For the best experience, open
https://m.punjabitribuneonline.com
on your mobile browser.
Advertisement

ਨਿਗਮ ਵੱਲੋਂ ਪਾਰਕਿੰਗਾਂ ’ਚ ਆਨਲਾਈਨ ਭੁਗਤਾਨ ਦੀ ਸਹੂਲਤ ਦੇਣ ਦੀ ਤਿਆਰੀ

07:59 AM Apr 27, 2024 IST
ਨਿਗਮ ਵੱਲੋਂ ਪਾਰਕਿੰਗਾਂ ’ਚ ਆਨਲਾਈਨ ਭੁਗਤਾਨ ਦੀ ਸਹੂਲਤ ਦੇਣ ਦੀ ਤਿਆਰੀ
ਸੈਕਟਰ-17 ਸਥਿਤ ਇਕ ਪਾਰਕਿੰਗ ’ਤੇ ਵਾਹਨ ਚਾਲਕ ਦੀ ਪਰਚੀ ਕੱਟਦੀ ਹੋਈ ਮਹਿਲਾ ਵਰਕਰ। -ਫੋਟੋ: ਨਿਤਿਨ ਮਿੱਤਲ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 26 ਅਪਰੈਲ
ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਦੀਆਂ ਪੇਡ ਪਾਰਕਿੰਗਾਂ ਵਿੱਚ ਦੋ-ਪਹੀਆ ਅਤੇ ਚਾਰ ਪਹੀਆ ਵਾਹਨਾਂ ਲਈ ਵਸੂਲੀ ਜਾਣ ਵਾਲੀ ਫੀਸ ਦੇ ਭੁਗਤਾਨ ਵਾਸਤੇ ਚਾਲਕਾਂ ਨੂੰ ਆਨਲਾਈਨ ਭੁਗਤਾਨ ਕਰਨ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਿਗਮ ਵੱਲੋਂ ਲਾਗੂ ਕੀਤੀ ਜਾਣ ਵਾਲੀ ਇਸ ਸਹੂਲਤ ਤੋਂ ਬਾਅਦ ਵਾਹਨ ਚਾਲਕ ਪੇਡ ਪਾਰਕਿੰਗ ਵਿੱਚ ਵਾਹਨ ਪਾਰਕ ਕਰਨ ਦੀ ਫੀਸ ਦਾ ਭਗਤਾਨ ਆਨਲਾਈਨ ਕਰ ਸਕਣਗੇ। ਚੰਡੀਗੜ੍ਹ ਨਗਰ ਨਿਗਮ ਇਹ ਸਹੂਲਤ ਅਗਲੇ ਮਹੀਨੇ ਪਹਿਲੀ ਮਈ ਤੋਂ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਸ ਸਬੰਧੀ ਚੰਡੀਗੜ੍ਹ ਨਗਰ ਨਿਗਮ ਵੱਲੋਂ ਕਈ ਬੈਂਕਾਂ ਨਾਲ ਸਮਝੌਤੇ ਕੀਤੇ ਗਏ ਹਨ ਅਤੇ ਬੈਂਕਾਂ ਤੋਂ ਕਾਰਡ ਸਵਾਈਪਿੰਗ ਮਸ਼ੀਨਾਂ ਵੀ ਲਈਆਂ ਗਈਆਂ ਹਨ, ਜਿਨ੍ਹਾਂ ਵਿੱਚ ਕਿਊਆਰ ਕੋਡ ਰਾਹੀਂ ਭੁਗਤਾਨ ਕਰਨ ਦੀ ਸਹੂਲਤ ਵੀ ਹੈ। ਇਹ ਪ੍ਰਣਾਲੀ ਨਗਰ ਨਿਗਮ ਵੱਲੋਂ 73 ਪੇਡ ਪਾਰਕਿੰਗਾਂ ’ਤੇ ਲਾਗੂ ਕੀਤੀ ਜਾਵੇਗੀ। ਚੰਡੀਗੜ੍ਹ ਨਗਰ ਨਿਗਮ ਦੀ ਕਮਿਸ਼ਨਰ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਪਹਿਲੀ ਮਈ ਤੋਂ ਪੇਡ ਪਾਰਕਿੰਗ ਪ੍ਰਣਾਲੀ ਵਿੱਚ ਇਹ ਸਹੂਲਤ ਜੋੜਨ ਤੋਂ ਬਾਅਦ ਜਿੱਥੇ ਪਾਰਕਿੰਗ ਫੀਸ ਵਸੂਲੀ ਵਿੱਚ ਪਾਰਦਰਸ਼ਤਾ ਆਵੇਗੀ, ਉੱਥੇ ਹੀ ਨਕਦ ਪੈਸੇ ਨਾ ਹੋਣ ਦੀ ਸੂਰਤ ਵਿੱਚ ਵਾਹਨ ਚਾਲਕ ਪਾਰਕਿੰਗ ਫੀਸ ਦਾ ਆਨਲਾਈਨ ਭੁਗਤਾਨ ਕਰ ਸਕਣਗੇ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਆਨਲਾਈਨ ਅਦਾਇਗੀ ਕਾਰਨ ਬੇਨਿਯਮੀਆਂ ਹੋਣ ਦੀ ਕੋਈ ਸੰਭਾਵਨਾ ਨਹੀਂ ਰਹੇਗੀ, ਕਿਉਂਕਿ ਇਹ ਪੈਸਾ ਸਿੱਧੇ ਨਿਗਮ ਦੇ ਖਾਤੇ ਵਿੱਚ ਜਮ੍ਹਾਂ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਈ ਵਾਰ ਲੋਕਾਂ ਕੋਲ ਨਕਦੀ ਨਹੀਂ ਹੁੰਦੀ, ਜਿਸ ਕਾਰਨ ਪਾਰਕਿੰਗ ਦੇ ਗੇਟ ’ਤੇ ਜਾਮ ਲੱਗ ਜਾਂਦਾ ਹੈ। ਇਸ ਤੋਂ ਲੋਕਾਂ ਨੂੰ ਵੀ ਰਾਹਤ ਮਿਲੇਗੀ। ਕਮਿਸ਼ਨਰ ਨੇ ਕਿਹਾ ਕਿ ਪੇਡ ਪਾਰਕਿੰਗ ਵਿੱਚ ਵਾਹਨ ਚਾਲਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਨੇ ਇਹ ਫੈਸਲਾ ਲਿਆ ਹੈ।
ਦਸਣਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਅਧੀਨ ਕੁੱਲ 89 ਪੇਡ ਪਾਰਕਿੰਗ ਦਾ ਸੰਚਾਲਨ ਹੋ ਰਿਹਾ ਹੈ। ਇਨ੍ਹਾਂ ਵਿੱਚੋਂ ਕੁਝ ਨੂੰ ਮੁਫ਼ਤ ਕੀਤਾ ਗਿਆ ਹੈ। ਇੱਥੇ 73 ਪੇਡ ਪਾਰਕਿੰਗਾਂ ਵਿੱਚ ਹਰ ਰੋਜ਼ ਵੱਡੀ ਗਿਣਤੀ ਵਾਹਨ ਆਉਂਦੇ ਹਨ। ਇਨ੍ਹਾਂ ਪੇਡ ਪਾਰਕਿੰਗਾਂ ਵਿੱਚ ਲਗਪਗ 16000 ਵਾਹਨ ਪਾਰਕ ਕਰਨ ਦੀ ਸਮਰੱਥਾ ਹੈ। ਨਗਰ ਨਿਗਮ ਨੂੰ ਪੇਡ ਪਾਰਕਿੰਗ ਫੀਸ ਵਜੋਂ ਹਰ ਮਹੀਨੇ ਲਗਪਗ ਇਕ ਕਰੋੜ ਰੁਪਏ ਦੀ ਆਮਦਨੀ ਹੁੰਦੀ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਇਨ੍ਹਾਂ ਪਾਰਕਿੰਗਾਂ ਨੂੰ ਪ੍ਰਾਈਵੇਟ ਠੇਕੇਦਾਰਾਂ ਰਾਹੀਂ ਚਲਾਉਂਦਾ ਸੀ, ਪਰ 2023 ਵਿੱਚ ਪਾਰਕਿੰਗ ਠੇਕੇਦਾਰ ਵੱਲੋਂ ਕੀਤੇ ਗਏ ਕਥਿਤ ਘੁਟਾਲੇ ਤੋਂ ਬਾਅਦ ਨਗਰ ਨਿਗਮ ਇਨ੍ਹਾਂ ਪੇਡ ਪਾਰਕਿੰਗ ਦਾ ਖੁਦ ਹੀ ਸੰਚਲਾਨ ਕਰ ਰਿਹਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×