ਕਾਂਗਰਸ ਨੇ ਸੇਬੀ ਚੇਅਰਪਰਸਨ ਦੇ ਅਸਤੀਫ਼ੇ ਦੀ ਮੰਗ ਦੁਹਰਾਈ
ਨਵੀਂ ਦਿੱਲੀ, 17 ਅਗਸਤ
ਕਾਂਗਰਸ ਨੇ ਸੇਬੀ ਚੇਅਰਪਰਸਨ ਮਾਧਵੀ ਬੁਚ ਨਾਲ ਜੁੜੀ ਇਕ ਰਿਪੋਰਟ ਦਾ ਹਵਾਲਾ ਦਿੰਦਿਆਂ ਸ਼ਨਿਚਰਵਾਰ ਨੂੰ ਕਿਹਾ ਕਿ ਉਸ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ‘ਅਡਾਨੀ ਮਹਾਘੁਟਾਲੇ’ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੇ ਗਠਨ ਦੀ ਲੋੜ ਹੈ। ਉਨ੍ਹਾਂ ਜਿਸ ਰਿਪੋਰਟ ਦਾ ਹਵਾਲਾ ਦਿੱਤਾ, ਉਸ ’ਚ ਬੁਚ ’ਤੇ ਨਿਵੇਸ਼ ਕੰਪਨੀ ਦਾ ਜ਼ਿਕਰ ਕਰਦਿਆਂ ਹਿੱਤਾਂ ਦੇ ਟਕਰਾਅ ਦਾ ਦੋਸ਼ ਲਾਇਆ ਗਿਆ ਹੈ। ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਨੇ ਆਪਣੀ ਰਿਪੋਰਟ ’ਚ ਦੋਸ਼ ਲਾਇਆ ਹੈ ਕਿ ਸੇਬੀ ਮੁਖੀ ਮਾਧਵੀ ਬੁਚ ਅਤੇ ਉਨ੍ਹਾਂ ਦੇ ਪਤੀ ਦੀ ਅਡਾਨੀ ਨਾਲ ਸਬੰਧਤ ਕਥਿਤ ਹੇਰਾਫੇਰੀ ਘੁਟਾਲੇ ’ਚ ਵਰਤੇ ਗਏ ਵਿਦੇਸ਼ੀ ਫੰਡ ’ਚ ਹਿੱਸੇਦਾਰੀ ਸੀ। ਉਂਜ ਸੇਬੀ ਮੁਖੀ ਅਤੇ ਉਨ੍ਹਾਂ ਦੇ ਪਤੀ ਨੇ ਹਿੰਡਨਬਰਗ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ, ‘‘ਇਕ ਹੋਰ ਦਿਨ ਅਤੇ ਸੇਬੀ ਮੁਖੀ ਦੇ ਕੰਮਕਾਰ ’ਚ ਹਿੱਤਾਂ ਦੇ ਟਕਰਾਅ ਨੂੰ ਲੈ ਕੇ ਕੁਝ ਹੋਰ ਖ਼ੁਲਾਸੇ। ਸੇਬੀ ਮੁਖੀ ਦੇ ਹਿੱਤਾਂ ਦੇ ਟਕਰਾਅ ਨੇ ਪਹਿਲਾਂ ਹੀ ਅਡਾਨੀ ਗਰੁੱਪ ਵੱਲੋਂ ਸਕਿਊਰਿਟੀਜ਼ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ ’ਚ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਹੋਈ ਸੇਬੀ ਦੀ ਜਾਂਚ ਦਾ ਮਖੌਲ ਬਣਾ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਇੰਨਾ ਕੁਝ ਸਾਹਮਣੇ ਆਉਣ ਮਗਰੋਂ ਵੀ ਸੇਬੀ ਚੇਅਰਪਰਸਨ ਦਾ ਆਪਣੇ ਅਹੁਦੇ ’ਤੇ ਬਣਿਆ ਰਹਿਣਾ ਨਾ ਤਾਂ ਨੈਤਿਕ ਤੌਰ ’ਤੇ ਸਹੀ ਹੈ ਅਤੇ ਨਾ ਹੀ ਮਨਜ਼ੂਰ ਹੈ। ਜੈਰਾਮ ਰਮੇਸ਼ ਨੇ ਇਕ ਪੋਸਟ ਦਾ ਜਵਾਬ ਦਿੰਦਿਆਂ ਕਿਹਾ ਕਿ ਸਿਰਫ਼ ਜੇਪੀਸੀ ਹੀ ਮੋਡਾਨੀ ਮੈਗਾਸਕੈਮ ਦਾ ਪਰਦਾਫਾਸ਼ ਕਰ ਸਕਦੀ ਹੈ। -ਪੀਟੀਆਈ