For the best experience, open
https://m.punjabitribuneonline.com
on your mobile browser.
Advertisement

ਕੌਂਸਲਰਾਂ ਤੋਂ ਬਿਨਾਂ ਚੱਲ ਰਹੇ ਨਿਗਮ ਨੇ ਲੁਧਿਆਣਵੀਆਂ ਨੂੰ ਪੁੱਠੇ ਗੇੜ ਪਾਇਆ

09:14 AM Mar 10, 2024 IST
ਕੌਂਸਲਰਾਂ ਤੋਂ ਬਿਨਾਂ ਚੱਲ ਰਹੇ ਨਿਗਮ ਨੇ ਲੁਧਿਆਣਵੀਆਂ ਨੂੰ ਪੁੱਠੇ ਗੇੜ ਪਾਇਆ
Advertisement

ਗਗਨਦੀਪ ਅਰੋੜਾ
ਲੁਧਿਆਣਾ, 9 ਮਾਰਚ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਪਿਛਲੇ ਇੱਕ ਸਾਲ ਤੋਂ ਬਿਨਾਂ ਕੌਂਸਲਰਾਂ ਦੇ ਚੱਲ ਰਹੀ ਹੈ। ਦਰਅਸਲ 25 ਮਾਰਚ, 2023 ਨੂੰ ਕੌਂਸਲਰਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਅਜੇ ਤੱਕ ਨਗਰ ਨਿਗਮ ਦੀਆਂ ਚੋਣਾਂ ਨਹੀਂ ਹੋਈਆਂ, ਜਿਸਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਆਮ ਜਨਜੀਵਨ ਵਿੱਚ ਲੋਕਾਂ ਨੂੰ ਕਈ ਕਾਗਜ਼ਾਂ ਦੀ ਤਸਦੀਕ ਤੇ ਹੋਰਨਾਂ ਦਸਤਾਵੇਜ਼ਾਂ ’ਤੇ ਕੌਂਸਲਰਾਂ ਦੀ ਮੋਹਰਾਂ ਅਤੇ ਹਸਤਾਖਰ ਕਰਵਾਉਣ ਪੈਂਦੇ ਹਨ। ਇਨ੍ਹਾਂ ਲੋਕਾਂ ਨੂੰ ਪਿਛਲੇ ਇੱਕ ਸਾਲ ਤੋਂ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੌਂਸਲਰਾਂ ਦੀ ਮੋਹਰਾਂ ਦੀ ਮਿਆਦ ਸਰਕਾਰ ਨੇ ਖਤਮ ਕਰ ਦਿੱਤੀ ਸੀ, ਜਿਸ ਕਰਕੇ ਹੁਣ ਕੌਂਸਲਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਤਸਦੀਕਾਂ ਦੇ ਲਈ ਵੀ ਲੋਕਾਂ ਨੂੰ ਵਿਧਾਇਕਾਂ ਕੋਲ ਜਾਣ ਪੈ ਰਿਹਾ ਹੈ।
ਦੱਸ ਦੇਈਏ ਕਿ ਅਜਿਹਾ ਨਗਰ ਨਿਗਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਨਿਗਮ ਦਾ ਬਜਟ ਵੀ ਬਿਨਾਂ ਕੌਂਸਲਰਾਂ ਤੋਂ ਹੀ ਨਿਗਮ ਵੱਲੋਂ ਬਣਾਈ ਗਈ ਟੈਕਨੀਕਲ ਟੀਮ ਵੱਲੋਂ ਪਾਸ ਕੀਤਾ ਗਿਆ ਹੋਵੇ। ਸਨਅਤੀ ਸ਼ਹਿਰ ਵਿੱਚ 95 ਵਾਰਡ ਹਨ, ਜਿਥੇ ਚੋਣਾਂ ਇੱਕ ਸਾਲ ਤੋਂ ਨਹੀਂ ਹੋਈਆਂ। ਪਹਿਲਾਂ ਚਰਚਾ ਸੀ ਕਿ ਅਗਸਤ ਵਿੱਚ ਚੋਣਾਂ ਹੋ ਜਾਣਗੀਆਂ ਪਰ ਉਹ ਨਹੀਂ ਹੋ ਸੱਕਿਆ।
ਨਿਗਮ ਦੀ ਜ਼ਿੰਮੇਵਾਰੀ ਪਹਿਲਾਂ ਸਿੱਧੇ ਤੌਰ ’ਤੇ ਮੇਅਰ, ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਕੌਂਸਲਰਾਂ ਦੇ ਹਵਾਲੇ ਹੁੰਦੀ ਸੀ। ਬਿਨਾਂ ਮੇਅਰ ਤੇ ਹੋਰਾਂ ਕਮੇਟੀ ਮੈਂਬਰਾਂ ਦੀ ਮਨਜ਼ੂਰੀ ਤੋਂ ਕੁਝ ਵੀ ਨਹੀਂ ਹੋ ਸਕਦਾ ਸੀ ਪਰ ਹੁਣ ਪਿਛਲੇ ਇੱਕ ਸਾਲ ਤੋਂ ਨਗਰ ਨਿਗਮ ਦੇ ਕੰਮਕਾਜ ਦੀ ਜ਼ਿੰਮੇਵਾਰੀ ਸਿਰਫ਼ ਅਫ਼ਸਰਾਂ ਦੇ ਮੋਢਿਆਂ ’ਤੇ ਆ ਗਈ ਹੈ। ਨਗਰ ਨਿਗਮ ਦੇ ਕਮਿਸ਼ਨਰ ਤੇ ਅਧਿਕਾਰੀਆਂ ਦੇ ਸਿਰ ’ਤੇ ਹੀ ਸਾਰੇ ਕੰਮ ਕੀਤੇ ਜਾ ਰਹੇ ਹਨ।
ਲੁਧਿਆਣਾ ਵਿੱਚ 95 ਵਾਰਡ ਹਨ, ਜੋਕਿ ਛੇ ਵਿਧਾਨ ਸਭਾ ਖੇਤਰਾਂ ਵਿੱਚ ਆਉਂਦੇ ਹਨ। ਚਾਹੇ ਵਿਧਾਇਕ ਨਗਰ ਨਿਗਮ ਦੇ ਜਨਰਲ ਹਾਊਸ ਦਾ ਹਿੱਸਾ ਹੁੰਦੇ ਹਨ ਪਰ ਕੌਂਸਲਰਾਂ ਦਾ ਕੰਮ ਨਗਰ ਨਿਗਮ ਵਿੱਚ ਜ਼ਿਆਦਾ ਹੈ। ਹੁਣ ਪਿਛਲੇ ਇੱਕ ਸਾਲ ਤੋਂ ਨਗਰ ਨਿਗਮ ਦੇ ਕੌਂਸਲਰਾਂ ਵਾਲੇ ਕੰਮ ਵੀ ਵਿਧਾਇਕ ਹੀ ਕਰ ਰਹੇ ਹਨ। ਚਾਹੇ ਛੋਟੇ-ਛੋਟੇ ਟਿਊਬਵੈੱਲ, ਸੜਕਾਂ ਦੇ ਉਦਘਾਟਨ ਹੋਣ ਜਾਂ ਫਿਰ ਲੋਕਾਂ ਦੇ ਕਾਗਜ਼ਾਤਾਂ ਦੀ ਤਸਦੀਕ ਕਰਨ ਦਾ ਕੰਮ, ਇਹ ਸਭ ਕੰਮ ਵਿਧਾਇਕਾਂ ਵੱਲੋਂ ਹੀ ਨੇਪਰੇ ਚਾੜ੍ਹੇ ਜਾ ਰਹੇ ਹਨ।

Advertisement

ਚੋਣਾਂ ਤੋਂ ਭੱਜ ਰਹੀ ਹੈ ‘ਆਪ’ ਸਰਕਾਰ: ਸੰਜੈ ਤਲਵਾੜ

ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਸੰਜੈ ਤਲਵਾੜ ਨੇ ਦੋਸ਼ ਲਗਾਏ ਹਨ ਕਿ ‘ਆਪ’ ਸਰਕਾਰ ਨਗਰ ਨਿਗਮ ਚੋਣਾਂ ਤੋਂ ਭੱਜ ਰਹੀ ਹੈ। ਕੌਂਸਲਰਾਂ ਦੀਆਂ ਮੋਹਰਾਂ ਵਿਧਾਇਕ ਲੈ ਕੇ ਬੈਠੇ ਹਨ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕੌਂਸਲਰ ਹੀ ਹਰ ਵਾਰਡ ਵਿੱਚ ਵਿਕਾਸ ਕਾਰਜ ਕਰਵਾਉਂਦੇ ਸੀ, ਸੜਕਾਂ ਸਾਫ਼ ਕਰਵਾਉਣ ਤੋਂ ਲੈ ਕੇ ਸੀਵਰੇਜ ਸਾਫ਼ ਕਰਵਾਉਣ ਤੱਕ ਦੇ ਸਾਰੇ ਕੰਮ ਕੌਂਸਲਰਾਂ ਦੇ ਜਰੀਏ ਹੀ ਹੁੰਦੇ ਸਨ ਪਰ ਪਿਛਲੇ ਇੱਕ ਸਾਲ ਤੋਂ ਕੌਂਸਲਰ ਹੀ ਨਹੀਂ ਹਨ।

ਭੁਪਿੰਦਰ ਭਿੰਦਾ ਵੱਲੋਂ ਸਰਕਾਰ ਦੀ ਆਲੋਚਨਾ

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਕੌਂਸਲਰ ਭੁਪਿੰਦਰ ਭਿੰਦਾ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਪਣੇ ਅਸਲੀਅਤ ਦਾ ਪਤਾ ਲੱਗ ਗਿਆ ਹੈ, ਇਸ ਕਰਕੇ ਕੌਂਸਲਰ ਦੀਆਂ ਚੋਣਾਂ ਨਹੀਂ ਕਰਵਾ ਰਹੇ ਹਨ। ਕੌਂਸਲਰ ਨਾ ਹੋਣ ਕਾਰਨ ਲੋਕਾਂ ਨੂੰ ਛੋਟੇ-ਛੋਟੇ ਕੰਮਾਂ ਲਈ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।

Advertisement
Author Image

Advertisement
Advertisement
×