ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਾਂਗ ਕਾਂਗ ਦੀ ਕਾਇਆ ਪਲਟ

08:24 AM Nov 20, 2023 IST
Hong Kong and China Flag

ਸ਼ਿਆਮ ਸਰਨ
ਕਈ ਸਾਲਾਂ ਬਾਅਦ ਹਾਲ ਹੀ ਵਿਚ ਹਾਂਗ ਕਾਂਗ ਗਿਆ ਸੀ। ਪਹਿਲੀ ਵਾਰ ਇਸ ਸੁਤੰਤਰ ਸਾਹਿਲੀ ਸ਼ਹਿਰ ਵਿਚ ਜਾਣ ਦਾ ਸਬਬ 1970ਵਿਆਂ ਵਿਚ ਬਣਿਆ ਸੀ ਜਦੋਂ ਇਹ ਕਮਿਊਨਿਸਟ ਚੀਨ ਦੇ ਦੱਖਣੀ ਕੰਢੇ ’ਤੇ ਉਦਾਰ ਪੂੰਜੀਵਾਦੀ ਚੌਕੀ ਦਾ ਕੰਮ ਦੇ ਰਿਹਾ ਸੀ, ਫਿਰ ਇਹ ਮਾਓ ਜ਼ੇ-ਤੁੰਗ ਦੇ ਮਹਾਂ ਪ੍ਰੋਲੇਤਾਰੀ ਸਭਿਆਚਾਰਕ ਇਨਕਲਾਬ ਦੇ ਗਰਮ ਬੁੱਲਿਆਂ ਦਾ ਸੇਕ ਝੱਲ ਰਿਹਾ ਸੀ। ਹਾਲਾਂਕਿ ਵਿਚਾਰਧਾਰਕ ਰੂਪ ਵਿਚ ਉਹ ਬਹੁਤ ਗਰਮ ਦਿਨ ਸਨ, ਇਸ ਦੇ ਬਾਵਜੂਦ ਹਾਂਗ ਕਾਂਗ ਚੀਨ ਲਈ ਬਹੁਤ ਜ਼ਰੂਰੀ ਜੀਵਨ ਰੇਖਾ ਬਣਿਆ ਹੋਇਆ ਸੀ ਜੋ ਇਸ ਲਈ ਦੁਨੀਆ ਨਾਲ ਵਿਚਰਨ ਦਾ ਇਕਮਾਤਰ ਝਰੋਖਾ ਸੀ; ਬਾਕੀ ਦੁਨੀਆ ਲਈ ਇਹ ਦੁਰਗਮ ਪਰ ਵਿਰਾਟ ਦੇਸ਼ ਅੰਦਰ ਝਾਤੀ ਮਾਰਨ ਦੀ ਬੇਸ਼ਕੀਮਤੀ ਖਿੜਕੀ ਬਣਿਆ ਹੋਇਆ ਸੀ। ਚੀਨ ਨੂੰ ਤੱਕਣ ਦੇ ਇਸ ਰਹੱਸਮਈ ਫ਼ਨ ਦਾ ਜਨਮ ਇੱਥੇ ਹੀ ਹੋਇਆ ਸੀ। ਫਿਰ 1978 ਵਿਚ ਚੀਨ ਵਲੋਂ ਆਰਥਿਕ ਸੁਧਾਰਾਂ ਤੇ ਉਦਾਰੀਕਰਨ ਦਾ ਰਾਹ ਅਪਣਾਉਣ, ਖ਼ਾਸਕਰ 2001 ਵਿਚ ਵਿਸ਼ਵ ਵਪਾਰ ਅਦਾਰੇ ਵਿਚ ਸ਼ਾਮਲ ਹੋਣ ਤੋਂ ਬਾਅਦ ਚੀਨ ਨੂੰ ਹਾਂਗ ਕਾਂਗ ਦੇ ਵਿਰਾਟ ਅਵਤਾਰ ਵਿਚ ਢਲਦਿਆਂ ਦੇਖਿਆ ਜਾਣ ਲੱਗਿਆ ਪਰ ਜਿਵੇਂ ਚੀਨੀ ਕਹਿੰਦੇ ਹਨ- ਇਸ ਦੇ ਵਿਲੱਖਣ ‘ਚੀਨੀ ਲੱਛਣਾਂ’ ਸਹਿਤ।
1997 ਵਿਚ ਜਦੋਂ ਹਾਂਗ ਕਾਂਗ ਦੀ ਪ੍ਰਭੂਸੱਤਾ ਦਾ ਜਿ਼ੰਮਾ ਬਰਤਾਨੀਆ ਕੋਲੋਂ ਚੀਨ ਦੇ ਹੱਥਾਂ ਵਿਚ ਚਲਿਆ ਗਿਆ ਤਾਂ ਦੋਵੇਂ ਧਿਰਾਂ ਵਿਚਕਾਰ ਇਹ ਸਹਿਮਤੀ ਬਣੀ ਸੀ ਕਿ ਹਾਂਗ ਕਾਂਗ ਆਪਣੀਆਂ ਸਿਆਸੀ ਤੇ ਕਾਨੂੰਨੀ ਸੰਸਥਾਵਾਂ ਅਤੇ ਆਰਥਿਕ ਪ੍ਰਣਾਲੀ ਬਰਕਰਾਰ ਰੱਖੇਗਾ; ਉਸ ਵੇਲੇ ਦੇ ਚੀਨੀ ਆਗੂ ਦੈਂਗ ਸਿਆਓਪਿੰਗ ਦੀ ਐਲਾਨੀ ‘ਇਕ ਚੀਨ, ਦੋ ਪ੍ਰਣਾਲੀਆਂ’ ਦੀ ਨੀਤੀ ਤਹਿਤ ਅਗਲੇ ਪੰਜਾਹ ਸਾਲਾਂ ਦੌਰਾਨ ਘੱਟੋ-ਘੱਟ ਬਦਲਾਓ ਕੀਤੇ ਜਾ ਸਕਣਗੇ। ਇਸ ਸਹਿਮਤੀ ਦੀ ਕੁਝ ਹੱਦ ਤਕ ਭਰੋਸੇਯੋਗਤਾ ਬਣੀ ਹੋਈ ਸੀ ਕਿਉਂਕਿ ਅਜਿਹਾ ਨਜ਼ਰ ਆ ਰਿਹਾ ਸੀ ਕਿ ਚੀਨ ਆਰਥਿਕ ਖੁਸ਼ਹਾਲੀ ਦੀ ਉਸ ਪੂਰਬੀ ਏਸ਼ਿਆਈ ਉਡਾਣ ਨਾਲ ਬਗਲਗੀਰ ਹੋ ਜਾਵੇਗਾ ਜੋ ਹੌਲੀ ਹੌਲੀ ਉਦਾਰਵਾਦੀ ਲੋਕਤੰਤਰ ਅਤੇ ਮੰਡੀ ਅਰਥਚਾਰੇ ਦਾ ਰੂਪ ਵਟਾ ਲਵੇਗੀ। ‘ਇਕ ਦੇਸ਼, ਦੋ ਪ੍ਰਣਾਲੀਆਂ’ ਦੀ ਇਹ ਨੀਤੀ ਤਾਇਵਾਨ ਵੱਲ ਵੀ ਸੇਧਤ ਸੀ ਜਿਸ ਉਪਰ ਚੀਨ ਆਪਣਾ ਹੱਕ ਜਤਾਉਂਦਾ ਸੀ ਅਤੇ ਇੱਥੇ ਵੀ ਚੀਨ ਦੀ ਪ੍ਰਭੂਸੱਤਾ ਅਧੀਨ ਲੰਮੇ ਅਰਸੇ ਤੱਕ ਆਪਣੀਆਂ ਸਿਆਸੀ ਅਤੇ ਆਰਥਿਕ ਸੰਸਥਾਵਾਂ ਨੂੰ ਬਣਾ ਕੇ ਰੱਖਣ ਦਾ ਵਾਅਦਾ ਕੀਤਾ ਗਿਆ ਸੀ। ਉਂਝ, 2013 ਵਿਚ ਜਦੋਂ ਸ਼ੀ ਜਿਨਪਿੰਗ ਚੀਨ ਦੇ ਸਿਰਮੌਰ ਆਗੂ ਬਣ ਕੇ ਉਭਰੇ ਅਤੇ ਦੇਸ਼ ਨੇ ਵਿਚਾਰਧਾਰਕ ਦਿਸ਼ਾ ਅਖ਼ਤਿਆਰ ਕਰਨੀ ਸ਼ੁਰੂ ਕੀਤੀ ਤਾਂ ਇਸ ਪਟਕਥਾ ਵਿਚ ਨਾਟਕੀ ਬਦਲਾਓ ਆ ਗਿਆ ਅਤੇ ਚੀਨ ਦੀ ਰਾਜਨੀਤੀ ਤੇ ਰਾਜਕੀ ਉਦਮਾਂ ਵਿਚ ਚੀਨ ਦੀ ਆਰਥਿਕ ਪਹਿਲਕਦਮੀ ਦੇ ਮੋਹਰੀ ਦਸਤੇ ਵਜੋਂ ਕਮਿਊਨਿਸਟ ਪਾਰਟੀ ਦੀ ਪਕੜ ਬਹੁਤ ਮਜ਼ਬੂਤ ਹੋ ਗਈ।
ਕੌਮੀ ਸੁਰੱਖਿਆ ’ਤੇ ਬਹੁਤ ਜਿ਼ਆਦਾ ਜ਼ੋਰ ਦੇਣ ਅਤੇ ਬਾਹਰੀ ਰਾਜਕੀ ਤੇ ਗ਼ੈਰ-ਰਾਜਕੀ ਕਾਰਕਾਂ ’ਤੇ ਸੰਦੇਹ ਨਾਲ ਇਹ ਰੁਝਾਨ ਹੋਰ ਤੇਜ਼ੀ ਫੜਨ ਲੱਗ ਪਿਆ। ਅਜਿਹੇ ਮਾਹੌਲ ਵਿਚ ਹਾਂਗ ਕਾਂਗ ਜਿਹੇ ਖੁੱਲ੍ਹੇ ਸ਼ਹਿਰ ਅਤੇ ਉਦਾਰਵਾਦੀ ਅਰਥਚਾਰੇ ਲਈ ਜਗ੍ਹਾ ਘਟ ਰਹੀ ਹੈ। ਹਾਂਗ ਕਾਂਗ ਉਪਰ ਆਪਣਾ ਕੰਟਰੋਲ ਜਮਾਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਵਿਰੋਧ ਹੋਇਆ। 2014 ਵਿਚ ਸ਼ਾਂਤਮਈ ‘ਛਤਰੀ ਲਹਿਰ’ ਕਾਫ਼ੀ ਮਕਬੂਲ ਹੋਈ ਸੀ ਜਿਸ ਤਹਿਤ ਜਿ਼ਆਦਾਤਰ ਨੌਜਵਾਨ ਪ੍ਰਦਰਸ਼ਨਕਾਰੀ ਪ੍ਰਸਤਾਵਿਤ ਹਵਾਲਗੀ ਸੰਧੀ ਖਿਲਾਫ਼ ਰੋਸ ਵਿਖਾਵੇ ਕਰਦੇ ਸਨ। ਇਸ ਸੰਧੀ ਤਹਿਤ ਭਗੌੜੇ ਮੁਲਜ਼ਮਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਉਨ੍ਹਾਂ ਨੂੰ ਚੀਨ ਦੇ ਹਵਾਲੇ ਕਰਨ ਦਾ ਪ੍ਰਬੰਧ ਸੀ। ਪੁਲੀਸ ਦੇ ਮਿਰਚਾਂ ਦੇ ਸਪਰੇਅ ਤੋਂ ਬਚਣ ਲਈ ਛਤਰੀਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਅਤੇ ਫਿਰ ਇਹ ਉਸ ਲਹਿਰ ਦਾ ਪ੍ਰਤੀਕ ਬਣ ਗਿਆ। ਉਂਝ, ਸ਼ਹਿਰ ਵਿਚ 79 ਦਿਨ ਸਾਰੀ ਸਰਗਰਮੀ ਠੱਪ ਹੋ ਜਾਣ ਕਰ ਕੇ ਇਹ ਲਹਿਰ ਦਮ ਤੋੜ ਗਈ। ਇਸ ਤੋਂ ਬਾਅਦ ਚਾਇਨੀ ਨੈਸ਼ਨਲ ਪੀਪਲਜ਼ ਕਾਂਗਰਸ ਵਲੋਂ ਹਾਂਗ ਕਾਂਗ ਕੌਮੀ ਸੁਰੱਖਿਆ ਬਿੱਲ ਪਾਸ ਕੀਤੇ ਜਾਣ ਖਿਲਾਫ਼ ਦੰਗੇ ਭੜਕ ਗਏ। ਇਸ ਬਿੱਲ ਤਹਿਤ ਆਜ਼ਾਦੀ ਦੇ ਸਵੈ-ਪ੍ਰਗਟਾਵੇ ਅਤੇ ਲੋਕਾਂ ਦੇ ਇਕੱਤਰ ਹੋਣ ਉਪਰ ਰੋਕਾਂ ਲਾਈਆਂ ਗਈਆਂ ਸਨ ਅਤੇ ਚੁਣਾਵੀ ਕੰਮਾਂ ਲਈ ਸਿਰਫ਼ ਦੇਸ਼ਭਗਤ ਮੰਨੇ ਜਾਂਦੇ ਲੋਕਾਂ ਨੂੰ ਹੀ ਤਾਇਨਾਤ ਕਰਨ ਦੀ ਆਗਿਆ ਸੀ। ਹਿੰਸਕ ਦੰਗੇ ਕਾਫ਼ੀ ਦੇਰ ਚਲਦੇ ਰਹੇ ਅਤੇ ਇਸ ਤੋਂ ਬਾਅਦ ਪੁਲੀਸ ਦਾ ਦਮਨ ਚੱਲਦਾ ਰਿਹਾ ਜਿਸ ਕਰ ਕੇ ਹਾਂਗ ਕਾਂਗ ਦੇ ਕੌਮਾਂਤਰੀ ਵਿੱਤੀ ਤੇ ਕਾਰੋਬਾਰੀ ਕੇਂਦਰ ਵਜੋਂ ਰੁਤਬੇ ਨੂੰ ਕਾਫੀ ਸੱਟ ਵੱਜੀ। ਇਸ ਦੇ ਬਹੁਤ ਸਾਰੇ ਵਸਨੀਕ ਦੂਜੇ ਦੇਸ਼ਾਂ ਵਿਚ ਚਲੇ ਗਏ ਅਤੇ ਕਈ ਕਾਰੋਬਾਰੀ ਅਦਾਰੇ ਸਿੰਗਾਪੁਰ ਤਬਦੀਲ ਹੋ ਗਏ।
ਸੜਕਾਂ ’ਤੇ ਹਿੰਸਕ ਰੋਸ ਮੁਜ਼ਾਹਰੇ ਭਾਵੇਂ ਕਾਫ਼ੀ ਘਟ ਗਏ ਪਰ ਕੋਵਿਡ-19 ਦੌਰਾਨ ਲੌਕਡਾਊੁਨ ਲਾਗੂ ਕਰਨ ਨਾਲ ਇਸ ਸ਼ਹਿਰ ਪ੍ਰਤੀ ਨਾਂਹਮੁਖੀ ਨਜ਼ਰੀਆ ਹੋਰ ਪੁਖਤਾ ਹੋ ਗਿਆ। ਚੀਨ ਨਾਲ ਕਦਮ-ਤਾਲ ਕਰਦੇ ਹੋਏ ਹਾਂਗ ਕਾਂਗ ਨੇ ਦਸੰਬਰ 2022 ਵਿਚ ਕੋਵਿਡ ਨਾਲ ਸਬੰਧਿਤ ਰੋਕਾਂ ਹਟਾ ਲਈਆਂ ਅਤੇ ਉਦੋਂ ਤੋਂ ਹੀ ਇਹ ਆਪਣੇ ਆਪ ਨੂੰ ਖੇਤਰੀ ਅਤੇ ਕੌਮਾਂਤਰੀ ਕਾਰੋਬਾਰੀ ਤੇ ਵਿੱਤੀ ਕੇਂਦਰ ਵਜੋਂ ਮੁੜ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੋਇਆ ਹੈ। ਚਲੰਤ ਬਿਰਤਾਂਤ ਇਹ ਹੈ ਕਿ ਹਾਂਗ ਕਾਂਗ ਕਾਰੋਬਾਰ ਲਈ ਖੁੱਲ੍ਹਾ ਹੈ ਅਤੇ ਇਹ ਸਥਿਰਤਾ ਤੇ ਸੁਰੱਖਿਆ ਮੁਹੱਈਆ ਕਰਵਾ ਰਿਹਾ ਹੈ। ਚੀਨ ਦੇ ਅਰਥਚਾਰੇ ਨਾਲ ਇਸ ਦੀ ਨੇੜਤਾ ਨੂੰ ਇਕ ਰੋਕ ਦੀ ਬਜਾਇ ਅਸਾਸੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਚੀਨ ਦੇ ਆਪਣੇ ਅਰਥਚਾਰੇ ਦੀ ਰਫ਼ਤਾਰ ਮੱਠੀ ਪੈ ਰਹੀ ਹੈ ਅਤੇ ਪ੍ਰਾਪਰਟੀ ਖੇਤਰ ਲੜਖੜਾਉਣ ਅਤੇ ਕਰਜ਼ੇ ਦਾ ਬੋਝ ਵਧਣ ਕਰ ਕੇ ਇਸ ਨੂੰ ਹਾਂਗ ਕਾਂਗ ਦੀ ਕੀਮਤ ਦਾ ਅਹਿਸਾਸ ਹੋ ਗਿਆ ਹੈ ਜਿਸ ਨੂੰ ਬਾਕੀ ਦੁਨੀਆ ਨਾਲ ਜੋੜਨ ਵਾਲੇ ਪੁਲ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਅਤੇ ਇਸ ਨੂੰ ਕਾਰੋਬਾਰੀ ਕੇਂਦਰ ਵਜੋਂ ਮੁੜ ਸੁਰਜੀਤ ਕਰਨ ਲਈ ਚੀਨ ਵਲੋਂ ਕਾਫ਼ੀ ਨਿਵੇਸ਼ ਕੀਤਾ ਗਿਆ ਹੈ।
ਕੀ ਇਨ੍ਹਾਂ ਕੋਸ਼ਿਸ਼ਾਂ ਦਾ ਸਹੀ ਸੰਦੇਸ਼ ਜਾ ਰਿਹਾ ਹੈ? ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਹਾਂਗ ਕਾਂਗ ਵਿਚ ਚੀਨ ਅਤੇ ਦੂਜੇ ਦੇਸ਼ਾਂ ਤੋਂ ਸੈਲਾਨੀਆਂ ਅਤੇ ਕਾਰੋਬਾਰ ਦੀ ਆਮਦ ਵਿਚ ਕਾਫ਼ੀ ਇਜ਼ਾਫ਼ਾ ਹੋਇਆ ਹੈ ਪਰ ਹਾਲੇ ਇਹ ਮੌਜੂਦਾ ਸਮੱਰਥਾ ਤੋਂ ਕਾਫ਼ੀ ਹੇਠਾਂ ਚੱਲ ਰਿਹਾ ਹੈ। ਉੱਥੇ ਕਈ ਸਾਲਾਂ ਤੋਂ ਰਹਿਣ ਵਾਲੇ ਕੁਝ ਭਾਰਤੀਆਂ ਨੇ ਮੈਨੂੰ ਦੱਸਿਆ ਕਿ ਕਾਰੋਬਾਰ ਅਜੇ ਵੀ ਮੱਠੀ ਰਫ਼ਤਾਰ ਨਾਲ ਚੱਲ ਰਿਹਾ ਹੈ ਪਰ ਉਹ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਉਪਰ ਇੱਥੋਂ ਚਲੇ ਜਾਣ ਦਾ ਕੋਈ ਦਬਾਓ ਨਹੀਂ ਹੈ। ਮੁੱਖ ਤੌਰ ’ਤੇ ਗੋਰੇ ਪਰਵਾਸੀ ਹੀ ਉੱਥੋਂ ਗਏ ਸਨ ਅਤੇ ਉਨ੍ਹਾਂ ਨੂੰ ਅਜੇ ਤੱਕ ਵੀ ਯਕੀਨ ਨਹੀਂ ਹੋ ਰਿਹਾ ਕਿ ਹਾਂਗ ਕਾਂਗ ਨੇ ਆਜ਼ਾਦ ਅਤੇ ਕਾਨੂੰਨੀ ਤੇ ਵਾਜਬਿ ਅਧਿਕਾਰ ਖੇਤਰ ਵਜੋਂ ਆਪਣੀ ਭਰੋਸੇਯੋਗਤਾ ਮੁੜ ਹਾਸਲ ਕਰ ਲਈ ਹੈ। ਅਮਰੀਕਾ ਨੇ ਚੀਨ ’ਤੇ ਲਾਗੂ ਕੀਤੀਆਂ ਆਰਥਿਕ ਅਤੇ ਤਕਨੀਕੀ ਤਬਾਦਲੇ ਦੀਆਂ ਪਾਬੰਦੀਆਂ ਦਾ ਦਾਇਰਾ ਹਾਂਗ ਕਾਂਗ ਤੱਕ ਵਧਾ ਦਿੱਤਾ ਹੈ। ਹਾਂਗ ਕਾਂਗ ਅਮਰੀਕੀ ਉਚ ਤਕਨਾਲੋਜੀ ਅਤੇ ਸੰਵੇਦਨਸ਼ੀਲ ਵਸਤਾਂ ਤੱਕ ਰਸਾਈ ਦਾ ਬਦਲਵਾਂ ਰਾਹ ਬਣਿਆ ਰਿਹਾ ਸੀ ਪਰ ਹੁਣ ਇਹ ਰਾਹ ਜੇ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ ਤਾਂ ਵੀ ਕਾਫ਼ੀ ਸੁੰਗੜ ਗਿਆ ਹੈ।
ਇਸ ਦੇ ਨਾਲ ਹੀ ਇੱਥੇ ਚੀਨੀ ਆਬਾਦੀ ਨੂੰ ਲਿਆਉਣ ਦੀ ਬੱਝਵੀਂ ਕੋਸ਼ਿਸ਼ ਹੋ ਰਹੀ ਹੈ। ਸਮੁੰਦਰ ਵਿਚ ਜਗ੍ਹਾ ਹਾਸਲ ਕਰ ਕੇ ਨਵੇਂ ਕਲਚਰ ਡਿਸਟ੍ਰਿਕਟ ਵਿਚ ਸ਼ਾਨਦਾਰ ਪੈਲੇਸ ਮਿਊਜ਼ੀਅਮ ਕਾਇਮ ਕੀਤਾ ਗਿਆ ਹੈ। ਇਸ ’ਚੋਂ ਪੇਈਚਿੰਗ ਪੈਲੇਸ ਮਿਊਜ਼ੀਅਮ ਦੀਆਂ ਕਈ ਝਲਕੀਆਂ ਦਿਖਾਈ ਦਿੰਦੀਆਂ ਹਨ। ਇੱਥੇ ਮੈਨੂੰ ਸੀਚੁਆਨ ਦੀਆਂ ਕੁਝ ਦੁਰਲੱਭ ਪੁਰਾਤਤਵ ਲੱਭਤਾਂ ਦੇਖਣ ਦਾ ਮੌਕਾ ਮਿਲਿਆ ਸੀ ਜਿਨ੍ਹਾਂ ਵਿਚ ਸੰਭਾਵੀ ਤੌਰ ’ਤੇ ਹਾਨ ਕਾਲ ਤੋਂ ਪਹਿਲਾਂ ਦੇ ਕੁਝ ਕਾਂਸੀ ਦੀਆਂ ਵਸਤਾਂ ਵੀ ਸ਼ਾਮਲ ਸਨ। ਕੁਝ ਹੋਰ ਨੁਮਾਇਸ਼ਾਂ ਵਿਚ ਚੀਨ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਉਭਾਰਿਆ ਗਿਆ ਸੀ ਤਾਂ ਕਿ ਹਾਂਗ ਕਾਂਗ ਵਾਸੀ ਇਸ ਤੋਂ ਜਾਣੂ ਹੋ ਸਕਣ ਕਿ ਉਹ ਕਿਸ ਮਹਾਨ ਸਭਿਅਤਾ ਨਾਲ ਜੁੜੇ ਹੋਏ ਹਨ। ਹਾਲ ਹੀ ਵਿਚ ਚੀਨ ਦਾ ਪਹਿਲਾ ਵਿਮਾਨ ਵਾਹਕ ਲਾਓਨਿੰਗ ਮੁਕਾਮੀ ਵਸਨੀਕਾਂ ਦੀ ਮੌਜੂਦਗੀ ਵਿਚ ਹਾਂਗ ਕਾਂਗ ਦੇ ਹਾਰਬਰ ’ਤੇ ਪਹੁੰਚਿਆ ਸੀ ਤਾਂ ਕਿ ਲੋਕਾਂ ਅੰਦਰ ਆਪਣੇ ਦੇਸ਼ ਦੀ ਵਧਦੀ ਫ਼ੌਜੀ ਤਾਕਤ ਪ੍ਰਤੀ ਗੌਰਵ ਦੀ ਭਾਵਨਾ ਪੈਦਾ ਹੋ ਸਕੇ।
ਅਸੀਂ ਦੇਖ ਰਹੇ ਹਾਂ ਕਿ ‘ਦੋ ਟੰਗਾਂ ’ਤੇ ਚੱਲਣ’ ਦੇ ਚੀਨੀ ਅਸੂਲ ਨੂੰ ਅਮਲ ਵਿਚ ਉਤਾਰਿਆ ਜਾ ਰਿਹਾ ਹੈ ਜਿਸ ਤਹਿਤ ਇਕ ਪਾਸੇ ਹਾਂਗ ਕਾਂਗ ਦੇ ਕੌਮਾਂਤਰੀ ਤੇ ਵਿਆਪਕ ਕਿਰਦਾਰ ਨੂੰ ਰੇਖਾਂਕਤ ਕੀਤਾ ਜਾਂਦਾ ਹੈ ਅਤੇ ਦੂਜੇ ਪਾਸੇ ਇਸ ਦੀ ਚੀਨੀ ਪਛਾਣ ਨੂੰ ਉਭਾਰਿਆ ਜਾ ਰਿਹਾ ਹੈ, ਭਾਵੇਂ ਪੈੜਚਾਲ ਵਿਚ ਝਿਜਕ ਹਾਲੇ ਤੱਕ ਬਣੀ ਹੋਈ ਹੈ।
*ਲੇਖਕ ਸਾਬਕਾ ਵਿਦੇਸ਼ ਸਕੱਤਰ ਅਤੇ ਸੀਪੀਆਰ ਦੇ ਆਨਰੇਰੀ ਫੈਲੋ ਹਨ।
Advertisement

Advertisement