For the best experience, open
https://m.punjabitribuneonline.com
on your mobile browser.
Advertisement

ਨਿਗਮ ਨੇ ਦੋ ਮੁਲਾਜ਼ਮਾਂ ਦੀ ਬਹਾਲੀ ਦੇ ਹੁਕਮ ਵਾਪਸ ਲਏ

10:08 AM Nov 18, 2023 IST
ਨਿਗਮ ਨੇ ਦੋ ਮੁਲਾਜ਼ਮਾਂ ਦੀ ਬਹਾਲੀ ਦੇ ਹੁਕਮ ਵਾਪਸ ਲਏ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 17 ਨਵੰਬਰ
ਚੰਡੀਗੜ੍ਹ ਨਗਰ ਨਿਗਮ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਅੱਤਲ ਕੀਤੇ ਗਏ ਮੈਡੀਕਲ ਆਫਿਸਰ ਹੈਲਥ (ਐੱਮਓਐੱਚ) ਵਿੰਗ ਦੇ ਦੋ ਮੁਲਾਜ਼ਮਾਂ ਨੂੰ ਬਹਾਲ ਕਰਨ ਸਬੰਧੀ ਹੁਕਮ ਵਾਪਸ ਲੈ ਲਏ ਹਨ। ਇਸ ਸਬੰਧੀ ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਨੋਟਿਸ ਜਾਰੀ ਕਰ ਕੇ ਦੋਹਾਂ ਮੁਲਾਜ਼ਮਾਂ ਦੀ ਬਹਾਲੀ ਦੇ ਹੁਕਮ ਵਾਪਸ ਲੈਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਦੱਸਣਯੋਗ ਹੈ ਕਿ ਅਗਸਤ ਮਹੀਨੇ ਵਿੱਚ ਨਗਰ ਨਿਗਮ ਦੇ ਐੱਮਓਐੱਚ ਵਿੰਗ ਦੇ ਕਰਮਚਾਰੀ ਚੀਫ਼ ਸੈਨੇਟਰੀ ਇੰਸਪੈਕਟਰ ਚੰਦਰ ਮੋਹਨ ਅਤੇ ਸਬ-ਇੰਸਪੈਕਟਰ ਸੰਦੀਪ ਕੁਮਾਰ ਨੂੰ ਸੀਬੀਆਈ ਨੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਇਸ ’ਤੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਪਰ ਉਨ੍ਹਾਂ ’ਤੇ ਲੱਗੇ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੇ ਬਿਨਾਂ ਅਤੇ ਬੇਕਸੂਰ ਸਾਬਿਤ ਹੋਣ ਤੋਂ ਪਹਿਲਾਂ ਹੀ ਦੋਵੇਂ ਮੁਲਾਜ਼ਮਾਂ ਨੂੰ ਬਹਾਲ ਕਰਨ ਦੇ ਫੈਸਲੇ ਨੂੰ ਲੈ ਕੇ ਸ਼ਹਿਰ ਦੇ ਮੇਅਰ ਅਨੂਪ ਗੁਪਤਾ ਸਣੇ ਭਾਜਪਾ ਪਾਰਟੀ ਦੇ ਸਮੂਹ ਕੌਂਸਲਰਾਂ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਨਾਰਾਜ਼ਗੀ ਪ੍ਰਗਟਾਈ ਸੀ। ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰ ਮਲਹੋਤਰਾ ਨੇ ਵੀ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਮੇਅਰ ਅਨੂਪ ਗੁਪਤਾ ਨੂੰ ਮਾਮਲੇ ਵਿੱਚ ਦਖਲ ਦੇਣ ਲਈ ਕਿਹਾ ਸੀ। ਭਾਜਪਾ ਪ੍ਰਦੇਸ਼ ਪ੍ਰਧਾਨ ਜਤਿੰਦਰ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਾਏ ਗਏ ਦਬਾਅ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਜਤਿੰਦਰ ਮਲਹੋਤਰਾ ਨੇ ਨਗਰ ਨਿਗਮ ਚੰਡੀਗੜ੍ਹ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਮੁਅੱਤਲ ਕੀਤੇ ਗਏ ਦੋ ਮੁਲਾਜ਼ਮਾਂ ਦੀ ਬਹਾਲੀ ਦੇ ਹੁਕਮਾਂ ਨੂੰ ਰੱਦ ਕਰ ਕੇ ਉਨ੍ਹਾਂ ਨੂੰ ਮੁੜ ਮੁਅੱਤਲ ਕਰਨ ਦੇ ਫੈਸਲੇ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਹੈ ਕਿ ਭ੍ਰਿਸ਼ਟ ਮੁਲਾਜ਼ਮਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਅੱਜ ਇੱਥੇ ਜਾਰੀ ਬਿਆਨ ਵਿੱਚ ਜਤਿੰਦਰ ਮਲਹੋਤਰਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਨੇ ਮੇਅਰ ਅਨੂਪ ਗੁਪਤਾ ਨਾਲ ਗੱਲ ਕੀਤੀ ਅਤੇ ਮੇਅਰ ਦੇ ਯਤਨਾਂ ਨਾਲ ਫੈਸਲੇ ’ਤੇ ਮੁੜ ਵਿਚਾਰ ਕਰਨ ਤੋਂ ਬਾਅਦ ਉਕਤ ਕਰਮਚਾਰੀਆਂ ਨੂੰ ਬਹਾਲ ਕਰਨ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਧਰ, ਦੂਜੀ ਪਾਸੇ ਚੰਡੀਗੜ੍ਹ ਕਾਂਗਰਸ ਨੇ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਰਿਸ਼ਵਤਖੋਰੀ ਦੇ ਮੁਲਜ਼ਮਾਂ ਨੂੰ ਦੀ ਬਹਾਲੀ ਰੱਦ ਕਰ ਕੇ ਆਪਣੀ ਗਲਤੀ ਨੂੰ ਸੁਧਾਰ ਲਿਆ ਹੈ। ਪਾਰਟੀ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਇਸ ਨੂੰ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਕਦਮ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ੀ ਮੁਲਾਜ਼ਮਾਂ ਦੀ ਬਹਾਲੀ ’ਤੇ ਹੈਰਾਨ ਸਨ। ਉਨ੍ਹਾਂ ਭਾਜਪਾ ਦੀ ਅਗਵਾਈ ਵਾਲੀ ਨਗਰ ਨਿਗਮ ਵੱਲੋਂ ਭ੍ਰਿਸ਼ਟਾਚਾਰੀਆਂ ਨੂੰ ਖੁੱਲ੍ਹੇਆਮ ਸਰਪ੍ਰਸਤੀ ਦੇਣ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ।

Advertisement

Advertisement
Advertisement
Author Image

Advertisement