਾਅ ਰਹੀਆਂ ਹਨ। ਕੰਮਕਾਜੀ ਔਰਤਾਂ ਆਪਣੀ ਡਿਊਟੀ ਵੀ ਕਰਦੀਆਂ ਹਨ ਤੇ ਘਰ-ਪਰਿਵਾਰ ਸੰਭਾਲਣ ਦੀ ਜ਼ਿੰਮੇਵਾਰੀ ਵੀ ਨਿਭਾਉਂਦੀਆਂ ਹਨ।
ਹੁਣ ਔਰਤਾਂ ਉੱਚ-ਵਿਦਿਆ ਪ੍ਰਾਪਤ ਕਰਕੇ ਆਪਣੀ ਸੂਝ ਤੇ ਲਿਆਕਤ ਨਾਲ ਵੱਡੇ ਵੱਡੇ ਅਹੁਦਿਆਂ ਦਾ ਮਾਣ ਵਧਾ ਰਹੀਆਂ ਹਨ। ਅਜੋਕੀ ਔਰਤ ਨੇ ਇਹ ਦਰਸਾ ਦਿੱਤਾ ਹੈ ਕਿ ਕੇਵਲ ਘਰ-ਪਰਿਵਾਰ ਨੂੰ ਸੰਭਾਲਣ ਤੱਕ ਹੀ ਉਹ ਸੀਮਤ ਨਹੀਂ ਹੈ, ਜੇ ਮੌਕੇ ਮਿਲਣ ਤਾਂ ਉਹ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਉੱਚੀਆਂ ਉਡਾਰੀਆਂ ਭਰਨ ਦੀ ਸਮਰੱਥਾ ਰੱਖਦੀ ਹੈ। ਬਹੁਤ ਦੁਖਦਾਈ ਸਥਿਤੀ ਹੈ ਕਿ ਅੱਜ ਵੀ ਸਮਾਜ ਵਿੱਚ ਔਰਤ ਵਿਰੋਧੀ ਮਾਨਸਿਕਤਾ ਭਾਰੂ ਹੈ। ਜ਼ਿੰਦਗੀ ਦੀ ਸਿਰਜਣਹਾਰੀ ਨੂੰ ਜੀਵਨ ਵਿੱਚ ਵਿਚਰਦਿਆਂ ਅਨੇਕਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਔਰਤਾਂ/ਕੁੜੀਆਂ ਆਪਣੇ ਘਰ, ਸਕੂਲ, ਕਾਲਜ, ਦਫ਼ਤਰ, ਅਦਾਰੇ, ਬੱਸ, ਰੇਲ, ਸੜਕ, ਬਾਜ਼ਾਰ ਜਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ ਤਾਂ ਅਸੀਂ ਕਿਹੜੀ ਗੱਲ ਦਾ ਮਾਣ ਕਰਦੇ ਹਾਂ। ਛੇੜਛਾੜ ਤੇ ਜਬਰ-ਜਨਾਹ ਦੀਆਂ ਸ਼ਰਮਨਾਕ ਘਟਨਾਵਾਂ ਦਾ ਵਾਪਰਨਾ ਅਜੋਕੇ ਸਮਾਜ ਦੇ ਮੱਥੇ ’ਤੇ ਕਲੰਕ ਹੈ। ਅਜਿਹੀ ਮਾਨਸਿਕਤਾ ਵਾਲੇ ਲੋਕ ਕੋਈ ਅਸਮਾਨੋਂ ਨਹੀਂ ਉਤਰਦੇ, ਸਗੋਂ ਸਾਡੇ ਆਲੇ-ਦੁਆਲੇ ਹੀ ਵਸਦੇ ਹਨ। ਕੇਵਲ ਕਾਨੂੰਨ ਹੀ ਨਹੀਂ ਸਮਾਜ ਵੀ ਆਪਣੀ ਜ਼ਿੰਮੇਵਾਰੀ ਸਮਝੇ। ਜੇ ਸਮਾਜ ਅਜਿਹੇ ਬਿਮਾਰ ਮਾਨਸਿਕਤਾ ਵਾਲੇ ਲੋਕਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰੇ ਤਾਂ ਅਸੀਂ ਮਾਵਾਂ, ਭੈਣਾਂ, ਧੀਆਂ ਨੂੰ ਸੁਰੱਖਿਅਤ ਮਾਹੌਲ ਦੇ ਸਕਦੇ ਹਾਂ। ਜਿੱਥੇ ਔਰਤਾਂ ਖੁਸ਼ ਹੋਣ ਤੇ ਆਦਰ ਸਨਮਾਨ ਨਾਲ ਨਿਵਾਜੀਆਂ ਜਾਣ, ਉਸ ਘਰ ਦੇ ਵਿਹੜੇ ਵਿੱਚ ਖੁਸ਼ੀਆਂ, ਪਿਆਰ, ਮਿਲਵਰਤਨ ਤੇ ਆਪਸੀ ਸਾਂਝਾਂ ਦੇ ਗੁਲਾਬਾਂ ਦੀ ਮਹਿਕ ਪਸਰੀ ਰਹਿੰਦੀ ਹੈ।
ਕੇਵਲ ਘਰ ਹੀ ਨਹੀਂ, ਸਗੋਂ ਜ਼ਿੰਦਗੀ ਦੇ ਹਰ ਕੋਨੇ ਵਿੱਚੋਂ ਔਰਤ ਦੇ ਸੁਹਜ, ਸਲੀਕੇ ਦੀ ਝਲਕ ਦੇਖੀ ਜਾ ਸਕਦੀ ਹੈ। ਔਰਤਾਂ ਦੀ ਅਣਹੋਂਦ ਨਾਲ ਘਰ ਦੇ ਜੀਅ ਹੀ ਨਹੀਂ, ਸਗੋਂ ਸਾਰਾ ਘਰ ਹੀ ਉਦਾਸ ਤੇ ਵਿਰਾਨ ਜਾਪਣ ਲੱਗਦਾ ਹੈ। ਜਦੋਂ ਘਰ ਦੇ ਵਿਹੜੇ ਵਿੱਚ ਔਰਤ ਦੇ ਪੈਰਾਂ ਦੀ ਥਾਪ ਪੈਂਦੀ ਹੈ ਤਾਂ ਸੁੰਨੇ ਤੇ ਉਦਾਸ ਘਰ ਵੀ ਚਹਿਕ ਉੱਠਦੇ ਹਨ। ਸਿਰਜਣਹਾਰੀ ਦੇ ਹੱਥਾਂ ਦਾ ਕਮਾਲ ਹੀ ਇਹ ਹੈ ਕਿ ਉਸ ਦੀ ਛੋਹ ਨਾਲ ਘਰ ਦੀ ਹਰ ਨੁੱਕਰ ਤੇ ਹਰ ਚੀਜ਼ ਖੇੜੇ ਨਾਲ ਮਹਿਕ ਉੱਠਦੀ ਹੈ। ਸਵਰਗ ਕਿਸੇ ਨੇ ਦੇਖਿਆ ਨਹੀਂ, ਸਗੋਂ ਕਿਆਸ ਅਰਾਈਆਂ ਹੀ ਹਨ ਕਿ ਉਹ ਬਹੁਤ ਸੰਦਰ ਹੋਵੇਗਾ, ਪਰ ਔਰਤ ਘਰ ਨੂੰ ਆਪਣੇ ਸੁਹਜ ਕਾਰਜਾਂ ਨਾਲ ਸਵਰਗ ਬਣਾਉਣ ਦੀ ਸਮਰੱਥਾ ਰੱਖਦੀ ਹੈ। ਜ਼ਿੰਦਗੀ ਰੂਪੀ ਫੁੱਲਵਾੜੀ ਵਿੱਚ ਰਿਸ਼ਤਿਆਂ ਦੇ ਅਨੇਕਾਂ ਰੰਗ-ਬਿਰੰਗੇ ਫੁੱਲ ਔਰਤ ਦੀ ਹੋਂਦ ਨਾਲ ਹੀ ਜੁੜੇ ਹੋਏ ਹਨ।
ਸੰਪਰਕ: 98153-56086

Advertisement
Advertisement