ਨਿਗਮ ਦੀ ਮੀਟਿੰਗ ’ਚੋਂ ਮੁਅੱਤਲ ਕੀਤੇ ਜਾਣ ਤੋਂ ‘ਆਪ ’ਕੌਂਸਲਰ ਭੜਕੇ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 26 ਜੁਲਾਈ
ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਬੀਤੇ ਦਨਿ ਹੋਈ ਮੀਟਿੰਗ ਦੌਰਾਨ ਮੇਅਰ ਵੱਲੋਂ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੂੰ ਮੀਟਿੰਗ ’ਚੋਂ ਮੁਅੱਤਲ ਕਰ ਕੇ ਮਾਰਸ਼ਲਾਂ ਦੀ ਸਹਾਇਤਾ ਨਾਲ ਬਾਹਰ ਕੱਢੇ ਜਾਣ ਦਾ ਮਾਮਲਾ ਭਖ ਗਿਆ ਹੈ। ‘ਆਪ’ ਕੌਂਸਲਰਾਂ ਦੀ ਮੁਅੱਤਲੀ ਵਿਰੁੱਧ ਪਾਰਟੀ ਵੱਲੋਂ ਕਾਨੂੰਨੀ ਰਾਹ ਅਪਣਾਉਣ ਦੇ ਨਾਲ ਨਾਲ ਇਸ ਵਤੀਰੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇੱਥੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਨਿਗਮ ਵਿੱਚ ਵਿਰੋਧੀ ਧਿਰ ‘ਆਪ’ ਦੇ ਆਗੂ ਦਮਨਪ੍ਰੀਤ ਸਿੰਘ ਬਾਦਲ ਅਤੇ ਹੋਰ ਕੌਂਸਲਰਾਂ ਨੇ ਕਿਹਾ ਕਿ ਨਗਰ ਨਿਗਮ ਵਿੱਚ ਹਾਕਮ ਧਿਰ ਭਾਜਪਾ ਉਨ੍ਹਾਂ ਦੀ ਪਾਰਟੀ ਦੇ ਕੌਂਸਲਰਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ‘ਆਪ’ ਕੌਂਸਲਰਾਂ ਨੂੰ ਹਾਊਸ ਦੀਆਂ ਦੋ ਮਹੱਤਵਪੂਰਨ ਮੀਟਿੰਗਾਂ ’ਚੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ। ਕੌਂਸਲਰ ਦਮਨਪ੍ਰੀਤ ਬਾਦਲ ਨੇ ਕਿਹਾ ਕਿ ਭਾਜਪਾ ਦਾ ਮੁੱਖ ਟੀਚਾ ਆਪਣੇ ਚਹੇਤਿਆਂ ਨੂੰ ਟੈਂਡਰ ਦੇਣ ਲਈ ਤਜਵੀਜ਼ ਪਾਸ ਕਰਵਾਉਣੀ ਸੀ। ਭਾਜਪਾ ਨੂੰ ਪਤਾ ਸੀ ਕਿ ‘ਆਪ’ ਕੌਂਸਲਰਾਂ ਦੀ ਮੌਜੂਦਗੀ ਵਿੱਚ ਇਹ ਟੀਚਾ ਪੂਰਾ ਨਹੀਂ ਹੋਣ ਵਾਲਾ। ਇਸੇ ਲਈ ਭਾਜਪਾ ਨੇ ਪਹਿਲਾਂ ਤੋਂ ਤਿਆਰ ਕੀਤੀ ਗਈ ਯੋਜਨਾ ਤਹਿਤ ‘ਆਪ’ ਦੇ ਸਾਰੇ ਕੌਂਸਲਰਾਂ ਨੂੰ ਬਾਹਰ ਕੱਢਣ ਦੀ ਸਾਜਿਸ਼ ਰਚੀ ਹੈ।
‘ਆਪ’ ਕੌਂਸਲਰ ਜਸਬੀਰ ਸਿੰਘ ਲਾਡੀ ਨੇ ਕਿਹਾ ਕਿ ਸਦਨ ਦੀ ਪਿਛਲੀ ਮੀਟਿੰਗ ਵਿੱਚ ਸੰਸਦ ਮੈਂਬਰ ਕਿਰਨ ਖੇਰ ਵੱਲੋਂ ਉਨ੍ਹਾਂ ਨੂੰ ਬੋਲੇ ਗਏ ਅਪਸ਼ਬਦਾਂ ਸਬੰਧੀ ਜਵਾਬ ਦੇਣ ਲਈ ਕੋੀ ਤਿਆਰ ਨਹੀਂ। ਉਹ ਹਾਊਸ ਵਿੱਚ ਭਾਜਪਾ ਤੋਂ ਜਵਾਬ ਮੰਗ ਰਹੇ ਸਨ ਤਾਂ ਇੱਕ ਵੀ ਗੱਲ ਨਹੀਂ ਸੁਣੀ ਗਈ ਅਤੇ ਧੱਕੇਸ਼ਾਹੀ ਨਾਲ ਉਨ੍ਹਾਂ ਦੀ ਪਾਰਟੀ ਦੇ ਕੌਂਸਲਰਾਂ ਨੂੰ ਮੀਟਿੰਗ ਤੋਂ ਮੁਅੱਤਲ ਕਰ ਕੇ ਬਾਹਰ ਕੱਢ ਦਿੱਤਾ ਗਿਆ। ਲਾਡੀ ਨੇ ਕਿਹਾ ਕਿ ਚੰਡੀਗੜ੍ਹ ਕਾਂਗਰਸ ਦਾ ਕੋਈ ਸਟੈਂਡ ਨਹੀਂ ਹੈ। ਮੀਟਿੰਗ ਦੌਰਾਨ ਕਾਂਗਰਸ ਤੇ ਭਾਜਪਾ ਨੇ ਇੱਕ ਵਿਉਂਤਬੰਦੀ ਤਹਿਤ ‘ਆਪ’ ਕੌਂਸਲਰਾਂ ਨਾਲ ਇਹ ਵਤੀਰਾ ਕੀਤਾ ਅਤੇ ਲੋਕਤੰਤਰ ਦੀ ਹੱਤਿਆ ਕੀਤੀ। ਉਨ੍ਹਾਂ ਕਿਹਾ ਬੀਤੇ ਦਨਿ ਨਗਰ ਨਿਗਮ ਵਿੱਚ ਹੋਈ ਇਸ ਧੱਕੇਸ਼ਾਹੀ ਨੂੰ ਲੈ ਕੇ ਕਾਨੂੰਨੀ ਰਾਏ ਲਈ ਜਾ ਰਹੀ ਹੈ, ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।