ਕਰਮਜੀਤ ਅਨਮੋਲ ਦੇ ਚੋਣ ਮੈਦਾਨ ’ਚ ਉਤਰਨ ਨਾਲ ਦਿਲਚਸਪ ਬਣੇਗਾ ਮੁਕਾਬਲਾ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਫ਼ਰੀਦਕੋਟ/ਕੋਟਕਪੂਰਾ, 14 ਮਾਰਚ
ਆਮ ਆਦਮੀ ਪਾਰਟੀ ਵੱਲੋਂ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਨਾਲ ਚੋਣ ਮੁਕਾਬਲਾ ਦਿਲਚਸਪ ਹੋ ਗਿਆ ਹੈ। ਇਸ ਵੇਲੇ ਮੁਹੰਮਦ ਸਦੀਕ ਫਰੀਦਕੋਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਨੂੰ ਕਲਾਕਾਰ ਵਜੋਂ ਫਰੀਦਕੋਟ ਵਿੱਚ ਸ਼ਾਨਦਾਰ ਜਿੱਤ ਹਾਸਲ ਹੋਈ ਸੀ। ਕਰਮਜੀਤ ਅਨਮੋਲ ਪਿਛਲੇ ਲੰਬੇ ਸਮੇਂ ਤੋਂ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਵਿਚਰ ਰਿਹਾ ਹੈ ਅਤੇ ਉਸ ਦੀ ਇਲਾਕੇ ਵਿੱਚ ਚੰਗੀ ਪਛਾਣ ਹੈ। ਹਾਲਾਂਕਿ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੇ ਇੱਥੇ ਆਪਣੇ ਉਮੀਦਵਾਰਾਂ ਬਾਰੇ ਪੱਤੇ ਨਹੀਂ ਖੋਲ੍ਹੇ ਪਰ ਮੁਹੰਮਦ ਸਦੀਕ ਨੇ ਕਿਹਾ ਕਿ ਉਹ ਫਰੀਦਕੋਟ ਹਲਕੇ ਤੋਂ ਦੁਬਾਰਾ ਚੋਣ ਲੜਣ ਦੀ ਇੱਛਾ ਰੱਖਦੇ ਹਨ। ਜੇਕਰ ਸਦੀਕ ਨੂੰ ਦੁਬਾਰਾ ਟਿਕਟ ਮਿਲਦੀ ਹੈ ਤਾਂ ਦੋ ਵੱਡੇ ਕਲਾਕਾਰ ਚੋਣ ਮੈਦਾਨ ਵਿੱਚ ਆਹਮੋ-ਸਾਹਮਣੇ ਹੋਣਗੇ। ਜਾਣਕਾਰੀ ਅਨੁਸਾਰ ਅਕਾਲੀ ਦਲ ਨੇ ਮਲੋਟ ਦੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੂੰ ਫਰੀਦਕੋਟ ਲੋਕ ਸਭਾ ਹਲਕੇ ਵਾਸਤੇ ਤਿਆਰ ਰਹਿਣ ਲਈ ਕਿਹਾ ਹੈ। ਮੌਜੂਦਾ ਸਮੇਂ ਲੋਕ ਸਭਾ ਹਲਕੇ ਅੰਦਰ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿੱਚੋਂ 8 ਵਿਧਾਨ ਸਭਾ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਇਸ ਤੋਂ ਇਲਾਵਾ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਆਪਣੇ ਯੂਥ ਆਗੂਆਂ ਨੂੰ ਚੇਅਰਮੈਨੀਆਂ ਦੇ ਦਿੱਤੀਆਂ ਹਨ। ਕਰਮਜੀਤ ਅਨਮੋਲ ਕੋਲ ਚੋਣ ਪ੍ਰਚਾਰ ਲਈ ਵਿਧਾਇਕਾਂ, ਚੇਅਰਮੈਨਾਂ ਅਤੇ ਪਾਰਟੀ ਆਗੂਆਂ ਦੀ ਵੱਡੀ ਟੀਮ ਹੈ। ਹਾਲਾਂਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਅਰਸ਼ ਉਮਰੀਆਣਾ, ਪ੍ਰੋ. ਗੁਰਸੇਵਕ ਸਿੰਘ, ਮਾਸਟਰ ਅਮਰਜੀਤ ਸਿੰਘ ਸਮੇਤ ਇੱਕ ਦਰਜਨ ਉਮੀਦਵਾਰ ਲੋਕ ਸਭਾ ਟਿਕਟ ਲੈਣ ਦੀ ਦੌੜ ਵਿੱਚ ਸਨ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕਰਮਜੀਤ ਅਨਮੋਲ ਫਰੀਦਕੋਟ ਲੋਕ ਸਭਾ ਹਲਕੇ ਲਈ ਸਭ ਤੋਂ ਮਜ਼ਬੂਤ ਉਮੀਦਵਾਰ ਹੈ।
ਕਰਮਜੀਤ, ਸੰਗਰੂਰ ਜ਼ਿਲ੍ਹੇ ਦੇ ਪਿੰਡ ਗੰਡੂਆਂ ਦਾ ਵਸਨੀਕ ਹੈ। ਉਸ ਨੇ ਮੁੱਢਲੀ ਸਿੱਖਿਆ ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ ਤੋਂ ਪ੍ਰਾਪਤ ਕੀਤੀ ਤੇ ਗਰੈਜੂਏਸ਼ਨ ਐਸਯੂਐਸ ਕਾਲਜ ਸੁਨਾਮ ਤੋਂ ਕੀਤੀ। ਕਰਮਜੀਤ ਆਪਣੀ ਇੰਟਰਵਿਊ ਵਿੱਚ ਦੱਸ ਚੁੱਕਿਆ ਹੈ ਕਿ ਭਗਵੰਤ ਮਾਨ ਤੇ ਉਹ ਇੱਕੋ ਸਾਈਕਲ ’ਤੇ ਪਿੰਡ ਤੋਂ ਸਕੂਲ ਜਾਇਆ ਕਰਦੇ ਸਨ। ਕਰਮਜੀਤ ਨੇ ਛੋਟੇ ਜਿਹੇ ਪਿੰਡ ’ਚੋਂ ਉੱਠ ਕੇ ਪੰਜਾਬੀ ਫਿਲਮਾਂ ਵਿਚ ਚੰਗਾ ਮੁਕਾਮ ਹਾਸਲ ਕੀਤਾ ਹੈ।