For the best experience, open
https://m.punjabitribuneonline.com
on your mobile browser.
Advertisement

ਨਿਗਮ ਨੇ ਪ੍ਰਾਪਰਟੀ ਟੈਕਸ ’ਚ ਨਵਾਂ ਰਿਕਾਰਡ ਬਣਾਇਆ

06:42 AM Jun 04, 2024 IST
ਨਿਗਮ ਨੇ ਪ੍ਰਾਪਰਟੀ ਟੈਕਸ ’ਚ ਨਵਾਂ ਰਿਕਾਰਡ ਬਣਾਇਆ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 3 ਮਈ
ਚੰਡੀਗੜ੍ਹ ਨਗਰ ਨਿਗਮ ਇਸ ਵਿੱਤੀ ਵਰ੍ਹੇ 2024-25 ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਸਾਲਾਨਾ ਪ੍ਰਾਪਰਟੀ ਟੈਕਸ ਇਕੱਠਾ ਕਰ ਕੇ ਨਿਗਮ ਦੇ ਇਤਿਹਾਸ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਵੱਲੋਂ ਇਸ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ ਦੌਰਾਨ 1 ਅਪਰੈਲ ਤੋਂ 31 ਮਈ ਤੱਕ ਕੁੱਲ ਪ੍ਰਾਪਰਟੀ ਟੈਕਸ ਦੀ ਵਸੂਲੀ 52.24 ਕਰੋੜ ਰੁਪਏ ਹੈ, ਜੋ ਕਿ ਪਿਛਲੇ ਵਿੱਤੀ ਵਰ੍ਹੇ 2023-24 ਦੀ 43.21 ਕਰੋੜ ਰੁਪਏ ਦੀ ਵਸੂਲੀ ਨਾਲੋਂ 21 ਫ਼ੀਸਦੀ ਵੱਧ ਹੈ। ਇਸ ਪ੍ਰਾਪਤੀ ’ਤੇ ਟਿੱਪਣੀ ਕਰਦਿਆਂ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਇਹ ਟੈਕਸ ਉਗਰਾਹੀ ਨਗਰ ਨਿਗਮ ਦੀ ਟੀਮ ਦੀ ਸਖ਼ਤ ਮਿਹਨਤ ਤੇ ਲਗਨ ਦੇ ਨਾਲ-ਨਾਲ ਸ਼ਹਿਰ ਵਾਸੀਆਂ ਤੇ ਵਪਾਰੀਆਂ ਵੱਲੋਂ ਦਿਖਾਈ ਗਈ ਜ਼ਿੰਮੇਵਾਰੀ ਦਾ ਪ੍ਰਮਾਣ ਹੈ।
ਉਨ੍ਹਾਂ ਕਿਹਾ ਕਿ ਇਹ ਰਿਕਾਰਡ ਤੋੜ ਪ੍ਰਾਪਰਟੀ ਟੈਕਸ ਉਗਰਾਹੀ ਨਗਰ ਨਿਗਮ ਨੂੰ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ​​ਕਰਨ, ਜਨਤਕ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਚੰਡੀਗੜ੍ਹ ਦੇ ਸਰਵਪੱਖੀ ਵਿਕਾਸ ਵਿੱਚ ਨਿਵੇਸ਼ ਕਰਨ ਦੇ ਯੋਗ ਬਣਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਇਨ੍ਹਾਂ ਸਾਧਨਾਂ ਦੀ ਸੁਚੱਜੀ ਅਤੇ ਪਾਰਦਰਸ਼ੀ ਢੰਗ ਨਾਲ ਵਰਤੋਂ ਕਰ ਕੇ ਸ਼ਹਿਰ ਵਾਸੀਆਂ ਨੂੰ ਲਾਭ ਪਹੁੰਚਾਉਣ ਲਈ ਵਚਨਬੱਧ ਹੈ।
ਦੱਸਣਯੋਗ ਹੈ ਕਿ ਨਗਰ ਨਿਗਮ ਹਰ ਵਿੱਤੀ ਵਰ੍ਹੇ ਪਹਿਲੇ ਦੋ ਮਹੀਨਿਆਂ 1 ਅਪਰੈਲ ਤੋਂ 31 ਮਈ ਦਰਮਿਆਨ ਪ੍ਰਾਪਰਟੀ ਟੈਕਸ ਤਾਰਨ ਵਾਲਿਆਂ ਨੂੰ ਵਿਸ਼ੇਸ਼ ਛੋਟ ਦਿੰਦਾ ਹੈ। ਰਿਹਾਇਸ਼ੀ ਇਕਾਈਆਂ ਨੂੰ ਪ੍ਰਾਪਰਟੀ ਟੈਕਸ ’ਤੇ 20 ਫ਼ੀਸਦੀ ਅਤੇ ਵਪਾਰਕ ਇਕਾਈਆਂ ਨੂੰ ਉਨ੍ਹਾਂ ਦੇ ਪ੍ਰਾਪਰਟੀ ਟੈਕਸ ਦੀ ਕੁੱਲ ਰਕਮ ’ਤੇ 10 ਫ਼ੀਸਦੀ ਛੋਟ ਦਿੱਤੀ ਜਾਂਦੀ ਹੈ। ਹਾਲਾਂਕਿ ਪ੍ਰਾਪਰਟੀ ਟੈਕਸ ਦੀ ਛੋਟ ਦੀ ਮਿਆਦ ਦੇ ਆਖ਼ਰੀ ਸਮੇਂ ਦੌਰਾਨ ਸਰਵਰ ਡਾਊਨ ਹੋਣ ਕਾਰਨ ਸ਼ਹਿਰ ਵਾਸੀਆਂ ਨੂੰ ਖੱਜਲ ਹੋਣਾ ਪਿਆ ਸੀ। ਇਸ ਛੋਟ ਦੀ ਮਿਆਦ 31 ਮਈ ਨੂੰ ਖਤਮ ਹੋਣ ਤੋਂ ਬਾਅਦ ਹੁਣ ਪ੍ਰਾਪਰਟੀ ਟੈਕਸ ਭਰਨ ਵਾਲਿਆਂ ਨੂੰ 25 ਫ਼ੀਸਦੀ ਜੁਰਮਾਨੇ ਦੇ ਨਾਲ-ਨਾਲ ਆਪਣੀ ਪ੍ਰਾਪਰਟੀ ਟੈਕਸ ਦੀ ਰਕਮ ’ਤੇ 12 ਫੀਸਦੀ ਵਿਆਜ ਵੀ ਦੇਣਾ ਹੋਵੇਗਾ। ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਨੇ ਛੋਟ ਦੀ ਮਿਆਦ ਦੌਰਾਨ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਵਾਲਿਆਂ ਦਾ ਧੰਨਵਾਦ ਕੀਤਾ ਹੈ ਅਤੇ ਜਿਹੜੇ ਲੋਕ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾ ਸਕੇ ਉਨ੍ਹਾਂ ਨੂੰ ਕਿਸੇ ਵੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਜਲਦੀ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ ਹੈ।

Advertisement

Advertisement
Author Image

Advertisement
Advertisement
×