ਦੇਸ਼ ਨੂੰ ਨਵੇਂ ਇੰਜਣ ਵਾਲੀ ਸਰਕਾਰ ਦੀ ਲੋੜ: ਭਗਵੰਤ ਮਾਨ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 26 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਲੇ 15 ਦਿਨਾਂ ਦੌਰਾਨ ‘ਆਪ’ ਵੱਲੋਂ ਹਰਿਆਣਾ ’ਚ ਕੀਤੀਆਂ ਜਾਣ ਵਾਲੀਆਂ 45 ਰੈਲੀਆਂ ਦੀ ਸ਼ੁਰੂਆਤ ਅੱਜ ਡੱਬਵਾਲੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤੀ। ਉਨ੍ਹਾਂ ਕਰੀਬ ਪੌਣਾ ਘੰਟਾ ਲੰਬੀ ਤਰਕੀਰ ਵਿੱਚ ਹਰਿਆਣਾ ਦੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ।
ਭਗਵੰਤ ਮਾਨ ਨੇ ਭਾਜਪਾ ਦੇ ‘ਡਬਲ ਇੰਜਣ’ ਜੁਮਲੇ ’ਤੇ ਤਨਜ਼ ਕਸਦਿਆਂ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦਾ ਇੰਜਣ (ਮਨੋਹਰ ਲਾਲ ਖੱਟਰ) ਅੱਧ ਵਿਚਾਲੇ ਖ਼ਰਾਬ ਹੋ ਗਿਆ ਅਤੇ ਹੁਣ ਨਵਾਂ ਇੰਜਣ (ਸਾਹਿਬ ਸਿੰਘ ਸੈਣੀ) ਬਦਲ ਕੇ ਗੱਡੀ ਚਲਾਈ ਜਾ ਰਹੀ ਹੈ। ਅਸਲ ਵਿੱਚ ਦੇਸ਼ ਨੂੰ ਨਵੇਂ ਇੰਜਣ ਦੀ ਲੋੜ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਰੁਜ਼ਗਾਰ ਅਤੇ ਬੇਰੁਜ਼ਗਾਰੀ ਦੇ ਮੁੱੱਦੇ ’ਤੇ ਘੇਰਦਿਆਂ ਕਿਹਾ ਕਿ ਅਗਨੀਵੀਰ ਦੀ 18 ਸਾਲ ਤੋਂ 22 ਸਾਲ ਉਮਰ ਤੱਕ ਨੌਕਰੀ ਦੇਸ਼ ਦੇ ਨੌਜਵਾਨ ਵਰਗ ਨਾਲ ਸਿੱੱਧੇ ਤੌਰ ’ਤੇ ਖਿਲਵਾੜ ਹੈ। ਭ
ਗਵੰਤ ਮਾਨ ਨੇ 43 ਹਜ਼ਾਰ ਨੌਕਰੀਆਂ ਦੇਣ ਦਾ ਵਾਅਦਾ ਕਰਦਿਆਂ ਆਖਿਆ ਕਿ ਡੱਬਵਾਲੀ ਉਨ੍ਹਾਂ ਲਈ ਬੇਗਾਨਾ ਇਲਾਕਾ ਨਹੀਂ ਹੈ ਅਤੇ ਇਸ ਨਾਲ ਪੰਜਾਬ ਦੀ ਹੱਦ ਖਹਿੰਦੀ ਹੈ। ਉਨ੍ਹਾਂ ਦੁੱਖ-ਤਰਲੀਫ਼ਾਂ ਅਤੇ ਸਮੱਸਿਆਵਾਂ ਸਾਂਝੀਆਂ ਹੋਣ ਕਰਕੇ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ‘ਆਪ’ ਦੀ ਸਾਂਝੀ ਸਰਕਾਰ ਬਣਾਉਣ ਲਈ ਲੋਕਾਂ ਨੂੰ ਵੋਟਾਂ ਦੀ ਅਪੀਲ ਕੀਤੀ। ਰੈਲੀ ’ਚ ਮੰਡੀ ਕਿੱਲਿਆਂਵਾਲੀ (ਲੰਬੀ ਹਲਕੇ) ਦੀ ਪੁਰਾਣੀ ਸੀਵਰੇਜ ਸਮੱਸਿਆ ਤੇ ਬੰਦ ਰਜਿਸਟਰੀਆਂ ਦਾ ਮਾਮਲਾ ਲੈ ਕੇ ਪੁੱਜੇ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਇਸ ਮੌਕੇ ‘ਆਪ’ ਸਿਰਸਾ ਲੋਕ ਸਭਾ ਦੇ ਪ੍ਰਧਾਨ ਅਤੇ ਰੈਲੀ ਪ੍ਰਬੰਧਕ ਕੁਲਦੀਪ ਸਿੰਘ ਗਦਰਾਨਾ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਵਾਂਗ ਹਰਿਆਣਾ ਵਿੱਚ ‘ਆਪ’ ਦੀ ਇਨਕਲਾਬੀ ਸਰਕਾਰ ਸਥਾਪਤ ਹੋਣ ਦਾ ਮੁੱਢ ਬੱਝ ਗਿਆ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਾਂਗ ਹਰਿਆਣਾ ਦੀ ਰਵਾਇਤੀ ਪਰਿਵਾਦ ਦੀ ਰਾਜਨੀਤੀ ਤੋਂ ਖਹਿੜਾ ਛੁੱਟ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਬਣਨ ’ਤੇ ਪਹਿਲਾਂ ਕੰਮ ਡੱਬਵਾਲੀ ਨੂੰ ਜ਼ਿਲ੍ਹਾ ਬਣਾਉਣ ਦਾ ਕੀਤਾ ਜਾਵੇਗਾ।
ਬਠਿੰਡਾ ਰਿਫ਼ਾਇਨਰੀ ਦੇ ਪ੍ਰਦੂਸ਼ਣ ਦੀ ਮੰਗ ਅਤੇ ਬੰਦ ਰਜਿਸਟਰੀਆਂ ਦੇ ਮੁੱਦੇ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਜ਼ਰਅੰਦਾਜ਼ ਕਰ ਦਿੱਤਾ।