ਬਜਰੰਗ ਪੂਨੀਆ ਦੀ ਮੁਅੱਤਲੀ ਖ਼ਿਲਾਫ਼ ਦਾਇਰ ਪਟੀਸ਼ਨ ’ਤੇ ਅਦਾਲਤ ਨੇ ਨਾਡਾ ਤੋਂ ਜਵਾਬ ਮੰਗਿਆ
ਨਵੀਂ ਦਿੱਲੀ, 11 ਸਤੰਬਰ
ਦਿੱਲੀ ਹਾਈ ਕੋਰਟ ਨੇ ਆਪਣੀ ਮੁਅੱਤਲੀ ਨੂੰ ਚੁਣੌਤੀ ਦੇਣ ਸਬੰਧੀ ਪਹਿਲਵਾਨ ਬਜਰੰਗ ਪੂਨੀਆ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਅੱਜ ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਕੋਲੋਂ ਜਵਾਬ ਮੰਗਿਆ ਹੈ। ਜਸਟਿਸ ਸੰਜੀਵ ਨਰੂਲਾ ਨੇ ਅਕਤੂਬਰ ਵਿੱਚ ਅਬਲਾਨੀਆ ’ਚ ਹੋਣ ਵਾਲੀ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਤੋਂ ਪਹਿਲਾਂ ਦਾਇਰ ਕੀਤੀ ਗਈ ਪਟੀਸ਼ਨ ’ਤੇ ਏਜੰਸੀ ਨੂੰ ਨੋਟਿਸ ਜਾਰੀ ਕੀਤਾ ਹੈ। ਪੂਨੀਆ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨੇ ਅੰਤਰਿਮ ਰਾਹਤ ਦੇਣ ਦੀ ਅਪੀਲ ਕੀਤੀ, ਜਿਸ ਮਗਰੋਂ ਜੱਜ ਨੇ ਕਿਹਾ ਕਿ ਇਸ ਵਾਸਤੇ ਅਧਿਕਾਰਤ ਤੌਰ ’ਤੇ ਅਰਜ਼ੀ ਨਹੀਂ ਦਿੱਤੀ ਗਈ ਹੈ। ਸੀਨੀਅਰ ਵਕੀਲ ਰਾਜੀਵ ਦੱਤਾ ਨੇ ਕਿਹਾ, ‘‘ਇਹ ਕਿਸੇ ਨੂੰ ਪ੍ਰੇਸ਼ਾਨ ਕਰਨ ਦਾ ਵੱਖਰਾ ਮਾਮਲਾ ਹੈ...ਵਿਸ਼ਵ ਚੈਂਪੀਅਨਸ਼ਿਪ ਆਉਣ ਵਾਲੀ ਹੈ। ਅਭਿਆਸ ਵੀ ਕਰਨਾ ਹੋਵੇਗਾ।’’ ਹਾਲਾਂਕਿ, ਅਦਾਲਤ ਨੇ ਜਾਂਚ ਲਈ ਨਮੂਨੇ ਦੇਣ ਤੋਂ ਇਨਕਾਰ ਕਰਨ ਨੂੰ ਲੈ ਕੇ ਪੂਨੀਆ ਨੂੰ ਸਵਾਲ ਪੁੱਛਿਆ ਅਤੇ ਕਿਹਾ, ‘‘ਜੇ ਤੁਸੀਂ ਜਾਂਚ ਨਹੀਂ ਕਰਵਾਓਗੇ ਤਾਂ ਉਹ ਤੁਹਾਨੂੰ ਖੇਡਣ ਦੀ ਇਜਾਜ਼ਤ ਕਿਵੇਂ ਦੇਣਗੇ।’’ ਅਦਾਲਤ ਨੇ ਮਾਮਲੇ ਨੂੰ ਅਕਤੂਬਰ ਵਿੱਚ ਅਗਲੀ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ ਹੈ। -ਪੀਟੀਆਈ