ਨਿਗਮ ਨੇ ਅੱਠ ਸੈਕਟਰ ਦੀ ਮਾਰਕੀਟ ’ਚ ਮੰਦਰ ਢਾਹਿਆ
ਮੁਕੇਸ਼ ਕੁਮਾਰ
ਚੰਡੀਗੜ੍ਹ, 30 ਅਗਸਤ
ਚੰਡੀਗੜ੍ਹ ਨਗਰ ਨਿਗਮ ਇਥੇ ਸੈਕਟਰ-8 ਬੀ ਸਥਿਤ ਬੂਥ ਮਾਰਕੀਟ ਨੇੜੇ ਇੱਕ ਦਰੱਖਤ ਹੇਠਾਂ ਆਰਜ਼ੀ ਤੌਰ ’ਤੇ ਬਣਾਏ ਗਏ ਮੰਦਰ ਦੀ ਇਮਾਰਤ ਲੰਘੀ ਦੇਰ ਰਾਤ ਢਾਹ ਦਿੱਤੀ। ਨਗਰ ਨਿਗਮ ਵਲੋਂ ਜਾਰੀ ਬਿਆਨ ਮੁਤਾਬਕ ਸਾਲ 2009 ਤੋਂ ਬਾਅਦ ਜਨਤਕ ਸਥਾਨਾਂ ‘ਤੇ ਕਬਜ਼ਾ ਕਰਨ ਵਾਲੇ ਧਾਰਮਿਕ ਸਥਾਨਾਂ ਨੂੰ ਢਾਹੁਣ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਨਾਲ ਲੈਸ, ਇੰਜੀਨੀਅਰਿੰਗ ਵਿੰਗ ਦੀ ਇਕ ਟੀਮ ਨੇ ਅੱਜ ਜਨਤਕ ਸਥਾਨਾਂ ’ਤੇ ਕਬਜ਼ਾ ਕਰਨ ਵਾਲੇ ਅਸਥਾਈ ਧਾਰਮਿਕ ਢਾਂਚੇ ਨੂੰ ਹਟਾ ਦਿੱਤਾ। ਨਿਗਮ ਅਨੁਸਾਰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲਿਆਂ ਜਨਤਕ ਥਾਵਾਂ ਤੋਂ ਅਜਿਹੇ ਇਤਰਾਜ਼ਯੋਗ ਯੋਗ ਧਾਰਮਿਕ ਢਾਂਚੇ ਹਟਾਉਣ ਲਈ ਪਹਿਲਾਂ ਤੋਂ ਹੀ ਨੋਟਿਸ ਅਤੇ ਸੂਚਨਾ ਜਾਰੀ ਕੀਤੀ ਗਈ ਹੈ।
ਦੂਜੇ ਪਾਸੇ ਨਗਰ ਨਿਗਮ ਦੀ ਕਾਰਵਾਈ ਦੀ ਸੈਕਟਰ 8 ਸਥਿਤ ਜਨਤਾ ਮਾਰਕੀਟ ਦੇ ਪ੍ਰਧਾਨ ਬਰਿੰਦਰ ਸਿੰਘ ਨੇ ਨਿਖੇਧੀ ਕਰਦਿਆਂ ਇਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਤੋਂ ਪਹਿਲਾਂ ਸਥਾਨਕ ਭਾਈਚਾਰੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣਾ ਚਾਹੀਦਾ ਸੀ। ਸਥਾਨਕ ਆਗੂਆਂ ਅਤੇ ਧਾਰਮਿਕ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਇਹ ਵਿਵਾਦਤ ਕਾਰਵਾਈ ਬੰਦ ਕਰਨ ਦੀ ਮੰਗ ਕੀਤੀ ਅਤੇ ਆਖਿਆ ਕਿ ਪ੍ਰਸ਼ਾਸਨ ਦੀ ਇਸ ਕਾਰਵਾਈ ਨਾਲ ਸ਼ਹਿਰ ਵਿੱਚ ਧਾਰਮਿਕ ਸਦਭਾਵਨਾ ਅਤੇ ਸਮਾਜ ਵਿੱਚ ਫੁੱਟ ਪੈਣ ਦਾ ਖਤਰਾ ਵੱਧ ਸਕਦਾ ਹੈ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਵਲੋਂ ਸ਼ਹਿਰ ਵਿੱਚ ਜਨਤਕ ਥਾਵਾਂ ਤੇ ਕੀਤੇ ਗਏ ਕਬਜ਼ਾਈਂ ਨੂੰ ਹਟਾਉਣ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਗਰਾਨੀ ਹੇਠ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ਮੁਹਿੰਮ ਛੇੜੀ ਗਈ ਹੈ।