ਪੈਸਿਆਂ ਦੇ ਲੈਣ ਦੇਣ ਕਾਰਨ ਨਿਗਮ ਮੁਲਾਜ਼ਮ ਨੂੰ ਕੁੱਟ-ਕੁੱਟ ਕੇ ਮਾਰਿਆ
ਪੱਤਰ ਪ੍ਰੇਰਕ
ਜਲੰਧਰ, 21 ਅਗਸਤ
ਬੂਟਾ ਮੰਡੀ ਨਾਲ ਲੱਗਦੇ ਜੱਲੋਵਾਲ ਆਬਾਦੀ ਇਲਾਕੇ ’ਚ ਬੀਤੀ ਦੇਰ ਰਾਤ ਨਗਰ ਨਿਗਮ ਦੇ ਮੁਲਾਜ਼ਮ ਦੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ 15-20 ਨੌਜਵਾਨਾਂ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਜਦ ਨੌਜਵਾਨ ਦਾ ਭਰਾ ਜੱਲੋਵਾਲ ਆਬਾਦੀ ਪਹੁੰਚਿਆ ਤਾਂ ਹਮਲਾਵਰਾਂ ਨੇ ਉਸ ਉੱਪਰ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੇ ਉਥੋਂ ਭੱਜ ਕੇ ਜਾਨ ਬਚਾਈ। ਜਦੋਂ ਪਰਿਵਾਰ ਵਾਲੇ ਨੌਜਵਾਨ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ’ਚ ਹੀ ਪ੍ਰਦਰਸ਼ਨ ਕੀਤਾ ਤੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਜਾਣਕਾਰੀ ਅਨੁਸਾਰ ਨਗਰ ਨਿਗਮ ਮੁਲਾਜ਼ਮ ਦੀਪਕ ਕੁਮਾਰ ਵਾਸੀ ਗਾਜ਼ੀ ਗੁੱਲਾ ਦਾ ਜੱਲੋਵਾਲ ਦੇ ਕੁਝ ਨੌਜਵਾਨਾਂ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਦੀਪਕ ਉਨ੍ਹਾਂ ਨੂੰ ਕਈ ਦਿਨਾਂ ਤੋਂ ਫੋਨ ਕਰ ਰਿਹਾ ਸੀ ਤੇ ਪੈਸਿਆਂ ਦੀ ਮੰਗ ਕਰ ਰਿਹਾ ਸੀ। ਦੀਪਕ ਕੁਮਾਰ ਨੇ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਦੀਪਕ ਨੂੰ ਜੱਲੋਵਾਲ ’ਚ ਸੱਦਿਆ। ਦੀਪਕ ਉੱਥੇ ਪਹੁੰਚਿਆ ਤਾਂ ਪਹਿਲਾਂ ਹੀ ਮੌਜੂਦ 15-20 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜਿਸ ਨਾਲ ਦੀਪਕ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਮੌਤ ਹੋ ਗਈ। ਦੀਪਕ ਦੀ ਮੌਤ ਦੀ ਖਬਰ ਸੁਣਦਿਆਂ ਹੀ ਪਰਿਵਾਰ ਵਾਲੇ ਭੜਕ ਉੱਠੇ ਤੇ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਸਿਵਲ ਹਸਪਤਾਲ ’ਚ ਪ੍ਰਦਰਸ਼ਨ ਕਰਨ ਲੱਗੇ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਜਿਨ੍ਹਾਂ ਨੌਜਵਾਨਾਂ ਨੇ ਦੀਪਕ ਦਾ ਕਤਲ ਕੀਤਾ ਹੈ ਉਹ ਨਸ਼ੇ ਦਾ ਕਾਰੋਬਾਰ ਕਰਦੇ ਹਨ। ਇਨ੍ਹਾਂ ਨੌਜਵਾਨਾਂ ਨੇ ਦੀਪਕ ਕੋਲੋਂ ਤਕਰੀਬਨ ਡੇਢ ਲੱਖ ਰੁਪਿਆ ਲਿਆ ਹੋਇਆ ਸੀ ਜੋ ਉਹ ਵਾਪਸ ਨਹੀਂ ਕਰ ਰਹੇ ਸਨ।