ਇੰਦਰਾ ਦੇ ਰਾਜ ’ਚ ਦੇਸ਼ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ: ਕੇਸੀਆਰ
ਆਲਮਪੁਰ/ਕੋਲਾਪੁਰ, 19 ਨਵੰਬਰ
ਬੀਆਰਐੱਸ ਸੁਪਰੀਮੋ ਕੇ. ਚੰਦਰਸ਼ੇਖਰ ਰਾਓ ਨੇ ਅੱਜ ਇੱਥੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਦੇਸ਼ ਨੂੰ ਭੁੱਖ ਕਾਰਨ ਹੋਣ ਵਾਲੀਆਂ ਮੌਤਾਂ, ਨਕਸਲੀ ਘਟਨਾਵਾਂ ਅਤੇ ਮੁਕਾਬਲਿਆਂ ਦਾ ਸਾਹਮਣਾ ਕਰਨਾ ਪਿਆ ਸੀ। ਸੂਬੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੇਸੀਆਰ ਨੇ ਦਾਅਵਾ ਕੀਤਾ ਕਿ ਕਾਂਗਰਸ ਨੇਤਾਵਾਂ ਨੂੰ ਵੋਟ ਮੰਗਦਿਆਂ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਉਹ ਆਪਣੇ ਸ਼ਾਸਨ ਦੌਰਾਨ ਪੀਣ ਵਾਲਾ ਪਾਣੀ ਮੁਹੱਈਆ ਨਹੀਂ ਕਰਵਾ ਸਕੇ, ਜਦਕਿ ਕਿਸ਼ਨਾ ਨਦੀ ਕੋਲਾਪੁਰ ਨੇੜੇ ਵਹਿ ਰਹੀ ਸੀ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਤਿਲੰਗਾਨਾ ਦੇ ਗਠਨ ਵਿੱਚ ਦੇਰੀ ਕੀਤੀ ਅਤੇ ਇੱਥੋਂ ਤੱਕ ਕਿ ਉਸ ਦੇ ਵਿਧਾਇਕਾਂ ਨੂੰ ਖਰੀਦਣ ਤੋਂ ਇਲਾਵਾ ਬੀਆਰਐੱਸ ਪਾਰਟੀ (ਉਦੋਂ ਟੀਆਰਐੱਸ) ਨੂੰ ਵੰਡਣ ਦੀ ਕੋਸ਼ਿਸ਼ ਵੀ ਕੀਤੀ। ਕੇਸੀਆਰ ਨੇ ਕਿਹਾ ਕਿ ਲੋਕ ਕਾਂਗਰਸ ਦੇ 50 ਸਾਲ ਦੇ ਸ਼ਾਸਨ ਦੀ ਤੁਲਨਾ ਉਨ੍ਹਾਂ ਦੀ ਅਗਵਾਈ ਵਾਲੀ ਬੀਆਰਐੱਸ ਸਰਕਾਰ ਦੇ 10 ਸਾਲ ਦੇ ਸ਼ਾਸਨ ਨਾਲ ਕਰਨ। -ਪੀਟੀਆਈ