ਨਾਲੇ ਵਿੱਚ ਡਿੱਗੀ ਗਾਂ ਨੂੰ ਮੁਸ਼ੱਕਤ ਨਾਲ ਬਾਹਰ ਕੱਢਿਆ
ਨਿੱਜੀ ਪੱਤਰ ਪ੍ਰੇਰਕ
ਨਾਭਾ, 28 ਮਾਰਚ
ਇੱਥੇ ਸਿਨੇਮਾ ਰੋਡ ਦੇ ਵੱਡੇ ਅਤੇ ਗੰਦੇ ਨਾਲੇ ਉੱਪਰੋਂ ਕੁਝ ਥਾਵਾਂ ਤੋਂ ਟੁੱਟੇ ਢੱਕਣਾਂ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ। ਬੀਤੀ ਰਾਤ ਇੱਕ ਗਾਂ ਦੇ ਨਾਲੇ ਵਿੱਚ ਡਿੱਗ ਜਾਣ ਕਾਰਨ ਲੋਕਾਂ ਨੇ ਹਨੇਰੇ ਵਿੱਚ ਉਸ ਨੂੰ ਕਾਫੀ ਮਿਹਨਤ ਨਾਲ ਬਾਹਰ ਕੱਢਿਆ। ਗਾਂ ਨੂੰ ਕਾਬੂ ਕਰਨ ਲਈ ਮਾਧਵ ਸ਼ਰਮਾ ਨਾਮੀ ਨੌਜਵਾਨ ਨਾਲੇ ਵਿੱਚ ਉਤਰਿਆ ਤੇ ਮੋਬਾਈਲ ਫੋਨਾਂ ਦੀ ਰੌਸ਼ਨੀ ਵਿੱਚ ਫਾਇਰ ਬ੍ਰਿਗੇਡ ਦੀ ਟੀਮ ਦੀ ਮਦਦ ਨਾਲ ਗਾਂ ਨੂੰ ਲਗਭਗ ਡੇਢ ਘੰਟੇ ਬਾਅਦ ਬਾਹਰ ਕੱਢਿਆ ਗਿਆ। ਇਸ ਦੌਰਾਨ ਮਾਧਵ ਸ਼ਰਮਾ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਸ਼ੂ ਤਾਂ ਆਏ ਦਿਨ ਇਨ੍ਹਾਂ ਟੁੱਟੇ ਢੱਕਣਾਂ ਵਿੱਚੋਂ ਡਿੱਗਦੇ ਰਹਿੰਦੇ ਹਨ।
ਇਸ ਬਚਾਅ ਮੁਹਿੰਮ ਵਿੱਚ ਮੋਹਰੀ ਰਹੇ ਪੁਰਸ਼ੋਤਮ ਮੰਤਰਾ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸਫਾਈ ਦੀ ਕਮੀ ਕਾਰਨ ਇਹ ਨਾਲਾ ਥੋੜੀ ਬਰਸਾਤ ਨਾਲ ਹੀ ਭਰ ਜਾਂਦਾ ਹੈ ਤੇ ਪਾਣੀ ਸੜਕ ’ਤੇ ਜਮ੍ਹਾਂ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਸ਼ਿਖਾ ਨਾਮੀ ਇੱਕ ਮੁਹੱਲਾ ਨਿਵਾਸੀ ਦੇ ਇਥੋਂ ਡਿੱਗਣ ਕਾਰਨ ਸਿਰ ’ਤੇ ਸੱਟ ਲੱਗੀ ਤੇ ਉਸ ਦਾ ਮੋਬਾਈਲ ਵੀ ਨਾਲੇ ਵਿੱਚ ਹੀ ਗੁੰਮ ਗਿਆ। ਇੱਕ ਹੋਰ ਹਾਦਸੇ ਵਿੱਚ ਖਤਰੇ ਤੋਂ ਅਣਜਾਣ ਮੁਹੱਲੇ ਵਿੱਚ ਆਏ ਇਕ ਬਜ਼ੁਰਗ ਮਹਿਮਾਨ ਨੇ ਬੱਚਾ ਚੁੱਕਿਆ ਹੋਇਆ ਸੀ ਤੇ ਉਹ ਵੀ ਇੱਥੇ ਡਿੱਗ ਪਏ ਤੇ ਉਨ੍ਹਾਂ ਦੀ ਬਾਂਹ ਅਤੇ ਲੱਤ ਦੀ ਹੱਡੀ ਟੁੱਟ ਗਈ ਸੀ। ਇਸ ਮੌਕੇ ਨਾਭਾ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਨੇ ਕਿਹਾ ਕਿ ਇਸ ਮਾਮਲੇ ਦਾ ਜਲਦ ਹੀ ਹੱਲ ਕੀਤਾ ਜਾਵੇਗਾ।