ਨਿਗਮ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਜੁਲਾਈ
ਇੱਕ ਪਾਸੇ ਦਿੱਲੀ ਵਿੱਚ ਡੇਂਗੂ ਪੈਰ ਪਸਾਰ ਰਿਹਾ ਹੈ ਤੇ ਦੂਜੇ ਪਾਸੇ ਦਿੱਲੀ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਮਨਵਾਉਣ ਲਈ ਅਣਮਿੱਥੇ ਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਦਿੱਲੀ ਵਿੱਚ ਯਮੁਨਾ ਦਾ ਪਾਣੀ ਭਰਨ ਕਾਰਨ ਹਾਲਤ ਹੋਰ ਵੀ ਬਦਤਰ ਹੋ ਗਏ ਹਨ ਤੇ ਜ਼ਿਆਦਾ ਮੱਛਰ ਪੈਦਾ ਹੋਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ।
ਦਿੱਲੀ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਮਨਵਾਉਣ ਲਈ ਅੱਜ ਹੜਤਾਲ ਸ਼ੁਰੂ ਕਰ ਦਿੱਤੀ ਤੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੁਤਾਬਕ ਕੀਤੇ ਵਾਅਦੇ ਵਫ਼ਾ ਨਹੀਂ ਕੀਤੇ ਗਏ ਹਨ। ਦਿੱਲੀ ਨਗਰ ਨਿਗਮ ਦੇ ਅਧਿਕਾਰੀ ਪਿਛਲੇ ਕੁਝ ਹਫ਼ਤਿਆਂ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਇਨ੍ਹਾਂ ਕਰਮਚਾਰੀਆਂ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕਰ ਰਹੇ ਹਨ। ਡੀਬੀਸੀ (ਡੇਂਗੂ ਬਰੀਡਿੰਗ ਚੈਕਿੰਗ) ਵਰਕਰਾਂ ਦੀ ਹੜਤਾਲ ਐਂਟੀ-ਮਲੇਰੀਆ ਏਕਤਾ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਹੋ ਰਹੀ ਹੈ। ਯੂਨੀਅਨ ਦੇ ਪ੍ਰਧਾਨ ਦੇਵਾਨੰਦ ਸ਼ਰਮਾ ਨੇ ਕਿਹਾ ਕਿ ਹਾਲ ਹੀ ਵਿੱਚ ਦਿੱਲੀ ਨਗਰ ਨਿਗਮ (ਐਮਸੀਡੀ) ਨੂੰ ਇਸਦੇ ਮੇਅਰ ਅਤੇ ਕਮਿਸ਼ਨਰ ਰਾਹੀਂ ਨੋਟਿਸ ਭੇਜ ਕੇ ਕਿਹਾ ਸੀ ਕਿ ਜੇਕਰ ਸਾਡੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸਾਡੇ ਮੈਂਬਰ 31 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਜਾਣਗੇ। ਉਹ ਹੜਤਾਲ ’ਤੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਅਧਿਕਾਰੀ ਉਨ੍ਹਾਂ ਨੂੰ ਹੜਤਾਲ ਖਤਮ ਕਰਨ ਲਈ ਕਹਿ ਰਹੇ ਹਨ। ਡੀਬੀਸੀ ਵਰਕਰਾਂ ਦੀ ਹੜਤਾਲ ਦਿੱਲੀ ਲਈ ਮੁਸੀਬਤ ਪੈਦਾ ਕਰ ਸਕਦੀ ਹੈ, ਕਿਉਂਕਿ ਮੌਨਸੂਨ ਦੀ ਸ਼ੁਰੂਆਤੀ ਬਾਰਸ਼ ਅਤੇ ਹਾਲ ਹੀ ਵਿੱਚ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਕਾਰਨ ਯਮੁਨਾ ਦੇ ਪਾਣੀ ਦੇ ਪੱਧਰ ਵਧਣ ਕਾਰਨ ਡੇਂਗੂ ਤੇ ਹੋਰ ਬਿਮਾਰੀਆਂ ਦੇ ਮਾਮਲਿਆਂ ਵਿੱਚ ਵਾਧਾ ਹੋਣ ਦਾ ਖ਼ਤਰਾ ਹੈ। ਹੜਤਾਲ ਸਵੇਰੇ ਸ਼ੁਰੂ ਹੋਈ ਅਤੇ ਵੱਡੀ ਗਿਣਤੀ ਵਿੱਚ ਡੀਬੀਸੀ ਵਰਕਰ ਆਪਣਾ ਵਿਰੋਧ ਦਰਜ ਕਰਵਾਉਣ ਲਈ ਸਿਵਿਕ ਸੈਂਟਰ ਦੇ ਗੇਟ ਨੰ. 5 ’ਤੇ ਆਏ। ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਪਹਿਲਾਂ ਭਰੋਸਾ ਦਿੱਤਾ ਸੀ ਕਿ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇਗਾ। ਨਿਗਮ ਵਿੱਚ ਲਗਪਗ 3,000 ਡੇਂਗੂ ਬਰੀਡਿੰਗ ਚੈਕਿੰਗ ਵਰਕਰ ਅਤੇ 2,000 ਫੀਲਡ ਵਰਕਰ ਹਨ।
ਸੋਮਵਾਰ ਨੂੰ ਜਾਰੀ ਮਿਉਂਸਪਲ ਰਿਪੋਰਟ ਅਨੁਸਾਰ ਦਿੱਲੀ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਡੇਂਗੂ ਦੇ 56 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜਧਾਨੀ ਵਿੱਚ 22 ਜੁਲਾਈ ਤੱਕ ਡੇਂਗੂ ਦੇ 187 ਮਾਮਲੇ ਦਰਜ ਕੀਤੇ ਗਏ ਸਨ। ਦਿੱਲੀ ਨਗਰ ਨਿਗਮ ਵੱਲੋਂ ਜਾਰੀ ਤਾਜ਼ਾ ਰਿਪੋਰਟ ਅਨੁਸਾਰ 28 ਜੁਲਾਈ ਤੱਕ ਇਹ ਗਿਣਤੀ 243 ਹੋ ਗਈ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 1 ਜਨਵਰੀ ਤੋਂ 28 ਜੁਲਾਈ ਵਿੱਚ ਮਲੇਰੀਆ ਦੇ 72 ਮਾਮਲੇ ਦਰਜ ਕੀਤੇ ਗਏ ਹਨ।
ਐੱਮਸੀਡੀ ਜਲਦੀ ਹੀ ਡਰੋਨਾਂ ਦੀ ਖਰੀਦ ਲਈ ਟੈਂਡਰ ਜਾਰੀ ਕਰੇਗੀ
ਐੱਮਸੀਡੀ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਐਮਸੀਡੀ ਜਲਦੀ ਹੀ ਡਰੋਨਾਂ ਦੀ ਖਰੀਦ ਲਈ ਟੈਂਡਰ ਜਾਰੀ ਕਰੇਗੀ ਜੋ ਮੱਛਰਾਂ ਦੇ ਲਾਰਵੇ ਨੂੰ ਰੋਕਣ ਲਈ ਪ੍ਰਮੁੱਖ ਡਰੇਨਾਂ ਤੇ ਦੂਰ-ਦੁਰਾਡੇ ਦੇ ਖੇਤਰਾਂ ’ਤੇ ਨਿਗਰਾਨੀ ਅਤੇ ਛਿੜਕਾਅ ਲਈ ਤਾਇਨਾਤ ਕੀਤੇ ਜਾਣਗੇ। ਇਹ ਕਦਮ ਦਿੱਲੀ ’ਚ ਡੇਂਗੂ ਦੇ ਮਾਮਲਿਆਂ ’ਚ ਵਾਧੇ ਦੌਰਾਨ ਲਿਆ ਗਿਆ ਹੈ। ਐੱਮਸੀਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਡਰੋਨਾਂ ਦੀ ਖ਼ਰੀਦ ਲਈ ਟੈਂਡਰ ਜਲਦੀ ਜਾਰੀ ਕੀਤੇ ਜਾਣਗੇ ਤੇ ਡੇਢ ਮਹੀਨੇ ਦੇ ਅੰਦਰ ਇਹ ਪ੍ਰਾਜੈਕਟ ਸ਼ੁਰੂ ਹੋ ਜਾਵੇਗਾ। ਇਸ ਸਾਲ ਦਿੱਲੀ ਵਿੱਚ ਸਮਾਰਕ ਸਥਾਨਾਂ, ਹੋਟਲਾਂ ਤੇ ਬਾਜ਼ਾਰਾਂ ਵਿੱਚ ਧੂੰਏਂ ਦਾ ਛਿੜਕਾ ਕੀਤਾ ਜਾਵੇਗਾ।