ਬਿਜਲੀ ਮੰਤਰੀ ਦੇ ਮੀਟਿੰਗ ’ਚ ਨਾ ਆਉਣ ’ਤੇ ਠੇਕਾ ਕਾਮਿਆਂ ਨੇ ਦਿਖਾਈ ‘ਪਾਵਰ’
ਕੁਲਦੀਪ ਸਿੰਘ
ਚੰਡੀਗੜ੍ਹ, 13 ਫ਼ਰਵਰੀ
ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਅੱਜ ਬਿਜਲੀ ਮੰਤਰੀ ਨਾਲ ਚੰਡੀਗੜ੍ਹ ਹੋਣ ਵਾਲੀ ਮੀਟਿੰਗ ਬੇਸਿੱਟਾ ਰਹੀ, ਕਿਉਂਕਿ ਮੰਤਰੀ ਜ਼ਰੂਰੀ ਰੁਝੇਵੇਂ ਕਾਰਨ ਮੀਟਿੰਗ ਵਿੱਚ ਨਾ ਪਹੁੰਚੇ। ਇਹ ਮੀਟਿੰਗ ਆਊਟਸੋਰਸਿੰਗ ਸੀਐੱਚਬੀ ਅਤੇ ਡਬਲਿਊ ਠੇਕਾ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਲਗਾਤਾਰ ਸੰਘਰਸ਼ ਉਪਰੰਤ ਮਿਲੇ ਸਮੇਂ ਮੁਤਾਬਕ ਹੋਣੀ ਸੀ। ਮਗਰੋਂ ਯੂਨੀਅਨ ਨੇ ਆਉਣ ਵਾਲੇ ਦਿਨਾਂ ਦੌਰਾਨ ਬਿਜਲੀ ਮੰਤਰੀ ਦਾ ਕਾਲੇ ਝੰਡਿਆਂ ਨਾਲ ਘਿਰਾਓ ਕਰਨ ਸਣੇ ਉਨ੍ਹਾਂ ਦੇ ਹਲਕੇ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਜਨਰਲ ਸਕੱਤਰ ਰਾਜੇਸ਼ ਕੁਮਾਰ ਮੌੜ, ਦਫ਼ਤਰੀ ਸਕੱਤਰ ਸ਼ੇਰ ਸਿੰਘ, ਸਹਾਇਕ ਸਕੱਤਰ ਟੇਕ ਚੰਦ ਨੇ ਦੱਸਿਆ ਕਿ ਅੱਜ ਜਦੋਂ ਉਹ ਬਿਜਲੀ ਮੰਤਰੀ ਨਾਲ ਮੀਟਿੰਗ ਕਰਨ ਲਈ ਚੰਡੀਗੜ੍ਹ ਪਹੁੰਚੇ ਤਾਂ ਇਸ ਮੌਕੇ ਡਿਪਟੀ ਮੈਨੇਜਰ ਪੀਐੱਸਪੀਸੀਐੱਲ ਨੇ ਦਸਿਆ ਕਿ ਬਿਜਲੀ ਮੰਤਰੀ ਕਿਸੇ ਜ਼ਰੂਰੀ ਰੁਝੇਵੇਂ ਕਾਰਨ ਮੀਟਿੰਗ ਨਹੀਂ ਕਰ ਰਹੇ। ਆਗੂਆਂ ਨੇ ਕਿਹਾ ਕਿ ਫੀਲਡ ਵਿੱਚ ਆਉਣ ’ਤੇ ਬਿਜਲੀ ਮੰਤਰੀ ਦਾ ਕਾਲੇ ਝੰਡਿਆਂ ਨਾਲ ਘਿਰਾਓ ਕੀਤਾ ਜਾਵੇਗਾ। 16 ਫਰਵਰੀ ਨੂੰ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾਣਗੀਆਂ ਅਤੇ 17 ਫਰਵਰੀ ਨੂੰ ਬਿਜਲੀ ਮੰਤਰੀ ਦੇ ਹਲਕੇ ਨਿਊ-ਅੰਮ੍ਰਿਤਸਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ 27 ਫਰਵਰੀ ਨੂੰ ਨੈਸ਼ਨਲ ਹਾਈਵੇਅ ਜਾਮ ਕਰਨ ਲਈ ਪਰਿਵਾਰਾਂ ਸਣੇ ਸ਼ਮੂਲੀਅਤ ਕੀਤੀ ਜਾਵੇਗੀ।