ਨਿਗਮ ਨੇ ਬਿਲਾਸਪੁਰ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ
ਪੱਤਰ ਪ੍ਰੇਰਕ
ਯਮੁਨਾਨਗਰ, 8 ਅਗਸਤ
ਜ਼ਿਲ੍ਹਾ ਨਗਰ ਯੋਜਨਾਕਾਰ ਡੀਆਰ ਪਚੀਸੀਆ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰਾਹੁਲ ਹੁੱਡਾ ਦੀਆਂ ਹਦਾਇਤਾਂ ਅਨੁਸਾਰ ਨਾਜਾਇਜ਼ ਕਲੋਨੀਆਂ ’ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ । ਇਸੇ ਕੜੀ ਵਿੱਚ ਅੱਜ ਬਿਲਾਸਪੁਰ ਦੇ ਮਾਲ ਅਸਟੇਟ ਖੇਤਰ ਵਿੱਚ ਨਾਜਾਇਜ਼ ਉਸਾਰੀਆਂ ਨੂੰ ਢਾਹਿਆ ਗਿਆ।
ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਬਿਲਾਸਪੁਰ ਸ਼ਿਵ ਚੌਕ ਤੋਂ ਕਪਾਲ ਮੋਚਨ ਰੋਡ ’ਤੇ ਸਥਿਤ ਰਿਹਾਇਸ਼ੀ ਕਲੋਨੀ ਵਿੱਚ ਕਰੀਬ 1 ਏਕੜ ਵਿੱਚ ਬਣੀਆਂ 6 ਡੀਪੀਸੀ ਅਤੇ 2 ਮਿੱਟੀ ਦੀਆਂ ਸੜਕਾਂ ਨੂੰ ਢਾਹ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ ਨਾਇਬ ਤਹਿਸੀਲਦਾਰ ਦਲਜੀਤ ਸਿੰਘ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ਸੀ ਅਤੇ ਐੱਸਐੱਚਓ ਜਗਦੀਸ਼ ਚੰਦਰ ਅਤੇ ਐੱਸਐੱਚਓ ਇਨਫੋਰਸਮੈਂਟ ਬਿਊਰੋ ਅੰਬਾਲਾ ਵੱਲੋਂ ਪੁਲੀਸ ਫੋਰਸ ਮੁਹੱਈਆ ਕਰਵਾਈ ਗਈ ਸੀ ਜਦਕਿ ਇਸ ਮੌਕੇ ਜੇਈ ਸਮੀਰ, ਐੱਫਆਈ ਅਨਿਲ ਕੁਮਾਰ ਵੀ ਹਾਜ਼ਰ ਸਨ। ਡੀਟੀਪੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਅਣਅਧਿਕਾਰਤ ਕਲੋਨੀਆਂ ਵਿੱਚ ਕਿਤੇ ਵੀ ਪਲਾਟ ਖਰੀਦਣ ਤੋਂ ਪਹਿਲਾਂ ਡੀਟੀਪੀ ਦਫ਼ਤਰ ਨਾਲ ਸੰਪਰਕ ਕਰਨ । ਉਨ੍ਹਾਂ ਇਹ ਵੀ ਕਿਹਾ ਕਿ ਨਿਯੰਤਰਿਤ ਖੇਤਰ ਵਿੱਚ ਕੋਈ ਵੀ ਉਸਾਰੀ ਕਰਨ ਤੋਂ ਪਹਿਲਾਂ ਟਾਊਨ ਐਂਡ ਕੰਟਰੀ ਪਲੈਨਿੰਗ ਵਿਭਾਗ ਦੇ ਪੋਰਟਲ ਵਿੱਚ ਲੈਂਡ ਯੂਜ਼ ਚੇਂਜ ਲੈਣ ਲਈ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਵਧੇਰੇ ਜਾਣਕਾਰੀ ਲਈ ਜੇ ਲੋੜ ਹੋਵੇ ਤਾਂ ਕਿਸੇ ਵੀ ਕੰਮ ਵਾਲੇ ਦਿਨ ਜ਼ਿਲ੍ਹਾ ਟਾਊਨ ਪਲਾਨਰ ਦੇ ਦਫ਼ਤਰ ’ਚ ਜਾ ਕੇ ਸੰਪਰਕ ਕੀਤਾ ਜਾ ਸਕਦਾ ਹੈ।