ਕਬਜ਼ਾ ਲੈਣ ਆਏ ਕੌਂਸਲ ਅਧਿਕਾਰੀ ਬੇਰੰਗ ਪਰਤੇ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 17 ਜੁਲਾਈ
ਨਗਰ ਕੌਂਸਲ ਭੋਗਪੁਰ ਅੱਜ ਪਿੰਡ ਲੜੋਈ ਵਿੱਚ ਖਰੀਦੀ ਡੇਢ ਏਕੜ ਜ਼ਮੀਨ ਦਾ ਕਬਜ਼ਾ ਲੈਣ ਵਿੱਚ ਅਸਫ਼ਲ ਰਹੀ। ਜ਼ਿਕਰਯੋਗ ਹੈ ਕਿ ਕੌਂਸਲ ਨੇ ਕਰੀਬ ਅੱਠ ਸਾਲ ਪਹਿਲਾਂ ਸ਼ਹਿਰ ਵਿੱਚ ਸੀਵਰੇਜ ਪਲਾਂਟ ਲਗਾਉਣ ਲਈ ਇੱਥੋਂ ਦੋ ਕਿਲੋਮੀਟਰ ਦੂਰ ਪਿੰਡ ਲੜੋਈ ਨੇੜੇ ਸੁਖਵਿੰਦਰ ਸਿੰਘ ਪੁੱਤਰ ਮੋਹਣ ਸਿੰਘ ਕੋਲੋਂ ਜ਼ਮੀਨ ਖਰੀਦੀ ਸੀ। ਉਸ ਸਮੇਂ ਤੋਂ ਹੀ ਪਰਿਵਾਰ ਵਿੱਚ ਜ਼ਮੀਨ ਦੀ ਤਕਸੀਮ ਸਬੰਧੀ ਕੇਸ ਚਲ ਰਿਹਾ ਹੈ। ਜ਼ਿਕਰਯੋਗ ਹੈ ਕਿ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਚੌਹਾਨ ਨੇ ਤਕਸੀਮ ਦਾ ਫੈਸਲਾ ਕੌਂਸਲ ਦੇ ਹੱਕ ਵਿੱਚ ਕਰ ਦਿੱਤਾ। ਅੱਜ ਜਦੋਂ ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਚੌਹਾਨ, ਕਾਨੂੰਗੋ ਗੁਰਵਿੰਦਰ ਸਿੰਘ ਭੁੱਲਰ, ਪਟਵਾਰੀ, ਕੌਂਸਲ ਦੇ ਕਾਰਜ ਸਾਧਕ ਅਫਸਰ ਰਾਜੀਵ ਉਬਰਾਏ, ਸਬ ਇੰਸਪੈਕਟਰ ਪ੍ਰੇਮ ਜੀਤ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਕਬਜ਼ਾ ਦਿਵਾਉਣ ਗਈ ਤਾਂ ਅੱਗੋਂ ਜ਼ਮੀਨ ਵੇਚਣ ਵਾਲੇ ਸੁਖਵਿੰਦਰ ਸਿੰਘ ਅਤੇ ਪਿੰਡ ਲੜੋਈ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਨਾਇਬ ਤਹਿਸੀਲਦਾਰ ਦੇ ਫੈਸਲੇ ਵਿਰੁੱਧ ਐਸੀਆਰ ਚੰੜੀਗੜ੍ਹ ਕੇਸ ਕੀਤਾ ਹੋਇਆ ਹੈ ਤਾਂ ਕੌਂਸਲ ਨੂੰ ਨਿਸ਼ਾਨਦੇਹੀ ਕਰਨ ਦਾ ਕੋਈ ਹੱਕ ਨਹੀਂ। ਕੌਂਸਲ ਦੇ ਈਓ ਰਾਜੀਵ ਉਬਰਾਏ ਨੇ ਕਿਹਾ ਕਿ ਨਾਇਬ ਤਹਿਸੀਲਦਾਰ ਦੀ ਜ਼ਿੰਮੇਵਾਰੀ ਹੈ ਕਿ ਜ਼ਮੀਨ ਦਾ ਕਬਜ਼ਾ ਦਿਵਾਵੇ ਅਤੇ ਸਾਰੇ ਧਿਰਾਂ ਦੀ ਜ਼ਮੀਨ ਬਰਾਬਰ ਮਿਣਤੀ ਕਰਕੇ ਕਬਜ਼ਾ ਦਿਵਾਇਆ ਜਾਵੇ। ਨਾਇਬ ਤਹਿਸੀਲਦਾਰ ਸ੍ਰੀ ਚੌਹਾਨ ਦਾ ਕਹਿਣਾ ਹੈ ਕੀ ਨਗਰ ਕੌਂਸਲ ਭੋਗਪੁਰ ਦੇ ਅਧਿਕਾਰੀਆਂ ਨੇ ਕਬਜ਼ਾ ਲੈਣ ਲਈ ਕੋਈ ਦਿਲਚਸਪੀ ਨਹੀਂ ਦਿਖਾਈ। ਸਰਪੰਚ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਟਰੀਟਮੈਂਟ ਪਲਾਂਟ ਨੇੜੇ ਧਾਰਮਿਕ ਅਸਥਾਨ ਹਨ ਅਤੇ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਹੈ ਅਤੇ ਇਹ ਥਾਂ ਖਰੀਦਣ ਸਮੇਂ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋਈ ਹੈ ਜਿਸ ਦੀ ਜਾਂਚ ਕੀਤੀ ਜਾਵੇ।