ਇਤਿਹਾਸ ਦੇ ਵਿਰੋਧਾਭਾਸ
ਦੁਨੀਆ ਦਾ ਇਤਿਹਾਸ ਹਮੇਸ਼ਾ ਵਿਰੋਧਾਭਾਸਾਂ ਦਾ ਇਤਿਹਾਸ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੌਜੂਦਾ ਅਮਰੀਕਾ ਦੌਰਾ ਅਜਿਹੇ ਕਈ ਵਿਰੋਧਾਭਾਸਾਂ ਨੂੰ ਸਾਹਮਣੇ ਲਿਆਉਂਦਾ ਹੈ। ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਜੋਅ ਬਾਇਡਨ ਦੀ ਸਾਂਝੀ ਪ੍ਰੈਸ ਕਾਨਫਰੰਸ ਵਿਚ ਜਮਹੂਰੀਅਤ, ਮਨੁੱਖੀ ਅਧਿਕਾਰ, ਸੰਵਿਧਾਨ, ਆਪਸੀ ਸਹਿਯੋਗ ਆਦਿ ਸ਼ਬਦਾਂ ਦੀ ਵਰਤੋਂ ਨਾਲ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਅਮਰੀਕਾ ਹਮੇਸ਼ਾ ਆਪਣੇ ਜਮਹੂਰੀ ਹੋਣ ਤੇ ਸੰਸਾਰ ਭਰ ਵਿਚ ਮਨੁੱਖੀ ਅਧਿਕਾਰਾਂ ਦਾ ਰਖਵਾਲਾ ਹੋਣ ਦਾ ਦਾਅਵਾ ਕਰਦਾ ਅਤੇ ਇਸ ਨੂੰ ਆਪਣੀਆਂ ਘਰੇਲੂ ਤੇ ਕੌਮਾਂਤਰੀ ਨੀਤੀਆਂ ਦਾ ਆਧਾਰ ਦੱਸਦਾ ਹੈ। ਇਤਿਹਾਸ ਦੱਸਦਾ ਹੈ ਕਿ ਅਮਰੀਕਾ ਨੇ ਆਪਣੇ ਕੌਮੀ ਹਿੱਤਾਂ ਵਾਸਤੇ ਬਹੁਤ ਵਾਰ ਤਾਨਾਸ਼ਾਹੀ ਤੇ ਫ਼ੌਜੀ ਹੁਕਮਰਾਨਾਂ ਦਾ ਸਾਥ ਦਿੱਤਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। ਇਸ ਤੱਥ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਮਰੀਕਾ ਖ਼ੁਦ ਜਮਹੂਰੀਅਤ ਹੈ। ਇਸ ਦੀਆਂ ਜਮਹੂਰੀ ਸੰਸਥਾਵਾਂ ਕਾਫ਼ੀ ਮਜ਼ਬੂਤ ਹਨ ਪਰ ਇਸ ਦੇ ਨਾਲ ਨਾਲ ਇਹ ਸੰਸਥਾਵਾਂ ਅਮਰੀਕਾ ਦੀਆਂ ਘਰੇਲੂ ਤੇ ਕੌਮਾਂਤਰੀ ਨੀਤੀਆਂ ਨੂੰ ਕਾਰਪੋਰੇਟ ਅਦਾਰਿਆਂ ਦੇ ਹੱਕ ਵਿਚ ਭੁਗਤਾਉਣ ਦੇ ਕੰਮ ਆਉਂਦੀਆਂ ਹਨ। ਇਸ ਕਾਰਨ ਅਮਰੀਕਾ ਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਆਰਥਿਕ ਨਾ-ਬਰਾਬਰੀ ਵਧੀ ਹੈ; ਅਮਰੀਕਾ ਵਿਚ ਸਿਖ਼ਰਲੇ ਅਮੀਰਾਂ ਦੀ ਦੌਲਤ ਤੇਜ਼ੀ ਨਾਲ ਵਧ ਰਹੀ ਹੈ ਜਦੋਂਕਿ ਹੇਠਲੇ ਵਰਗਾਂ ਦੇ ਲੋਕਾਂ ਦੀ ਆਮਦਨ ਘਟ ਰਹੀ ਹੈ। ਅਮਰੀਕਾ ਦੇ ਕਾਰਪੋਰੇਟ ਅਦਾਰੇ ਏਸ਼ੀਆ, ਅਫ਼ਰੀਕਾ ਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਵਿਚ ਕੁਦਰਤੀ ਖ਼ਜ਼ਾਨਿਆਂ ਨੂੰ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ; ਇਨ੍ਹਾਂ ਤੋਂ ਪੈਦਾ ਹੁੰਦੀ ਦੌਲਤ ਅਮਰੀਕਾ ਨੂੰ ਹੋਰ ਤਾਕਤਵਰ ਬਣਾਉਂਦੀ ਹੈ। ਦੁਨੀਆ ਭਰ ਤੋਂ ਹੁਨਰਮੰਦ ਨੌਜਵਾਨ, ਵਿਗਿਆਨੀ ਤੇ ਹੋਰ ਖੇਤਰਾਂ ਦੇ ਵਿਦਵਾਨ ਅਮਰੀਕਾ ਪਹੁੰਚਦੇ ਅਤੇ ਅਮਰੀਕਾ ਦੇ ਗਿਆਨ ਭੰਡਾਰ ਵਿਚ ਵਾਧਾ ਕਰਦੇ ਹਨ; ਇਹ ਵਰਤਾਰਾ ਅਮਰੀਕਾ ਨੂੰ ਗਿਆਨ, ਵਿਗਿਆਨ ਤੇ ਤਕਨਾਲੋਜੀ ਵਿਚ ਮੋਹਰੀ ਤੇ ਸ਼ਕਤੀਸ਼ਾਲੀ ਬਣਾਉਂਦਾ ਹੈ। ਜਿੱਥੇ ਅਮਰੀਕੀ ਸਰਕਾਰਾਂ ਤਾਨਾਸ਼ਾਹ ਤੇ ਫ਼ੌਜੀ ਹੁਕਮਰਾਨਾਂ ਦੀ ਪਿੱਠ ਠੋਕਦੀਆਂ ਰਹੀਆਂ ਹਨ ਉੱਥੇ ਅਮਰੀਕਾ ਵਿਚੋਂ ਉੱਠਦੀਆਂ ਜਮਹੂਰੀ ਆਵਾਜ਼ਾਂ ਵੱਖ ਵੱਖ ਦੇਸ਼ਾਂ ਵਿਚ ਜਮਹੂਰੀ ਅਧਿਕਾਰਾਂ ਤੇ ਜਮਹੂਰੀਅਤ ਦੇ ਹੱਕ ਵਿਚ ਲੜਨ ਵਾਲਿਆਂ ਦਾ ਹੌਸਲਾ ਵਧਾਉਂਦੀਆਂ ਹਨ। ਇਨ੍ਹਾਂ ਵਿਰੋਧਾਭਾਸਾਂ ਨੂੰ ਸਮੇਟਦਾ ਹੋਇਆ ਅਮਰੀਕਾ ਦੂਸਰੀ ਆਲਮੀ ਜੰਗ ਤੋਂ ਬਾਅਦ ਪ੍ਰਮੁੱਖ ਆਲਮੀ ਤਾਕਤ ਬਣ ਕੇ ਉੱਭਰਿਆ ਹੈ। ਇਹ ਵੀ ਇਤਿਹਾਸ ਦਾ ਵੱਡਾ ਵਿਰੋਧਾਭਾਸ ਹੈ ਕਿ ਜਮਹੂਰੀਅਤ ਅਤੇ ਦੂਸਰੇ ਦੇਸ਼ਾਂ ‘ਤੇ ਗ਼ਲਬਾ ਪਾਉਣ ਦੀਆਂ ਨੀਤੀਆਂ ਹਮੇਸ਼ਾ ਇਕੱਠੀਆਂ ਹੀ ਚੱਲੀਆਂ ਹਨ; ਆਧੁਨਿਕ ਜਮਹੂਰੀਅਤ ਲਈ ਪ੍ਰਮੁੱਖ ਸੰਘਰਸ਼ ਇੰਗਲੈਂਡ ਤੇ ਫਰਾਂਸ ਵਿਚ ਹੋਏ ਅਤੇ ਆਪਣੇ ਅੰਦਰੂਨੀ ਰਾਜ ਪ੍ਰਬੰਧਾਂ ਵਿਚ ਜਮਹੂਰੀਅਤ ਕਾਇਮ ਕਰਦੇ ਹੋਏ ਇਹ ਦੇਸ਼ ਉਨ੍ਹਾਂ ਹੀ ਸਮਿਆਂ ਵਿਚ ਸਾਮਰਾਜੀ ਦੇਸ਼ ਬਣੇ।
ਪ੍ਰਧਾਨ ਮੰਤਰੀ ਮੋਦੀ ਨੇ ਮਨੁੱਖੀ ਅਧਿਕਾਰਾਂ ਅਤੇ ਘੱਟਗਿਣਤੀਆਂ ਬਾਰੇ ਕੀਤੇ ਗਏ ਸਵਾਲ ਦੇ ਜਵਾਬ ਵਿਚ ਸੰਵਿਧਾਨ ਤੇ ਪੁਰਾਤਨ ਵਿਰਸੇ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸੇ ਨਾਲ ਵਿਤਕਰੇ ਦਾ ਕੋਈ ਸਵਾਲ ਹੀ ਨਹੀਂ ਉੱਠਦਾ ਜਦੋਂਕਿ ਹਕੀਕਤ ਇਸ ਦੇ ਉਲਟ ਹੈ। ਪਿਛਲੇ ਕੁਝ ਸਾਲਾਂ ਵਿਚ ਭਾਰਤ ਵਿਚ ਧਰਮ ਆਧਾਰਿਤ ਸਿਆਸਤ, ਹਜੂਮੀ ਹਿੰਸਾ ਦੀ ਘਟਨਾਵਾਂ, ਘੱਟਗਿਣਤੀ ਫ਼ਿਰਕਿਆਂ ਨੂੰ ਹਾਸ਼ੀਏ ‘ਤੇ ਧੱਕੇ ਜਾਣਾ ਅਤੇ ਅਜਿਹੇ ਹੋਰ ਵਰਤਾਰੇ ਵਧੇ ਹਨ। ਇਨ੍ਹਾਂ ਸਭ ਵਿਰੋਧਾਭਾਸਾਂ ਦੇ ਬਾਵਜੂਦ ਜਮਹੂਰੀਅਤ ਦੀ ਅਹਿਮੀਅਤ ਨੂੰ ਨਕਾਰਿਆ ਨਹੀਂ ਜਾ ਸਕਦਾ। ਜਮਹੂਰੀਅਤ ਹੀ ਲੋਕਾਂ ਨੂੰ ਅਜਿਹੀ ਜ਼ਮੀਨ ਮੁਹੱਈਆ ਕਰਵਾਉਂਦੀ ਹੈ ਜਿਸ ‘ਤੇ ਖਲੋ ਕੇ ਲੋਕ ਪੱਖੀ ਤਾਕਤਾਂ ਆਪਣੇ ਸੰਘਰਸ਼ ਕਰ ਸਕਦੀਆਂ ਹਨ। ਸ਼ਾਸਕ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਆਪਣੀ ਤਾਕਤ ਵਧਾਉਣ ਤੇ ਸੱਤਾ ਮਜ਼ਬੂਤ ਕਰਨ ਲਈ ਕਰਦੇ ਹਨ ਪਰ ਆਮ ਲੋਕਾਂ ਲਈ ਸੰਵਿਧਾਨ, ਜਮਹੂਰੀਅਤ ਅਤੇ ਸੰਸਥਾਵਾਂ ਉਹ ਤਾਕਤਾਂ ਤੇ ਸਥਾਨ ਹਨ ਜਿਨ੍ਹਾਂ ਰਾਹੀਂ ਉਹ ਆਪਣੇ ਹੱਕਾਂ ਦੀ ਰਾਖੀ ਕਰਦੇ ਹਨ।