ਦੇਸ਼ ਨੇ ਅਜੇ ਵਿਕਾਸ ਦੀ ਸਿਰਫ਼ ਝਲਕ ਦੇਖੀ: ਮੋਦੀ
ਮੇਰਠ, 31 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਸਿਰਫ਼ ਸਰਕਾਰ ਬਣਾਉਣ ਲਈ ਨਹੀਂ ਹਨ ਬਲਕਿ ‘ਵਿਕਸਿਤ ਭਾਰਤ’ ਬਣਾਉਣ ਲਈ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਨਾ ਸਿਰਫ਼ ਵਿਕਾਸ ਦੀ ਝਲਕ ਦੇਖੀ ਹੈ ਬਲਕਿ ਉਨ੍ਹਾਂ ਦੀ ਸਰਕਾਰ ਅਗਲੇ ਪੰਜ ਸਾਲਾਂ ਲਈ ਰੋਡਮੈਪ ਤਿਆਰ ਕਰ ਰਹੀ ਹੈ। ਲੋਕ ਸਭਾ ਚੋਣਾਂ ਦਾ ਐਲਾਨ ਹੋਣ ਮਗਰੋਂ ਉੱਤਰ ਪ੍ਰਦੇਸ਼ ’ਚ ਆਪਣੀ ਪਹਿਲੀ ਰੈਲੀ ਕਰਦਿਆਂ ਮੋਦੀ ਨੇ ਮੇਰਠ ਨੂੰ ‘ਕ੍ਰਾਂਤੀ ਤੇ ਕ੍ਰਾਂਤੀਕਾਰੀਆਂ’ ਦੀ ਧਰਤੀ ਕਿਹਾ ਜਿਸ ਨੇ ਦੇਸ਼ ਨੂੰ ਚਰਨ ਸਿੰਘ ਚੌਧਰੀ ਜਿਹੇ ਆਗੂ ਦਿੱਤੇ।
ਪ੍ਰਧਾਨ ਮੰਤਰੀ ਨੇ ਕਿਹਾ, ‘ਸਾਡੀ ਸਰਕਾਰ ਨੇ ਪਹਿਲਾਂ ਹੀ ਆਪਣੇ ਤੀਜੇ ਕਾਰਜਕਾਲ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਸੀਂ ਅਗਲੇ ਪੰਜ ਸਾਲਾਂ ਲਈ ਰੋਡਮੈਪ ਤਿਆਰ ਕਰ ਰਹੇ ਹਾਂ। ਪਹਿਲੇ 100 ਦਿਨਾਂ ਅੰਦਰ ਲਏ ਜਾਣ ਵਾਲੇ ਵੱਡੇ ਫ਼ੈਸਲਿਆਂ ’ਤੇ ਕੰਮ ਕੀਤਾ ਜਾ ਰਿਹਾ ਹੈ।’ ਉਨ੍ਹਾਂ ਕਿਹਾ, ‘ਪਿਛਲੇ 10 ਸਾਲਾਂ ਦੌਰਾਨ ਤੁਸੀਂ ਸਿਰਫ਼ ਵਿਕਾਸ ਦੀ ਝਲਕ ਦੇਖੀ ਹੈ। ਹੁਣ ਅਸੀਂ ਦੇਸ਼ ਨੂੰ ਹੋਰ ਅੱਗੇ ਲਿਜਾਵਾਂਗੇ।’ ਉਨ੍ਹਾਂ ਕਿਹਾ ਕਿ ਉਨ੍ਹਾਂ ਗਰੀਬੀ ’ਚ ਜ਼ਿੰਦਗੀ ਗੁਜ਼ਾਰੀ ਹੈ ਇਸ ਲਈ ਉਹ ਗਰੀਬਾਂ ਦੇ ਦੁੱਖ, ਗਰੀਬਾਂ ਦੀ ਤਕਲੀਫ ਤੇ ਗਰੀਬਾਂ ਦਾ ਦਰਦ ਚੰਗੀ ਤਰ੍ਹਾਂ ਸਮਝ ਸਕਦੇ ਹਨ। ਉਨ੍ਹਾਂ ਕਿਹਾ, ‘ਇਸੇ ਲਈ ਮੈਂ ਗਰੀਬਾਂ ਨੂੰ ਧਿਆਨ ’ਚ ਰੱਖ ਕੇ ਯੋਜਨਾਵਾਂ ਤਿਆਰ ਕਰਦਾ ਹਾਂ। ਅਸੀਂ ਗਰੀਬਾਂ ਨੂੰ ਸਿਰਫ਼ ਸਸ਼ਕਤ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਦਾ ਆਤਮ ਸਨਮਾਨ ਵੀ ਬਹਾਲ ਕੀਤਾ ਹੈ।’ ਪ੍ਰਧਾਨ ਮੰਤਰੀ ਨੇ ਮੇਰਠ ਦੀ ਰੈਲੀ ਤੋਂ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਮੁਹਿੰਮ ਸ਼ੁਰੂ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਯਾਦ ਕੀਤਾ ਅਤੇ ਕਿਹਾ ਕਿ 2024 ਦਾ ਲੋਕ ਫਤਵਾ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਮਹਾਸ਼ਕਤੀ ਬਣਾਏਗਾ। ਇੱਥੇ ਰੈਲੀ ਦੌਰਾਨ ਆਰਐੱਲਡੀ, ਅਪਨਾ ਦਲ ਤੇ ਐੱਨਡੀਏ ਗੱਠਜੋੜ ਦੀਆਂ ਹੋਰ ਪਾਰਟੀਆਂ ਨਾਲ ਮੰਚ ਸਾਂਝਾ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦੇਣ ਦਾ ਮੌਕਾ ਮਿਲਿਆ। ਮੇਰਠ ਨਾਲ ਆਪਣੇ ਵੱਖਰੇ ਰਿਸ਼ਤੇ ਦੀ ਗੱਲ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ 2014 ਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਇੱਥੇ ਮੇਰਠ ਤੋਂ ਹੀ ਕੀਤੀ ਸੀ ਅਤੇ ਹੁਣ 2024 ਦੀਆਂ ਚੋਣਾਂ ਦੀ ਪਹਿਲੀ ਰੈਲੀ ਵੀ ਇੱਥੇ ਮੇਰਠ ’ਚ ਹੀ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਕੌਣ ਸੰਸਦ ਮੈਂਬਰ ਬਣੇ, ਕੌਣ ਨਾ ਬਣੇ, ਇਹ ਚੋਣਾਂ ਇਸ ਗੱਲ ਲਈ ਨਹੀਂ ਹਨ। 2024 ਦੀਆਂ ਚੋਣਾਂ ਵਿਕਸਿਤ ਭਾਰਤ ਬਣਾਉਣ ਲਈ ਹਨ। 2024 ਦੀਆਂ ਚੋਣਾਂ ਦਾ ਲੋਕ ਫਤਵਾ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਬਣਾਏਗਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਰੁਕਣ ਵਾਲੀ ਨਹੀਂ ਹੈ ਅਤੇ ਉਹ ਭ੍ਰਿਸ਼ਟਾਚਾਰ ’ਚ ਸ਼ਾਮਲ ਹਰ ਵਿਅਕਤੀ ਖ਼ਿਲਾਫ਼ ਸਖਤ ਕਾਰਵਾਈ ਕਰਨਗੇ। ਉਨ੍ਹਾਂ ਕਿਹਾ, ‘ਮੈਂ ਦੇਸ਼ ਨੂੰ ਬਚਾਉਣ ਲਈ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਲੜਾਈ ਲੜ ਰਿਹਾ ਹਾਂ। ਇਸ ਲਈ ਉਹ (ਵਿਰੋਧੀ ਆਗੂ) ਅੱਜ ਜੇਲ੍ਹ ਅੰਦਰ ਹਨ ਅਤੇ ਉਨ੍ਹਾਂ ਨੂੰ ਸੁਪਰੀਮ ਕੋਰਟ ਤੋਂ ਵੀ ਜ਼ਮਾਨਤ ਨਹੀਂ ਮਿਲ ਰਹੀ।’ ਰੈਲੀ ਵਿੱਚ ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜੈਅੰਤ ਚੌਧਰੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਮੇਰਠ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਰੁਣ ਗੋਵਿਲ ਵੀ ਹਾਜ਼ਰ ਸਨ। -ਪੀਟੀਆਈ
ਮੋਦੀ ਨੇ ਯੂਪੀ ਦੇ ਅਹਿਮ ਮੁੱਦਿਆਂ ’ਤੇ ਚੁੱਪ ਧਾਰੀ: ਜੈਰਾਮ ਰਮੇਸ਼
ਨਵੀਂ ਦਿੱਲੀ: ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਦੇ ਅਹਿਮ ਮਸਲਿਆਂ ’ਤੇ ਚੁੱਪ ਧਾਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਮਹਿਲਾਵਾਂ, ਕਿਸਾਨਾਂ ਤੇ ਨੌਜਵਾਨਾਂ ਨੂੰ ਨਾਕਾਮ ਕਰ ਦਿੱਤਾ ਹੈ। ਰਮੇਸ਼ ਨੇ ਕਿਹਾ ਆਪਣੇ ਅਸਲ ਇਰਾਦੇ ਜ਼ਾਹਿਰ ਹੋਣ ਤੋਂ ਬਚਣ ਲਈ ਉਨ੍ਹਾਂ ਇਨ੍ਹਾਂ ਅਹਿਮ ਮਸਲਿਆਂ ’ਤੇ ਚੁੱਪ ਧਾਰੀ ਹੋਈ ਹੈ ਅਤੇ ਉਹ ਮੁੱਦੇ ਸੂਚੀਬੱਧ ਕੀਤੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਲੋਕ ਪ੍ਰਧਾਨ ਮੰਤਰੀ ਤੋਂ ਸੁਣਨ ਦੀ ਉਮੀਦ ਕਰ ਰਹੇ ਹਨ। ਰਮੇਸ਼ ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਨੂੰ ਜਨਤਕ ਤੌਰ ’ਤੇ ਮਹਿਲਾ ਸ਼ਕਤੀਕਰਨ ਤੇ ਨਾਰੀ ਸ਼ਕਤੀ ਬਾਰੇ ਗੱਲ ਕਰਨਾ ਪਸੰਦ ਹੈ ਪਰ ਉਨ੍ਹਾਂ ਭਾਰਤੀ ਮਹਿਲਾਵਾਂ ਨੂੰ ਵਾਰ-ਵਾਰ ਨਾਕਾਮ ਕੀਤਾ ਹੈ ਅਤੇ ਇੱਥੋਂ ਤੱਕ ਕਿ ਆਪਣੀ ਪਾਰਟੀ ਦੇ ਅੰਦਰ ਵੀ। ਸਿਰਫ਼ ਦੋ ਹਫ਼ਤੇ ਪਹਿਲਾਂ ਭਾਜਪਾ ਮਹਿਲਾ ਮੋਰਚਾ ਦੀ ਮੀਤ ਪ੍ਰਧਾਨ ਨੇ ਪਾਰਟੀ ਛੱਡ ਦਿੱਤੀ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਪਾਰਟੀ ਦੇ ਮਹਿਲਾ ਵਰਕਰਾਂ ਨਾਲ ਬਦਲਸੂਕੀ ਕੀਤੀ ਜਾਂਦੀ ਸੀ।’ ਉਨ੍ਹਾਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ਮਹਿਲਾ ਮੋਰਚਾ ਦੀ ਪ੍ਰਧਾਨ ਨਾਲ ਸਥਾਨਕ ਆਗੂਆਂ ਨੇ ਛੇੜਛਾੜ ਕੀਤੀ। ਰਮੇਸ਼ ਨੇ ਦੋਸ਼ ਲਾਇਆ ਜਦੋਂ ਭਾਰਤ ਦੀਆਂ ਮਹਿਲਾ ਪਹਿਲਵਾਨਾਂ ਨੇ ਪਿਛਲੇ ਸਾਲ ਨਿਆਂ ਲਈ ਲੜਾਈ ਲੜੀ ਤਾਂ ਮੋਦੀ ਸਰਕਾਰ ਆਪਣੇ ਸਿਆਸੀ ਹਿੱਤਾਂ ਲਈ ਉਨ੍ਹਾਂ ਨੂੰ ਧੋਖਾ ਦੇਣ ਵਾਲੀ ਪਹਿਲੀ ਸਰਕਾਰ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ’ਚ ਵੀ ਨਾਕਾਮ ਰਹੀ ਹੈ। -ਪੀਟੀਆਈ
ਕਾਂਗਰਸ ’ਤੇ ਕੱਚਾਤੀਵੂ ਟਾਪੂ ਸ੍ਰੀਲੰਕਾ ਨੂੰ ਦੇਣ ਦਾ ਲਾਇਆ ਦੋਸ਼
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ’ਚ ਆਈ ਇੱਕ ਖ਼ਬਰ ਦੇ ਹਵਾਲੇ ਨਾਲ ਅੱਜ ਕਿਹਾ ਕਿ ਨਵੇਂ ਤੱਥਾਂ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਨੇ ਕੱਚਾਤੀਵੂ ਟਾਪੂ ਸੰਵੇਦਨਹੀਣ ਢੰਗ ਨਾਲ ਸ੍ਰੀਲੰਕਾ ਨੂੰ ਦੇ ਦਿੱਤਾ ਸੀ। ਉਨ੍ਹਾਂ ਐਕਸ ’ਤੇ ਇੱਕ ਖ਼ਬਰ ਸਾਂਝੀ ਕਰਦਿਆਂ ਕਿਹਾ, ‘ਅੱਖਾਂ ਖੋਲ੍ਹਣ ਵਾਲੀ ਤੇ ਹੈਰਾਨ ਕਰਨ ਵਾਲੀ ਖ਼ਬਰ। ਨਵੇਂ ਤੱਥਾਂ ਤੋਂ ਪਤਾ ਚਲਦਾ ਹੈ ਕਿ ਕਾਂਗਰਸ ਨੇ ਕਿਵੇਂ ਸੰਵੇਦਨਹੀਣ ਢੰਗ ਨਾਲ ਕੱਚਾਤੀਵੂ ਦੇ ਦਿੱਤਾ ਸੀ। ਇਸ ਨਾਲ ਹਰੇਕ ਭਾਰਤੀ ਨਾਰਾਜ਼ ਹੈ ਅਤੇ ਲੋਕਾਂ ਦੇ ਦਿਮਾਗ ’ਚ ਇਹ ਗੱਲ ਬੈਠ ਗਈ ਹੈ ਕਿ ਅਸੀਂ ਕਦੀ ਵੀ ਕਾਂਗਰਸ ’ਤੇ ਭਰੋਸਾ ਨਹੀਂ ਕਰ ਸਕਦੇ।’ ਪ੍ਰਧਾਨ ਮੰਤਰੀ ਨੇ ਕਿਹਾ, ‘ਭਾਰਤ ਦੀ ਏਕਤਾ, ਅਖੰਡਤਾ ਅਤੇ ਹਿੱਤਾਂ ਨੂੰ ਕਮਜ਼ੋਰ ਕਰਨਾ ਕਾਂਗਰਸ ਦਾ 75 ਸਾਲਾਂ ਤੋਂ ਕੰਮ ਕਰਨ ਦਾ ਢੰਗ ਰਿਹਾ ਹੈ।’ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਨ੍ਹਾਂ ਤੱਥਾਂ ਨਾਲ ਹਰੇਕ ਨਾਗਰਿਕ ਨੂੰ ਫਿਕਰਮੰਦ ਹੋਣਾ ਚਾਹੀਦਾ ਹੈ। ਉਨ੍ਹਾਂ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਇਹ ਮਹੱਤਵਪੂਰਨ ਹੈ ਕਿ ਲੋਕਾਂ ਨੂੰ ਸਾਡੇ ਅਤੀਤ ਬਾਰੇ ਪੂਰੀ ਸੱਚਾਈ ਪਤਾ ਲੱਗੇ।’
ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਦਾਅਵਾ ਕੀਤਾ ਕਿ ਕੇਂਦਰ ’ਚ ਤਤਕਾਲੀ ਕਾਂਗਰਸ ਸਰਕਾਰ ਦੇ ਇਸ ਫ਼ੈਸਲੇ ਕਾਰਨ ਲੋਕ ਤਾਮਿਲ ਨਾਡੂ ਦੇ ਮਛੇਰਿਆਂ ਨੂੰ ਫੜ ਲੈਂਦੇ ਹਨ ਅਤੇ ਉਨ੍ਹਾਂ ਨੂੰ ਜੇਲ੍ਹ ’ਚ ਸੁੱਟ ਦਿੰਦੇ ਹਨ ਕਿਉਂਕਿ ਉਹ ਕਈ ਵਾਰ ਭਟਕ ਕੇ ਇਸ ਦੀਪ ’ਤੇ ਚਲੇ ਜਾਂਦੇ ਹਨ ਜੋ ਉਨ੍ਹਾਂ ਦੇ ਸੂਬਾਈ ਤੱਟ ਤੋਂ ਸਿਰਫ਼ 25 ਕਿਲੋਮੀਟਰ ਦੂਰ ਹੈ। ਉਨ੍ਹਾਂ ਕਿਹਾ ਕਿ ਇਹ ਦੀਪ 1975 ਤੱਕ ਭਾਰਤ ਕੋਲ ਸੀ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਸ ਰਿਪੋਰਟ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਖ਼ਿਲਾਫ਼ ਹੈ। -ਪੀਟੀਆਈ