ਅਕਾਲੀ ਦਲ ’ਚੋਂ ਕੱਢੇ ਕੌਂਸਲਰਾਂ ਵੱਲੋਂ ਕੋਈ ਨੋਟਿਸ ਨਾ ਮਿਲਣ ਦਾ ਦਾਅਵਾ
ਮਨੋਜ ਸ਼ਰਮਾ
ਬਠਿੰਡਾ, 17 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੱਲ੍ਹ ਆਪਣੀ ਬਠਿੰਡਾ ਫੇਰੀ ਦੌਰਾਨ ਕੁਝ ਅਕਾਲੀ ਕੌਂਸਲਰਾਂ ਨੂੰ ਪਾਰਟੀ ’ਚੋਂ ਕੱਢਣ ਦੇ ਮਾਮਲੇ ਸਬੰਧੀ ਅੱਜ ਉਕਤ ਅਕਾਲੀ ਕੌਂਸਲਰਾਂ ਨੇ ਆਪਣਾ ਪੱਖ ਰੱਖਣ ਲਈ ਇਥੇ ਪ੍ਰੈੱਸ ਕਾਨਫਰੰਸ ਕੀਤੀ। ਜ਼ਿਕਰਯੋਗ ਹੈ ਕਿ ਉਕਤ ਕੌਂਸਲਰਾਂ ਨੇ ਬੁੱਧਵਾਰ ਨੂੰ ਬਠਿੰਡਾ ਨਗਰ ਨਿਗਮ ਦੀ ਹੋਈ ਮੀਟਿੰਗ ਦੌਰਾਨ ਕਾਂਗਰਸ ਪਾਰਟੀ ਦਾ ਸਾਥ ਦਿੰਦਿਆਂ ਮੇਅਰ ਖ਼ਿਲਾਫ਼ ਬੇਭਰੋਸਗੀ ਦੇ ਮਤੇ ਵਿਚ ਸਾਥ ਦਿੱਤਾ ਸੀ।
ਪ੍ਰੈੱਸ ਕਾਨਫਰੰਸ ਦੌਰਾਨ ਅਕਾਲੀ ਕੌਂਸਲਰਾਂ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਤੇ ਨਿਗਮ ਵਿੱਚ ਹਾਊਸ ਦੇ ਲੀਡਰ ਰਹੇ ਕੌਂਸਲਰ ਹਰਪਾਲ ਸਿੰਘ ਢਿੱਲੋਂ, ਐੱਸੀ ਵਿੰਗ ਦੇ ਪ੍ਰਧਾਨ ਅਤੇ ਕੌਂਸਲਰ ਠੇਕੇਦਾਰ ਮੱਖਣ ਸਿੰਘ, ਮਹਿਲਾ ਕੌਂਸਲਰ ਕੰਵਲਜੀਤ ਕੌਰ ਦੇ ਪਤੀ ਰਣਦੀਪ ਸਿੰਘ ਰਾਣਾ ਤੇ ਇੱਕ ਹੋਰ ਮਹਿਲਾ ਕੌਂਸਲਰ ਗੁਰਦੇਵ ਕੌਰ ਦੇ ਪੁੱਤਰ ਤੇ ਸਾਬਕਾ ਐੱਮਸੀ ਹਰਜਿੰਦਰ ਸਿੰਘ ਛਿੰਦਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਕੋਈ ਨੋਟਿਸ ਨਹੀਂ ਦਿੱਤਾ ਗਿਆ ਤੇ ਉਹ ਪਾਰਟੀ ਪ੍ਰਧਾਨ ਦੇ ਬਿਆਨ ’ਤੇ ਕੋਈ ਕਿੰਤੂ ਨਹੀਂ ਕਰਨਾ ਚਾਹੁੰਦੇ।
ਕੌਂਸਲਰ ਹਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਮੇਅਰ ਖ਼ਿਲਾਫ਼ ਫ਼ੈਸਲਾ ਆਪੋ-ਆਪਣੇ ਵਾਰਡਾਂ ਦੇ ਵੋਟਰਾਂ ਦੀ ਇੱਛਾ ਤੇ ਆਪਣੀ ਜ਼ਮੀਰ ਮੁਤਾਬਕ ਲਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੇਅਰ ਰਮਨ ਗੋਇਲ ਦੀ ਤਾਜਪੋਸ਼ੀ ਵੇਲੇ ਵੀ ਉਨ੍ਹਾਂ ਵਿਰੋਧ ਕੀਤਾ ਸੀ ਤੇ ਹੁਣ ਵੀ ਅਕਾਲੀ ਦਲ ਦੇ 5 ਵਿੱਚੋਂ 4 ਕੌਂਸਲਰਾਂ ਨੇ ਲੋਕ ਰਾਏ ਮੁਤਾਬਕ ਹੀ ਇੱਕਜੁੱਟ ਹੁੰਦਿਆਂ ਮੇਅਰ ਖ਼ਿਲਾਫ਼ ਫ਼ੈਸਲਾ ਲਿਆ ਹੈ।