ਨਿਗਮ ਟੀਮ ਨੇ ਵਿਰਾਸਤੀ ਮਾਰਗ ਤੋਂ ਨਾਜਾਇਜ਼ ਕਬਜ਼ੇ ਹਟਾਏ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 24 ਜਨ
ਨਗਰ ਨਿਗਮ ਅੰਮ੍ਰਿਤਸਰ ਅਤੇ ਟਰੈਫਿਕ ਪੁਲੀਸ ਅੰਮ੍ਰਿਤਸਰ ਦੇ ਅਧਿਕਾਰੀਆਂ ਵੱਲੋਂ ਅੱਜ ਵਿਰਾਸਤੀ ਮਾਰਗ (ਹੈਰੀਟੇਜ ਸਟਰੀਟ) ’ਤੇ ਸੜਕਾਂ ਅਤੇ ਫੁੱਟਪਾਥਾਂ ਉਪਰ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸਾਂਝੀ ਮੁਹਿੰਮ ਚਲਾਈ ਗਈ। ਇਸ ਕਾਰਵਾਈ ਤਹਿਤ ਸੜਕਾਂ ’ਤੇ ਰੱਖ ਕੇ ਵੇਚੇ ਜਾ ਰਹੇ ਜ਼ਬਤ ਸਾਮਾਨ ਦੇ ਅੱਠ ਟਰੱਕ ਭਰੇ ਗਏ। ਜਾਣਕਾਰੀ ਅਨੁਸਾਰ ਹੈਰੀਟੇਜ ਸਟਰੀਟ ’ਤੇ ਕਬਜ਼ੇ ਹਟਾਉਣ ਲਈ ਅੱਜ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਅਤੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਵਿਚਾਲੇ ਮੀਟਿੰਗ ਹੋਈ। ਜਿਸ ਉਪਰੰਤ ਅੰਮ੍ਰਿਤਸਰ ਟਰੈਫਿਕ ਪੁਲੀਸ ਇੰਚਾਰਜ ਏਡੀਸੀਪੀ ਹਰਪਾਲ ਸਿੰਘ, ਐੱਸਐੱਚਓ ਸਿਟੀ ਕੋਤਵਾਲੀ ਅਤੇ ਨਗਰ ਨਿਗਮ ਅੰਮ੍ਰਿਤਸਰ ਦੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਨੇ ਫੋਰਸ ਸਮੇਤ ਸਾਂਝੀ ਕਾਰਵਾਈ ਕੀਤੀ। ਇਹ ਮੁਹਿੰਮ ਭਰਾਵਾਂ ਦਾ ਢਾਬਾ ਤੋਂ ਲੈ ਕੇ ਦਰਬਾਰ ਸਾਹਿਬ ਚੌਕ ਅਤੇ ਬਾਜ਼ਾਰ ਮਾਈ ਸੇਵਾਂ ਤੱਕ ਚਲਾਈ ਗਈ। ਨਿਗਮ ਅੀਧਕਾਰੀ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗਲਿਆਰੇ ਵਾਲੇ ਪਾਸੇ ਕੁੱਝ ਰੇਹੜੀ-ਫੜ੍ਹੀ ਵਾਲਿਆਂ ਵਲੋਂ ਨਾਜਾਇਜ਼ ਕਬਜ਼ਿਆਂ ਅਤੇ ਕੁੱਝ ਦੁਕਾਨਦਾਰਾਂ ਵਲੋਂ ਸੜਕਾਂ ’ਤੇ ਨਾਜਾਇਜ਼ ਤੌਰ ’ਤੇ ਆਪਣੀਆਂ ਦੁਕਾਨਾਂ ਦਾ ਵਿਸਥਾਰ ਕਰਕੇ ਕਬਸ਼ਾ ਕਰਨ ਦੀਆਂ ਸ਼ਿਕਾਇਤਾਂ ਸ਼੍ਰੋਮਣੀ ਕਮੇਟੀ ਤੋਂ ਪ੍ਰਾਪਤ ਹੋਈਆਂ ਸਨ। ਇਸ ਕਾਰਵਾਈ ’ਚ ਟਰੱਕਾਂ, ਟਿੱਪਰਾਂ ਅਤੇ ਜੇਸੀਬੀ ਮਸ਼ੀਨਾਂ ਦੀ ਵਰਤੋਂ ਕਰਦਿਆਂ ਸਾਰੇ ਨਾਜਾਇਜ਼ ਕਬਜ਼ੇ ਹਟਾਏ ਗਏ ਅਤੇ ਅੱਠ ਟਰੱਕ ਇਸ ਸਾਮਾਨ ਦੇ ਜ਼ਬਤ ਕਰਕੇ ਨਿਗਮ ਦੇ ਸਟੋਰ ਵਿੱਚ ਜਮ੍ਹਾਂ ਕਰਵਾਏ ਗਏ। ਇਸੇ ਦੌਰਾਨ ਨਗਰ ਨਿਗਮ ਅਤੇ ਟਰੈਫਿਕ ਪੁਲੀਸ ਅੀਧਕਾਰੀਆਂ ਨੇ ਇਕ ਸਾਂਝੇ ਬਿਆਨ ’ਚ ਕਿਹਾ ਕਿ ਸਮੂਹ ਦੁਕਾਨਦਾਰਾਂ ਅਤੇ ਨਾਜਾਇਜ਼ ਕਬਜ਼ਾਧਾਰੀਆਂ ਨੂੰ ਇਸ ਵਿਰਾਸਤੀ ਸੜਕ ’ਤੇ ਕਬਜ਼ਾ ਨਾ ਕਰਨ ਲਈ ਕਈ ਵਾਰ ਚਿਤਾਵਨੀ ਦਿੱਤੀ ਜਾ ਚੁੱਕੀ ਹੈ, ਕਿਉਂਕਿ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਉਨ੍ਹਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।