ਦੇਸ਼ ਦਾ ਆਪਣਾ ਰਾਹ ਦਸੇਰਾ
ਅਰਤਿੰਦਰ ਸੰਧੂ
ਇੰਟਰਨੈੱਟ ਦੇ ਆਉਣ ਨਾਲ ਦੁਨੀਆ ਦਾ ਰੰਗ ਰੂਪ, ਨੁਹਾਰ ਤੇ ਵਿਹਾਰ ਬਹੁਤ ਬਦਲ ਗਿਆ ਹੈ। ਅੱਜਕਲ੍ਹ ਕਿਤੇ ਜਾਣਾ ਹੋਵੇ, ਤੁਹਾਨੂੰ ਰਸਤੇ ਦਾ ਪਤਾ ਨਾ ਵੀ ਹੋਵੇ ਤਾਂ ਮੋਬਾਈਲ ਨੂੰ ਕਹੋ! ਤੁਹਾਨੂੰ ਰਸਤਾ ਦੱਸ ਦੇਵੇਗਾ। ਸੜਕਾਂ, ਮੋੜ, ਗਲ਼ੀਆਂ ਤੱਕ ਦੇ, ਪਿੰਡ ਸ਼ਹਿਰ ਤੋਂ ਲੈ ਕੇ, ਮਸ਼ਹੂਰ ਦਫਤਰਾਂ ਅਦਾਰਿਆਂ ਦੇ ਨਾਮ ਤੱਕ, ਜੋ ਰਸਤਿਆਂ ਵਿੱਚ ਸਥਿਤ ਹੁੰਦੇ ਹਨ। ਸਮਾਰਟ ਫੋਨਾਂ ਵਿੱਚ ਮਿਲਦੀ ਇਸ ਸਹੂਲਤ ਕਾਰਨ ਸਫ਼ਰ ਵਿੱਚ ਪੇਸ਼ ਆਉਣ ਵਾਲ਼ੇ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਹਨ। ਦੂਰ ਦੁਰਾਡੇ ਸੂਬਿਆਂ ਦੇ ਸ਼ਹਿਰਾਂ ਵਿੱਚ ਜਾਣ ਵਾਸਤੇ ਘਰ ਬੈਠੇ ਹੋਟਲ ਬੁੱਕ ਕਰਾ ਕੇ ਫੋਨ ਦੁਆਰਾ ਦੱਸੇ ਰਸਤਿਆਂ ਦੀ ਮਦਦ ਨਾਲ਼ ਤੁਸੀਂ ਉੱਥੇ ਪਹੁੰਚ ਸਕਦੇ ਹੋ। ਪੰਦਰਾਂ ਸੋਲ਼ਾਂ ਵਰ੍ਹੇ ਪਹਿਲਾਂ ਇੱਕ ਵਾਰ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਪਹਿਲੀ ਵਾਰ ਇਸ ਸਹੂਲਤ ਨੂੰ ਵੇਖਿਆ ਸੀ ਤੇ ਬਹੁਤ ਚਮਤਕਾਰੀ ਲੱਗੀ ਸੀ। ਆਪਣੇ ਦੇਸ਼ ਵਿੱਚ ਇਸ ਬਾਰੇ ਅਜੇ ਸਾਡੇ ਵਰਗੇ ਸਾਧਾਰਨ ਲੋਕਾਂ ਨੂੰ ਬਿਲਕੁਲ ਨਹੀਂ ਸੀ ਪਤਾ। ਪਰ ਉੱਥੇ ਵੀ ਅਜੇ ਇਸ ਸਹੂਲਤ ਦੀ ਉਹ ਪੁਖ਼ਤਗੀ ਨਹੀਂ ਸੀ ਜੋ ਹੁਣ ਹੈ। ਬੱਚੇ ਸਾਨੂੰ ਬਾਜ਼ਾਰ ਲੈ ਗਏ। ਫੋਨ ’ਤੇ ਰਾਹ ਦਸੇਰੇ /ਜੀ.ਪੀ.ਐੱਸ. ਰਾਹੀਂ ਲੋਕੇਸ਼ਨ ਭਰੀ ਤੇ ਉਸ ਦੇ ਮੁਤਾਬਿਕ ਤੁਰ ਪਏ। ਉਸ ਦੀ ਹਦਾਇਤ ’ਤੇ ਤੁਰਦਿਆਂ ਦੋ ਤਿੰਨ ਵਾਰ ਸਮੁੰਦਰ ਦੇ ਹੇਠੋਂ ਦੀ ਇੱਕ ਨਵੀਂ ਨਵੀਂ ਬਣੀ ਸੁਰੰਗ ਦੇ ਹੀ ਚੱਕਰ ਲੱਗ ਗਏ। ਫਿਰ ਉਸ ਨੇ ਬਰੁਕਲਿਨ ਪਹੁੰਚਾ ਦਿੱਤਾ ਜਦੋਂਕਿ ਉਹ ਥਾਂ ਮੰਗੀ ਹੀ ਨਹੀਂ ਸੀ। ਖ਼ੈਰ, ਮੈਨੂੰ ਤਾਂ ਤਸੱਲੀ ਹੀ ਹੋਈ ਸੀ ਕਿ ਜਿਸ ਥਾਂ ਦਾ ਨਾਂ ਕਈ ਵਾਰ ਪੜ੍ਹਿਆ ਤੇ ਸੀਰੀਅਲਾਂ ਵਿੱਚ ਸੁਣਿਆ ਸੀ, ਉਹ ਦੇਖੀ ਗਈ। ਪਰ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚਣ ਵਿੱਚ ਬਹੁਤ ਦੇਰ ਹੋ ਗਈ ਸੀ।
ਉਂਜ ਇਸ ਤਰ੍ਹਾਂ ਦਾ ਮਸਲਾ ਤਾਂ ਅਜੇ ਇੱਥੇ ਵੀ ਕਈ ਇਲਾਕਿਆਂ ਵਿੱਚ ਦਰਪੇਸ਼ ਹੋ ਹੀ ਜਾਂਦਾ ਹੈ। ਜਿਨ੍ਹਾਂ ਇਲਾਕਿਆਂ ਦਾ ਨਕਸ਼ਾ ਅਜੇ ਅਪਡੇਟ ਨਹੀਂ ਕੀਤਾ ਗਿਆ ਹੁੰਦਾ ਉੱਥੇ ਅਜੇ ਵੀ ਪੁਰਾਣੇ ਤੇ ਬਹੁਤ ਲੰਬੇ ਰਸਤੇ ਇਸ ਰਾਹ ਦਸੇਰੇ ਰਾਹੀਂ ਮਿਲ਼ਦੇ ਹਨ। ਕਈ ਵਾਰ ਜੀ.ਪੀ.ਐੱਸ. ਦਾ ਸਹਾਰਾ ਲੈ ਕੇ ਆਉਣ ਵਾਲ਼ੇ ਮਹਿਮਾਨ ਕਿੰਨਾ ਹੀ ਘੁੰਮ ਘੁਮਾਅ ਕਰਦਿਆਂ, ਪਰੇਸ਼ਾਨ ਹੋ ਕੇ ਘਰ ਪਹੁੰਚਦੇ ਹਨ। ਆਮ ਤੌਰ ’ਤੇ ਬੇਸ਼ੱਕ ਇਹ ਬਹੁਤ ਮਦਦਗਾਰ ਸੰਦ ਹੈ, ਪਰ ਕਿਤੇ ਰਾਹ ਰਸਤੇ ਇੰਟਰਨੈੱਟ ਨਾ ਮਿਲਣ ਕਾਰਨ ਜਾਂ ਕੋਈ ਨੁਕਸ ਪੈ ਜਾਣ ਕਾਰਨ ਇਹ ਧੋਖਾ ਵੀ ਦੇ ਸਕਦਾ ਹੈ।
ਇਸ ਜੀ.ਪੀ.ਐੱਸ. ਜਾਂ ਰਾਹ ਦਸੇਰੇ ਦੀ ਇੱਕ ਅਜਿਹੀ ਦੇਸੀ ਵਰਸ਼ਨ ਜਾਂ ਕਿਸਮ ਵੀ ਹੈ ਜੋ ਹਰ ਤਰ੍ਹਾਂ ਦੇ ਮੌਸਮ ਵਿੱਚ ਕੰਮ ਕਰਦੀ ਹੈ ਤੇ ਧੋਖਾ ਵੀ ਨਹੀਂ ਦਿੰਦੀ। ਇਸ ਵਿੱਚ ਨੁਕਸ ਵੀ ਘੱਟ ਹੀ ਪੈਂਦਾ ਹੈ। ਇਹ ਕਿਸਮ ਹੈ ਮਨੁੱਖਾਂ ਦਾ ਆਪਸੀ ਰਾਬਤਾ। ਤੁਸੀਂ ਅਣਜਾਣ ਸ਼ਹਿਰ ਵਿੱਚ ਕਿਸੇ ਦੁਕਾਨਦਾਰ ਨੂੰ ਰਸਤਾ ਪੁੱਛੋ ਤਾਂ ਉਹ ਉੱਠ ਕੇ ਤੁਹਾਨੂੰ ਸਮਝਾਉਣ ਆਉਂਦਾ ਹੈ। ਕਿਸੇ ਰਾਹਗੀਰ ਨੂੰ ਪੁੱਛੋ ਤਾਂ ਉਹ ਵੀ ਜ਼ਰੂਰ ਦੱਸਦਾ ਹੈ। ਲੋਕ ਪੂਰੀ ਤਸੱਲੀ ਨਾਲ ਤੁਹਾਨੂੰ ਦੱਸਦੇ ਹਨ ਕਿ ਸੱਜੇ ਮੁੜੋ ਜਾਂ ਖੱਬੇ ਤੇ ਕਿੰਨਵੀਂ ਸੜਕ ਜਾਂ ਗਲ਼ੀ ਵਿਚ ਤੁਹਾਨੂੰ ਲੋੜੀਂਦਾ ਥਾਂ ਲੱਭੇਗਾ। ਇਹ ਸੂਤਰ ਕੁਝ ਸਾਲਾਂ ਤੱਕ ਤਾਂ ਬਹੁਤ ਸਟੀਕ ਰਿਹਾ ਸੀ ਪਰ ਹੁਣ ਰਸਤਾ ਪੁੱਛਣ ਵਾਸਤੇ ਤੁਹਾਨੂੰ ਸਹੀ ਬੰਦਾ ਲੱਭਣਾ ਪੈਂਦਾ ਹੈ। ਦੂਜੇ ਸੂਬਿਆਂ ਦੇ ਬਹੁਤ ਸਾਰੇ ਲੋਕ ਪੰਜਾਬ ਦੇ ਵਾਸੀ ਬਣ ਚੁੱਕੇ ਹਨ। ਉਨ੍ਹਾਂ ਨੂੰ ਪੁੱਛੋ ਤਾਂ ‘ਪਤਾ ਨਹੀਂ’ ਵਾਲ਼ਾ ਜੁਆਬ ਮਿਲਦਾ ਹੈ। ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ, ਜੋ ਤੁਹਾਨੂੰ ਸਹੀ ਰਾਹੇ ਪਾ ਕੇ ਤਸੱਲੀ ਮਹਿਸੂਸ ਕਰਦੇ ਹਨ। ਅਸਲ ਵਿੱਚ ਸਾਡੇ ਦੇਸ਼ ਦੇ ਲੋਕ ਮਨ ਵਿੱਚ ਸਫ਼ਰ ਦੇ ਸੰਕਲਪ ਦਾ ਸਨਮਾਨ ਹੈ। ਇਸੇ ਕਰ ਕੇ ਬਚਪਨ ਵਿੱਚ ਜਦੋਂ ਕਿਸੇ ਵਡੇਰੇ ਨੂੰ ਕਹਿਣਾ ਕਿ ਬਾਤ/ਕਹਾਣੀ ਸੁਣਾਓ ਤਾਂ ਜੁਆਬ ਮਿਲ਼ਦਾ ਸੀ ਕਿ ਦਿਨੇ ਬਾਤਾਂ ਨਹੀ ਪਾਈਦੀਆਂ, ਦਿਨੇ ਬਾਤਾਂ ਪਾਉਣ ਨਾਲ਼ ਰਾਹੀਆਂ ਨੂੰ ਰਾਹ ਭੁੱਲ ਜਾਂਦੇ ਹਨ। ਅਕਸਰ ਬਹੁਤ ਸਾਰੀਆਂ ਬਾਤਾਂ/ਕਹਾਣੀਆਂ ਵਿੱਚ ਵੀ ਨਾਇਕ ਸਫ਼ਰ ’ਤੇ ਜਾਂਦੇ ਸਨ। ਇਤਿਹਾਸ ਪੜ੍ਹਦਿਆਂ ਵੀ ਪਤਾ ਲੱਗਦਾ ਹੈ ਕਿ ਬਾਹਰਲੇ ਦੇਸ਼ਾਂ ਤੋਂ ਇੱਥੇ ਆਉਣ ਵਾਲ਼ੇ ਯਾਤਰੂਆਂ ਨਾਲ ਵੀ ਲੋਕ ਹਮਦਰਦੀ ਨਾਲ਼ ਪੇਸ਼ ਆਉਂਦੇ ਸਨ।
ਸਫ਼ਰ ਦੇ ਇਸ ਸਨਮਾਨ ਦਾ ਇੱਕ ਸਥਾਨਕ ਕਾਰਨ ਵੀ ਹੋ ਸਕਦਾ ਹੈ। ਬਹੁਤ ਸਾਰੇ ਲੋਕ ਇੱਥੋਂ ਰੁਜ਼ਗਾਰ ਖਾਤਰ ਨੌਕਰੀਆਂ ਕਰਨ ਵਾਸਤੇ ਦੂਰ ਦੁਰਾਡੇ ਥਾਵਾਂ ’ਤੇ ਜਾਂਦੇ ਸਨ। ਇਸ ਕਰਕੇ ਵੀ ਪ੍ਰਦੇਸ ਗਿਆਂ, ਆਇਆਂ ਜਾਂ ਸਫ਼ਰ ਕਰਨ ਵਾਲਿਆਂ ਨਾਲ ਲੋਕਾਂ ਦੇ ਮਨਾਂ ਵਿੱਚ ਹਮਦਰਦੀ ਹੁੰਦੀ ਸੀ।
ਇਸ ਪੁੱਛ ਪੁੱਛ ਕੇ ਪਹੁੰਚਣ ਵਾਲ਼ੇ ਸੂਤਰ ਨੇ ਸਾਨੂੰ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਵੀ ਕਦੇ ਮੁਸ਼ਕਿਲ ਨਹੀਂ ਆਉਣ ਦਿੱਤੀ ਕਿਉਂਕਿ ਇਹ ਪੰਜਾਬੀਆਂ ਦਾ ਹੀ ਨਹੀਂ ਸਮੁੱਚੇ ਦੇਸ਼ ਦੇ ਲੋਕਾਂ ਦਾ ਗੁਣ ਹੈ। ਇਸੇ ਆਦਤ ਦੇ ਗਿੱਝਿਆਂ ਉਦੋਂ ਨਿਊਯਾਰਕ ਵਿੱਚ ਆਪਣੇ ਬੇਟੇ ਨੂੰ ਕਈ ਵਾਰ ਕਹਿੰਦੇ ਰਹੇ ਸਾਂ ਕਿ ਕਿਸੇ ਨੂੰ ਰਸਤਾ ਪੁੱਛ ਹੀ ਲੈ! ਪਰ ਉਹ ਕਹਿੰਦਾ ਰਿਹਾ ‘ਇੱਥੇ ਕਿਸੇ ਨੂੰ ਕੁਝ ਪਤਾ ਨਹੀਂ ਹੁੰਦਾ, ਨਾ ਹੀ ਕੋਈ ਦੱਸਦਾ ਹੈ’। ਹੁਣ ਤਾਂ ਹਰ ਕੋਈ ਇੰਟਰਨੈੱਟ ਦੇ ਪਰਾਂ ’ਤੇ ਹੀ ਸਵਾਰ ਹੋ ਕੇ ਖੁਸ਼ ਹੈ ਤੇ ਆਪਣਾ ਨਿਰੰਤਰ ਇਕੱਲੇ ਹੋਈ ਜਾਣਾ ਮਹਿਸੂਸ ਵੀ ਨਹੀਂ ਕਰ ਰਿਹਾ। ਸੋ ਇਸ ਵਰਤਾਰੇ ਦੇ ਫ਼ਾਇਦਿਆਂ ਦੇ ਬਾਵਜੂਦ ਮਨੁੱਖੀ ਤੰਦਾਂ ਟੁੱਟ ਰਹੀਆਂ ਹਨ।
ਸ਼ਾਇਦ ਕੁਝ ਇਸ ਤਰ੍ਹਾਂ ਦੇ ਕਾਰਨਾਂ ਨੂੰ ਮਹਿਸੂਸ ਕਰਦਿਆਂ ਹੋਇਆਂ, ਚੀਨ ਦੇ ਪੀਐੱਚ.ਡੀ. ਕਰ ਰਹੇ ਖੋਜਾਰਥੀ ਯਾਂਗ ਹਾਓ ਨੇ ਬਿਨਾ ਫੋਨ ਤੋਂ 134 ਦਿਨ, ਸਿਰਫ਼ ਦੋ ਕੈਮਰੇ ਹੀ ਲੈ ਕੇ, ਆਪਣੇ ਦੇਸ਼ ਦੇ 24 ਸੂਬਿਆਂ ਦੀ ਯਾਤਰਾ ਕੀਤੀ ਹੈ। ਉਸ ਨੇ ਦੱਸਿਆ ਕਿ ਇਹ ਸਾਰੇ ਦਿਨ ਉਹ ਫੋਨ ਵਿਚਲੀਆਂ ਧਿਆਨ ਨੂੰ ਭਟਕਾਉਣ ਵਾਲ਼ੀਆਂ ਰੀਲਾਂ ਤੇ ਨੋਟੀਫਿਕੇਸ਼ਨਾਂ ਤੋਂ ਬਚਿਆ ਰਿਹਾ ਤੇ ਆਪਣਾ ਧਿਆਨ ਪੜ੍ਹਨ ਲਿਖਣ ਦੇ ਨਾਲ, ਹੋਰ ਸਾਰਥਕ ਕੰਮਾਂ ਵੱਲ ਲਾ ਸਕਿਆ। ਉਸ ਨੂੰ ਓਪਰੀਆਂ ਥਾਵਾਂ ਤੇ ਹੋਟਲ ਬੁੱਕ ਕਰਨ ਤੇ ਪੈਸਿਆਂ ਦੇ ਲੈਣ ਦੇਣ ਵਿੱਚ ਮੁਸ਼ਕਿਲਾਂ ਤਾਂ ਆਈਆਂ ਪਰ ਹਰ ਥਾਂ ’ਤੇ ਸਥਾਨਕ ਲੋਕਾਂ ਵੱਲੋਂ ਉਸ ਦੀ ਮਦਦ ਕੀਤੇ ਜਾਣ ਕਾਰਨ ਸਭ ਮਸ਼ਕਿਲਾਂ ਹੱਲ ਹੋ ਜਾਂਦੀਆਂ ਰਹੀਆਂ।
ਹੁਣ ਬਚਪਨ ਵਿੱਚ ਸੁਣਿਆ ਸਿਆਣੀਆਂ ਔਰਤਾਂ ਦਾ ਕਥਨ ਚੇਤੇ ਆਉਂਦਾ ਹੈ ਕਿ ਪੁੱਛ ਪੁੱਛਾ ਕੇ ਤਾਂ ਬੰਦਾ ਸਾਰਾ ਦਿੱਲੀ ਦੱਖਣ ਘੁੰਮ ਆਉਂਦਾ ਏ! ਸੋ, ਇਹ ਪੁੱਛਣ ਤੇ ਰਾਹ ਦੱਸਣ ਦੇ ਸਫ਼ਲ ਫਾਰਮੂਲੇ ਵਾਲ਼ਾ ਸਾਡੇ ਦੇਸ਼ ਦਾ ਆਪਣਾ ਦੇਸੀ ਰਾਹ ਦਸੇਰਾ ਉਰਫ਼ ਜੀ.ਪੀ.ਐੱਸ. ਜ਼ਿੰਦਾਬਾਦ!
ਸੰਪਰਕ: 98153-02081