ਚੰਦਰਯਾਨ-3 ਦੀ ਸਫ਼ਲਤਾ ’ਚ ਮੋਗਾ ਜ਼ਿਲ੍ਹੇ ਦੇ ਇੱਕ ਹੋਰ ਵਿਗਿਆਨੀ ਦਾ ਯੋਗਦਾਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਅਗਸਤ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਵੱਕਾਰੀ ਪ੍ਰਾਜੈਕਟ ਚੰਦਰਯਾਨ-3 ’ਚ ਮੋਗਾ ਦੇ ਨੌਜਵਾਨ ਨੇ ਅਹਿਮ ਯੋਗਦਾਨ ਪਾਇਆ ਹੈ, ਜਿਸ ਦਾ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸਨਮਾਨ ਕੀਤਾ ਗਿਆ ਹੈ। ਇਸ ਪ੍ਰਾਪਤੀ ’ਤੇ ਉਸ ਦੇ ਮਾਪਿਆਂ ’ਚ ਖੁਸ਼ੀ ਦੀ ਲਹਿਰ ਹੈ। ਇਸ ਤੋਂ ਪਹਿਲਾਂ ਵੀ ਮੋਗਾ ਦੇ ਵਿਗਿਆਨੀ ਹਰਜੀਤ ਸਿੰਘ ਦੇ ਚੰਦਰਯਾਨ ’ਚ ਅਹਿਮ ਯੋਗਦਾਨ ਕਾਰਨ ਇਸਰੋ ਨੇ ਸਨਮਾਨ ਵਜੋਂ ਡਾਕ ਟਿਕਟ ਜਾਰੀ ਕੀਤਾ ਸੀ। ਨਿਹਾਲ ਸਿੰਘ ਵਾਲਾ ਸਬ ਡਿਵੀਜ਼ਨ ਅਧੀਨ ਪਿੰਡ ਖਾਈ ਦਾ ਵਸਨੀਕ ਨਵਦੀਪ ਸਿੰਘ ਥਾਪਰ ਕਾਲਜ ਪਟਿਆਲਾ ਤੋਂ ਬੀਟੈੱਕ ਦੀ ਪੜ੍ਹਾਈ ਕਰ ਰਿਹਾ ਹੈ। ਉਸ ਨੂੰ ਇਸਰੋ ਦੇ ਹੈਦਰਾਬਾਦ ਸੈਂਟਰ ’ਚ ਭੇਜਿਆ ਗਿਆ, ਜਿੱਥੇ ਪਿਛਲੇ ਸਾਲ ਚੰਦਰਯਾਨ-3 ਦੇ ਚੰਦ ਉੱਪਰ ਸਫਲ ਉੱਤਰਨ ਤੋਂ ਬਾਅਦ ਅੱਗੇ ਵਧਣ ਵਿੱਚ ਮੁਸ਼ਕਲ ਆ ਰਹੀ ਸੀ। ਇਸ ਰੁਕਾਵਟ ਨੂੰ ਹੱਲ ਕਰਨ ਦਾ ਜ਼ਿੰਮਾ ਨਵਦੀਪ ਸਿੰਘ ਨੂੰ ਦਿੱਤਾ ਗਿਆ। ਉਸ ਨੇ ਇਹ ਰੁਕਾਵਟ ਦੂਰ ਕਰਨ ਲਈ ਰੋਡਮੈਪ ਤਿਆਰ ਕੀਤਾ। ਇਸ ਗਾਈਡ ਮੈਪ ਨਾਲ ਹੀ ਚੰਦਰਯਾਨ-3 ਦਾ ਟਰਾਇਲ ਸਫਲ ਹੋਇਆ। ਇਸਰੋ ਨੇ ਨਵਦੀਪ ਸਿੰਘ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਸ ਦਾ ਨਾਂ ਸਨਮਾਨ ਲਈ ਭੇਜਿਆ ਸੀ। ਨਵਦੀਪ ਸਿੰਘ ਦੇ ਪਿਤਾ ਗੁਰਪ੍ਰੀਤ ਸਿੰਘ ਫੌਜ ਵਿੱਚ ਸੂਬੇਦਾਰ ਹਨ। ਮਾਪਿਆਂ ਨੇ ਕਿਹਾ ਕਿ ਇਹ ਪਲ ਉਨ੍ਹਾਂ, ਪਿੰਡ ਲਈ, ਪੰਜਾਬ ਅਤੇ ਪੂਰੇ ਭਾਰਤ ਦੇਸ਼ ਲਈ ਮਾਣ ਵਾਲੇ ਹਨ। ਚੰਦਰਯਾਨ ਕਿਸੇ ਪੱਥਰ ਨਾਲ ਟਕਰਾ ਕੇ ਰੁਕ ਜਾਂਦਾ ਸੀ ਜਾਂ ਫਿਰ ਅੱਗੇ ਆਏ ਖੱਡੇ ਵਿੱਚ ਰੁਕ ਜਾਂਦਾ ਸੀ, ਇਸ ਰੁਕਾਵਟ ਨੂੰ ਦੂਰ ਕਰਨ ਲਈ ਨਵਦੀਪ ਨੇ ਰੋਡਮੈਪ ਤਿਆਰ ਕੀਤਾ, ਜਿਸ ਨਾਲ ਰੁਕਾਵਟ ਦੂਰ ਹੋ ਗਈ।