ਨਿਗਮ ਚੋਣਾਂ ਤੋਂ ਪਹਿਲਾਂ ‘ਉਦਘਾਟਨ ਸਿਆਸਤ’ ਭਖੀ
ਗਗਨਦੀਪ ਅਰੋੜਾ
ਲੁਧਿਆਣਾ, 21 ਨਵੰਬਰ
ਨਗਰ ਨਿਗਮ ਚੋਣਾਂ ਤੋਂ ਪਹਿਲਾਂ ਲੁਧਿਆਣਾ ਵਿੱਚ ਉਦਘਾਟਨਾਂ ਦੀ ਸਿਆਸਤ ਤੇਜ਼ ਹੈ। ਸ਼ਹਿਰ ਦੇ ਵਿਧਾਇਕ ਆਪਣੇ ਆਪਣੇ ਹਲਕੇ ਵਿੱਚ ਪੈਂਦੇ ਵਾਰਡਾਂ ਵਿੱਚ ਰੋਜ਼ਾਨਾ ਕਈ ਕਈ ਵਿਕਾਸ ਕਾਰਜ਼ਾਂ ਦੇ ਉਦਘਾਟਨ ਕਰ ਰਹੇ ਹਨ। ਸ਼ਹਿਰ ਵਿੱਚ 95 ਵਾਰਡ ਹਨ, ਜੋ 6 ਵਿਧਾਨਸਭਾ ਹਲਕਿਆਂ ਦੇ ਅਧੀਨ ਆਉਂਦੇ ਹਨ। ਇਨ੍ਹਾਂ ਸਾਰੇ ਹੀ ਵਾਰਡਾਂ ਵਿੱਚ ਵਿਧਾਇਕ ਹਰ ਰੋਜ਼ ਆਪਣੇ ਸੰਭਾਵਿਤ ਉਮੀਦਵਾਰਾਂ ਨੂੰ ਨਾਲ ਲੈ ਕੇ ਉਦਘਾਟਨੀ ਪੱਥਰ ਰੱਖਣ ਜਾ ਰਹੇ ਹਨ। ਵਿਧਾਇਕ ਗੁਰਪ੍ਰੀਤ ਗੋਗੀ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਆਪਣੇ ਆਪਣੇ ਹਲਕੇ ਵਿੱਚ ਉਦਘਾਟਨ ਕਰ ਰਹੇ ਹਨ। ਇਸੇ ਤਹਿਤ ਅੱਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਵਾਸੀਆਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਦੇ ਹੋਏ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਸਿਧਵਾਂ ਨਹਿਰ ਦੇ ਉਪਰ ਦੁੱਗਰੀ ਪੁਲ ਨੂੰ ਚੌੜਾ ਕਰਨ ਵਾਲੇ ਵੱਡੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਸਮਾਰਟ ਸਿਟੀ ਮਿਸ਼ਨ ਤਹਿਤ 78 ਲੱਖ ਰੁਪਏ ਦੀ ਲਾਗਤ ਨਾਲ ਇਹ ਪ੍ਰਾਜੈਕਟ ਕੀਤਾ ਜਾ ਰਿਹਾ ਹੈ ਅਤੇ ਇਸ ਤਹਿਤ ਦੁੱਗਰੀ ਨਹਿਰ ਦੇ ਪੁਲ ਦੇ ਇੱਕ ਪਾਸੇ (ਦੁਗਰੀ ਇਲਾਕੇ ਤੋਂ ਆਤਮ ਨਗਰ ਪੁਲੀਸ ਚੌਕੀ ਵੱਲ) ਨੂੰ ਚੌੜਾ ਕੀਤਾ ਜਾਵੇਗਾ। ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਨਹਿਰੀ ਪੁਲ ਦੇ ਇਸ ਪਾਸੇ ਦੀ ਚੌੜਾਈ 10-12 ਫੁੱਟ ਤੱਕ ਵਧਾ ਦਿੱਤੀ ਜਾਵੇਗੀ ਅਤੇ ਇਸ ਨਾਲ ਰਾਹਗੀਰਾਂ ਨੂੰ ਵੱਡੀ ਰਾਹਤ ਮਿਲੇਗੀ। ਵਿਧਾਇਕ ਸਿੱਧੂ ਨੇ ਕਿਹਾ ਕਿ ਇਸ ਸਮੇਂ ਪੁਲ ਦੀ ਤੰਗ ਚੌੜਾਈ ਕਾਰਨ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਪੁਲ ਨੂੰ ਚੌੜਾ ਕਰਨ ਦਾ ਹਲਕਾ ਵਾਸੀਆਂ ਨਾਲ ਵਾਅਦਾ ਕੀਤਾ ਸੀ। ਇਹ ਵਾਅਦਾ ਹੁਣ ਪੂਰਾ ਹੋ ਗਿਆ ਹੈ ਕਿਉਂਕਿ ਹੁਣ ਪੁਲ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਨਿਰਮਾਣ ਕਾਰਜਾਂ ਕਾਰਨ ਨਹਿਰੀ ਪੁਲ ’ਤੇ ਆਵਾਜਾਈ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਇਸ ਪੁਲ ਨੂੰ ਚੌੜਾ ਕਰਨ ਨਾਲ ਸ਼ਹਿਰ ਵਾਸੀਆਂ ਨੂੰ ਆਵਾਜਾਈ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲੇਗੀ। ਇਸ ਤੋਂ ਪਹਿਲਾਂ ਵਿਧਾਇਕ ਬੱਗਾ, ਵਿਧਾਇਕ ਭੋਲਾ, ਵਿਧਾਇਕ ਪਰਾਸ਼ਰ, ਵਿਧਾਇਕ ਛੀਨਾ ਨੇ ਵੀ ਕਈ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ।