ਨਿਗਮ ਨੇ ਸੈਕਟਰ-25 ਤੇ ਮਨੀਮਾਜਰਾ ’ਚ ਨਾਜਾਇਜ਼ ਕਬਜ਼ੇ ਹਟਾਏ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 8 ਜੁਲਾਈ
ਚੰਡੀਗੜ੍ਹ ਨਗਰ ਨਿਗਮ ਨੇ ਅੱਜ ਸੈਕਟਰ-25 ਅਤੇ ਮਨੀਮਾਜਰਾ ਵਿੱਚ ਸਰਕਾਰੀ ਜ਼ਮੀਨਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਚਲਾਈ। ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸ਼ੰਭੂ ਰਾਠੀ ਦੇ ਆਦੇਸ਼ਾਂ ’ਤੇ ਇੱਥੇ ਸੈਕਟਰ-25 ਦੀ ਭਾਸਕਰ ਕਲੋਨੀ ਅਤੇ ਮਨੀਮਾਜਰਾ ਮੋਟਰ ਮਾਰਕੀਟ ਵਿੱਚ ਚਲਾਈ ਗਈ ਇਸ ਮੁਹਿੰਮ ਦੌਰਾਨ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲੇ ਡਿਫਾਲਟਰਾਂ ਦਾ ਸਾਮਾਨ ਜ਼ਬਤ ਕਰਕੇ ਚਲਾਨ ਕੱਟੇ ਗਏ। ਨਿਗਮ ਦੀ ਟੀਮ ਨੇ ਸੈਕਟਰ-25 ਸਥਿਤ ਭਾਸਕਰ ਕਲੋਨੀ ਦੇ ਵਸਨੀਕਾਂ ਵੱਲੋਂ ਕਲੋਨੀ ਵਿੱਚ ਫੁਟਪਾਥਾਂ ਅਤੇ ਕਬਾੜੀਆਂ ਵੱਲੋਂ ਸਰਕਾਰੀ ਥਾਵਾਂ ’ਤੇ ਕੀਤੇ ਗਏ ਕਬਜ਼ਿਆਂ ਸਮੇਤ ਮੀਟ ਦੀਆਂ ਦੁਕਾਨਾਂ ਨੂੰ ਜੀਸੀਬੀ ਦੀ ਮਦਦ ਨਾਲ ਹਟਾਇਆ ਗਿਆ। ਨਿਗਮ ਵੱਲੋਂ ਭਾਰੀ ਪੁਲੀਸ ਸੁਰੱਖਿਆ ਦਰਮਿਆਨ ਚਲਾਈ ਗਈ ਮੁਹਿੰਮ ਦੌਰਾਨ ਸਰਕਾਰੀ ਜ਼ਮੀਨ ’ਤੇ ਕਬਜ਼ੇ ਹੇਠ ਰੱਖੇ ਸਾਮਾਨ ਨੂੰ ਚਾਰ ਟਰੱਕਾਂ ਵਿੱਚ ਲੱਦ ਕੇ ਜ਼ਬਤ ਕਰ ਲਿਆ ਗਿਆ। ਇਸ ਦੇ ਨਾਲ ਹੀ ਕਰੀਬ ਵੀਹ ਡਿਫਾਲਟਰਾਂ ਦੇ ਚਲਾਨ ਵੀ ਕੀਤੇ ਗਏ। ਇਹ ਕਾਰਵਾਈ ਦੋ ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਹੀ। ਦੂਜੇ ਪਾਸੇ ਨਗਰ ਨਿਗਮ ਦੀ ਇਨਫੋਰਸਮੈਂਟ ਟੀਮ ਨੇ ਜ਼ੋਨ ਇੰਚਾਰਜ ਅਵਤਾਰ ਸਿੰਘ ਗੁਰੀਆ ਦੀ ਦੇਖ-ਰੇਖ ਹੇਠ ਮਨੀਮਾਜਰਾ ਵਿੱਚ ਵੀ ਨਿਕਾਸੀ ਮੁਹਿੰਮ ਚਲਾਈ। ਨਿਗਮ ਦੀ ਟੀਮ ਨੇ ਮਨੀਮਾਜਰਾ ਮੋਟਰ ਮਾਰਕੀਟ ਵਿੱਚ ਨਿਗਮ ਦੀ ਸਰਕਾਰੀ ਜ਼ਮੀਨ ’ਤੇ ਕੀਤੇ ਨਾਜਾਇਜ਼਼ ਕਬਜ਼ਿਆਂ ਨੂੰ ਹਟਾਇਆ। ਇੱਥੇ ਪੁਲੀਸ ਸੁਰੱਖਿਆ ਦਰਮਿਆਨ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਵਰਾਂਡਿਆਂ ਵਿੱਚ ਕੀਤੇ ਗਏ ਕਬਜ਼ੇ ਹਟਾਏ ਗਏ। ਨਿਗਮ ਟੀਮ ਅਨੁਸਾਰ ਨਗਰ ਨਿਗਮ ਦੀਆਂ ਦੁਕਾਨਾਂ ਦੇ ਖਾਲੀ ਪਏ ਪਲਾਟਾਂ ’ਤੇ ਆਸ-ਪਾਸ ਦੇ ਦੁਕਾਨਦਾਰਾਂ ਵੱਲੋਂ ਕਬਜ਼ੇ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ।