For the best experience, open
https://m.punjabitribuneonline.com
on your mobile browser.
Advertisement

ਨਿਗਮ ਨੇ ਬਾਪੂ ਧਾਮ ਕਲੋਨੀ ’ਚ ਨਾਜਾਇਜ਼ ਉਸਾਰੀਆਂ ਢਾਹੀਆਂ

08:38 AM Jul 11, 2024 IST
ਨਿਗਮ ਨੇ ਬਾਪੂ ਧਾਮ ਕਲੋਨੀ ’ਚ ਨਾਜਾਇਜ਼ ਉਸਾਰੀਆਂ ਢਾਹੀਆਂ
ਬਾਪੂ ਧਾਮ ਕਲੋਨੀ ’ਚੋਂ ਨਾਜਾਇਜ਼ ਉਸਾਰੀਆਂ ਹਟਾਉਂਦੀ ਹੋਈ ਨਿਗਮ ਦੀ ਟੀਮ।
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 10 ਜੁਲਾਈ
ਚੰਡੀਗੜ੍ਹ ਨਗਰ ਨਿਗਮ ਨੇ ਜਨਤਕ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਅੱਜ ਬਾਪੂ ਧਾਮ ਕਲੋਨੀ ਸੈਕਟਰ-26 ਵਿੱਚ ਗਰੀਨ ਬੈਲਟ ਦੇ ਨਾਲ ਬਣੀਆਂ 15 ਨਾਜਾਇਜ਼ ਉਸਾਰੀਆਂ ਨੂੰ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ। ਇਸ ਦੌਰਾਨ ਪੁਲੀਸ ਨੇ ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਅੱਧੀ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਨਗਰ ਨਿਗਮ ਪ੍ਰਸ਼ਾਸਨ ਦੇ ਰੋਡ ਵਿੰਗ ਅਨੁਸਾਰ ਨਿਗਮ ਅਧਿਕਾਰੀਆਂ ਵੱਲੋਂ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਕਲੋਨੀ ਵਾਸੀਆਂ ਨੇ 20 ਫੁੱਟ ਚੌੜੀ ਸੜਕ ’ਤੇ ਨਾਜਾਇਜ਼ ਉਸਾਰੀਆਂ ਨੂੰ ਨਹੀਂ ਹਟਾਇਆ। ਨਾਜਾਇਜ਼ ਉਸਾਰੀਆਂ ਕਾਰਨ ਸੜਕਾਂ ਅਤੇ ਗਰੀਨ ਬੈਲਟ ਨੇੜੇ ਅਕਸਰ ਜਾਮ ਲੱਗਾ ਰਹਿੰਦਾ ਸੀ ਜਿਸ ਕਾਰਨ ਨਗਰ ਨਿਗਮ ਦੀ ਟੀਮ ਨੇ ਕਾਰਵਾਈ ਕਰਦਿਆਂ ਇੱਥੇ ਕੀਤੀਆਂ ਨਾਜਾਇਜ਼ ਉਸਾਰੀਆਂ ਨੂੰ ਹਟਾ ਦਿੱਤਾ।
ਨਿਗਮ ਟੀਮ ਨੇ ਇਥੇ 20 ਫੁੱਟ ਚੌੜੀ ਸੜਕ, ਜਨਤਕ ਮਾਰਗਾਂ ਅਤੇ ਗਰੀਨ ਬੈਲਟ ਦੇ ਨੇੜੇ ਸਰਕਾਰੀ ਜ਼ਮੀਨ ’ਤੇ ਕੀਤੇ ਕਈ ਅਣ-ਅਧਿਕਾਰਤ ਪੱਕੀਆਂ ਅਤੇ ਆਰਜ਼ੀ ਉਸਾਰੀਆਂ ਨੂੰ ਢਾਹ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਰੋਡ ਵਿੰਗ ਵੱਲੋਂ ਚਲਾਈ ਗਈ ਇਸ ਮੁਹਿੰਮ ਵਿੱਚ ਨੌਂ ਸਥਾਈ ਅਤੇ ਛੇ ਆਰਜ਼ੀ ਉਸਾਰੀਆਂ ਨੂੰ ਹਟਾਇਆ ਗਿਆ।
ਇਸ ਤੋਂ ਇਲਾਵਾ ਦੁਕਾਨਦਾਰਾਂ ਵੱਲੋਂ ਸੜਕਾਂ, ਫੁਟਪਾਥਾਂ ਅਤੇ ਖੁੱਲ੍ਹੀਆਂ ਥਾਵਾਂ ’ਤੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਤੌਰ ’ਤੇ ਰੱਖੀ ਨਿਰਮਾਣ ਸਮੱਗਰੀ ਨੂੰ ਵੀ ਹਟਾਇਆ ਗਿਆ। ਨਿਗਮ ਦੀ ਇਸ ਕਾਰਵਾਈ ਦਾ ਇਲਾਕਾ ਵਾਸੀਆਂ ਨੇ ਵਿਰੋਧ ਵੀ ਕੀਤਾ ਪਰ ਪੁਲੀਸ ਸੁਰੱਖਿਆ ਕਾਰਨ ਉਨ੍ਹਾਂ ਦੀ ਇੱਕ ਨਾ ਚੱਲੀ ਅਤੇ ਨਿਗਮ ਦੀ ਟੀਮ ਵੱਲੋਂ ਨਾਜਾਇਜ਼ ਉਸਾਰੀਆਂ ਹਟਾਉਣ ਦੀ ਕਾਰਵਾਈ ਜਾਰੀ ਰਹੀ। ਨਿਗਮ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਵਾਲਿਆਂ ਨੂੰ ਪੁਲੀਸ ਨੇ ਖਦੇੜ ਦਿੱਤਾ ਅਤੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਏ ਜਾਣ ਦੀ ਸੂਚਨਾ ਹੈ।

Advertisement

ਕਾਂਗਰਸ ਵੱਲੋਂ ਨਗਰ ਨਿਗਮ ਦੀ ਕਾਰਵਾਈ ਦਾ ਵਿਰੋਧ

ਚੰਡੀਗੜ੍ਹ ਦੇ ਸੈਕਟਰ-26 ਸਥਿਤ ਬਾਪੂ ਧਾਮ ਕਲੋਨੀ ਵਿੱਚ ਕਾਂਗਰਸ ਦੇ ਬਲਾਕ ਪ੍ਰਧਾਨ ਮੁਹੰਮਦ ਸੁਲੇਮਾਨ ਦੀ ਅਗਵਾਈ ਵਿੱਚ ਕਾਂਗਰਸ ਦੀ ਟੀਮ ਨੇ ਨਗਰ ਨਿਗਮ ਵੱਲੋਂ ਕੀਤੀ ਕਾਰਵਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸੁਲੇਮਾਨ ਨੇ ਦੋਸ਼ ਲਾਇਆ ਕਿ ਨਿਗਮ ਦੀ ਕਾਰਵਾਈ ਦਾ ਕਿਸੇ ਵੀ ਭਾਜਪਾ ਵਰਕਰ ਅਤੇ ਸਥਾਨਕ ਕੌਂਸਲਰ ਦਲੀਪ ਸ਼ਰਮਾ ਨੇ ਵਿਰੋਧ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਨ ਵਾਲੇ ਸਾਰੇ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਬਾਪੂ-ਧਾਮ ਪੁਲੀਸ ਚੌਕੀ ਵਿੱਚ ਰੱਖਿਆ ਗਿਆ, ਜਿਨ੍ਹਾਂ ਵਿੱਚ ਮੁਹੰਮਦ ਸੁਲੇਮਾਨ, ਮਨੋਜ ਕੁਮਾਰ (ਲਾਰਾ), ਅੰਮ੍ਰਿਤ ਲਾਲ (ਕਾਲਾ), ਜੇਪੀ ਚੌਧਰੀ, ਸਲੀਮ, ਕਾਸਿਮ, ਨਰੇਸ਼ ਕੁਮਾਰ, ਸਾਬਕਾ ਕੌਂਸਲਰ ਮੁਕੇਸ਼ ਚੌਧਰੀ, ਰਾਣੋ ਦੇਵੀ, ਡਾ. ਆਸ਼ੂ ਵੈਦ ਆਦਿ ਸ਼ਾਮਲ ਸਨ।

ਬਤੌੜ ਤੇ ਬਰਵਾਲਾ ਵਿੱਚ ਨਾਜਾਇਜ਼ ਕਬਜ਼ੇ ਹਟਾਏ

ਬਰਵਾਲਾ ਵਿੱਚ ਢਾਹੀਆਂ ਜਾ ਰਹੀਆਂ ਨਾਜਾਇਜ਼ ਉਸਾਰੀਆਂ।

ਪੰਚਕੂਲਾ (ਪੀ.ਪੀ. ਵਰਮਾ): ਡਿਪਟੀ ਕਮਿਸ਼ਨਰ ਡਾ. ਯਸ਼ ਗਰਗ ਦੀ ਅਗਵਾਈ ਵਿੱਚ ਜ਼ਿਲ੍ਹਾ ਟਾਊਨ ਪਲਾਨਰ ਪੰਚਕੂਲਾ ਦੀ ਟੀਮ ਵੱਲੋਂ ਬਰਵਾਲਾ ਅਤੇ ਅਰਬਨ ਏਰੀਆ ਪੰਚਕੂਲਾ ਵਿੱਚ ਅਣਅਧਿਕਾਰਤ ਕਾਲੋਨੀਆਂ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਦੌਰਾਨ ਪਿੰਡ ਬਰਵਾਲਾ ਵਿੱਚ ਦੋ ਅਣਅਧਿਕਾਰਤ ਕਲੋਨੀਆਂ ਦੇ ਸੜਕੀ ਜਾਲ ਅਤੇ ਦੋ ਕੰਧਾਂ ਅਤੇ ਇੱਕ ਡੀਪੀਸੀ ਨੂੰ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਢਾਹਿਆ ਗਿਆ। ਜ਼ਿਲ੍ਹਾ ਟਾਊਨ ਪਲਾਨਰ ਨੇ ਦੱਸਿਆ ਕਿ ਉਕਤ ਨਾਜਾਇਜ਼ ਕਾਲੋਨੀਆਂ ਨੂੰ ਹਟਾਉਣ ਲਈ ਨੋਟਿਸ ਜਾਰੀ ਕੀਤੇ ਗਏ ਸਨ, ਪਰ ਡਿਫਾਲਟਰਾਂ ਵੱਲੋਂ ਹੁਕਮਾਂ ਦੀ ਪਾਲਣਾ ਨਾ ਕਰਨ ਕਾਰਨ ਉਕਤ ਕਾਰਵਾਈ ਕਰਨੀ ਪਈ| ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਉਸਾਰੀ ਕਰਨ ਜਾਂ ਕੋਈ ਕਾਲੋਨੀ ਵਿਕਸਤ ਕਰਨ ਤੋਂ ਪਹਿਲਾਂ ਡਾਇਰੈਕਟਰ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ, ਹਰਿਆਣਾ ਤੋਂ ਮਨਜ਼ੂਰੀ ਲਏ ਬਿਨਾਂ ਕੋਈ ਗ਼ੈਰ-ਕਾਨੂੰਨੀ ਉਸਾਰੀ ਜਾਂ ਕਲੋਨੀ ਵਿਕਸਤ ਕੀਤੀ ਜਾਂਦੀ ਹੈ ਤਾਂ ਵਿਭਾਗ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਦਾ ਰਹੇਗਾ।

Advertisement
Author Image

joginder kumar

View all posts

Advertisement
Advertisement
×