ਖਜ਼ਾਨਾ ਮੰਤਰੀ ਦੀ ਮੌਜੂਦਗੀ ’ਚ ਕੌਂਸਲ ਪ੍ਰਧਾਨ ਨੇ ਅਹੁਦਾ ਸੰਭਾਲਿਆ
ਪੱਤਰ ਪ੍ਰੇਰਕ
ਲਹਿਰਾਗਾਗਾ, 5 ਜੂਨ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਬਰਿੰਦਰ ਗੋਇਲ ਦੀ ਮੌਜੂਦਗੀ ਵਿੱਚ ਅੱਜ ਨਗਰ ਕੌਂਸਲ ਲਹਿਰਾਗਾਗਾ ਦੇ ਨਵੇਂ ਚੁਣੇ ਗਏ ਪ੍ਰਧਾਨ ਸ਼੍ਰੀਮਤੀ ਕਾਂਤਾ ਰਾਣੀ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਸ੍ਰੀ ਚੀਮਾ ਨੇ ਕਿਹਾ ਕਿ ਨਗਰ ਕੌਂਸਲ ਨੂੰ ਵਿਕਾਸ ਲਈ ਪੰਜ ਕਰੋੜ ਦਿੱਤੇ ਜਾਣਗੇ। ਕਰੀਬ 3.5 ਕਰੋੜ ਦੇ ਟੈਂਡਰ ਲੱਗ ਚੁੱਕੇ ਹਨ ਬਾਕੀ ਛੇਤੀ ਲਾ ਦਿੱਤੇ ਜਾਣਗੇ। ਇਸ ਮੌਕੇ ਐੱਸਡੀਐੱਮ ਲਹਿਰਾਗਾਗਾ ਸੂਬਾ ਸਿੰਘ, ਉਪ ਪੁਲੀਸ ਕਪਤਾਨ ਪੁਸ਼ਪਿੰਦਰ ਸਿੰਘ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਰੱਬੜ, ਮਾਰਕੀਟ ਕਮੇਟੀ ਦੇ ਚੇਅਰਮੈਨ ਸ਼ੀਸ਼ ਪਾਲ ਆਨੰਦ ਕੈਬਨਿਟ ਮੰਤਰੀ ਦੇ ਓਐੱਸਡੀ ਤਪਿੰਦਰ ਸਿੰਘ ਸੋਹੀ ਹਾਜ਼ਰ ਸਨ।
ਚੇਅਰਮੈਨਾਂ ਨੇ ਵਿਧਾਇਕ ਗੋਇਲ ਤੋਂ ਲਿਆ ਆਸ਼ੀਰਵਾਦ
ਲਹਿਰਾਗਾਗਾ (ਪੱਤਰ ਪ੍ਰੇਰਕ): ਹਲਕਾ ਲਹਿਰਾਗਾਗਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੀ ਸਿਫਾਰਸ਼ ‘ਤੇ ਆਮ ਪਰਿਵਾਰਾਂ ਦੇ ਵਿਅਕਤੀਆਂ ਡਾ. ਸ਼ੀਸਪਾਲ ਅਨੰਦ, ਸੁਰਿੰਦਰ ਸਿੰਘ ਕੁੰਦਨੀ ਅਤੇ ਮੋਤੀ ਰਾਮ ਭੁੱਲਣ ਨੂੰ ਲਹਿਰਾਗਾਗਾ , ਮੂਨਕ ਅਤੇ ਖਨੌਰੀ ਦੀਆਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰਨ ਤੋਂ ਬਾਅਦ ਅੱਜ ਨਵ ਨਿਯੁਕਤ ਚੇਅਰਮੈਨਾਂ ਨੇ ਆਪਣੇ ਸਮਰਥਕਾ ਦੇ ਨਾਲ ਇਥੇ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਦਫਤਰ ਵਿੱਚ ਪਹੁੰਚ ਕੇ ਅਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਵਿਧਾਇਕ ਗੋਇਲ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ, ਜਿਸ ਵਿਚ ਭਾਈ ਭਤੀਜਾਵਾਦ ਲਈ ਕੋਈ ਥਾਂ ਨਹੀਂ, ਮੁੱਖ ਮੰਤਰੀ ਵੱਲੋਂ ਪਾਰਟੀ ਪ੍ਰਤੀ ਸਮਰਪਿਤ ਆਮ ਆਦਮੀ ਪਾਰਟੀ ਦੇ ਆਮ ਘਰਾਂ ਦੇ ਵਾਲੰਟੀਅਰਜ਼ ਨੂੰ ਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ।