ਹਰਿਆਣਾ ਚੋਣ ਨਤੀਜਿਆਂ ਸਬੰਧੀ ਕਾਂਗਰਸ ਦੇ ਵਫ਼ਦ ਨੂੰ ਮਿਲੇਗਾ ਕਮਿਸ਼ਨ
ਨਵੀਂ ਦਿੱਲੀ, 9 ਅਕਤੂਬਰ
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਹਰਿਆਣਾ ਚੋਣ ਨਤੀਜਿਆਂ ਨੂੰ ਨਾਮਨਜ਼ੂਰ ਦੱਸਣ ਵਾਲੇ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਬਿਆਨ ਦੇਸ਼ ਦੇ ਲੋਕਤੰਤਰੀ ਇਤਿਹਾਸ ਵਿੱਚ ਪਹਿਲਾਂ ਨਹੀਂ ਸੁਣੇ ਗਏ ਅਤੇ ਇਹ ਬੋਲਣ ਦੀ ਆਜ਼ਾਦੀ ਦੀ ਵਿਧਾਨਕਤਾ ਤੋਂ ਪਰੇ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਲਿਖੇ ਪੱਤਰ ਵਿੱਚ ਕਮਿਸ਼ਨ ਨੇ ਕਿਹਾ ਕਿ ਪਾਰਟੀ ਆਗੂਆਂ ਜੈਰਾਮ ਰਮੇਸ਼ ਤੇ ਪਵਨ ਖੇੜਾ ਦੀਆਂ ਅਜਿਹੀਆਂ ਟਿੱਪਣੀਆਂ ਵਿਧਾਨਕ ਤੇ ਰੈਗੂਲੇਟਰੀ ਚੋਣ ਢਾਂਚੇ ਮੁਤਾਬਕ ਜ਼ਾਹਿਰ ਕੀਤੀਆਂ ਗਈਆਂ ‘ਲੋਕਾਂ ਦੀ ਇੱਛਾ ਨੂੰ ਗੈਰ ਲੋਕਤੰਤਰੀ ਢੰਗ ਨਾਲ ਖਾਰਜ ਕਰਨ’ ਵੱਲ ਲੈ ਕੇ ਜਾਂਦੀਆਂ ਹਨ। ਕਮਿਸ਼ਨ ਨੇ ਕਿਹਾ ਕਿ ਉਸ ਨੇ ਖੜਗੇ ਤੇ ਰਾਹੁਲ ਗਾਂਧੀ ਦੇ ਬਿਆਨਾਂ ’ਤੇ ਵੀ ਗੌਰ ਕੀਤਾ ਹੈ ਜਿਨ੍ਹਾਂ ਵਿੱਚ ਹਰਿਆਣਾ ਦੇ ਨਤੀਜਿਆਂ ਨੂੰ ਆਸ ਨਾਲੋਂ ਉਲਟ ਦੱਸਿਆ ਹੈ ਅਤੇ ਪਾਰਟੀ ਨੇ ਇਸ ਦਾ ਵਿਸ਼ਲੇਸ਼ਣ ਕਰਨ ਅਤੇ ਆਪਣੀਆਂ ਸ਼ਿਕਾਇਤਾਂ ਦੇ ਨਾਲ ਚੋਣ ਕਮਿਸ਼ਨ ਨਾਲ ਸੰਪਰਕ ਕਰਨ ਦਾ ਪ੍ਰਸਤਾਵ ਰੱਖਿਆ ਹੈ। ਕਮਿਸ਼ਨ ਨੇ ਕਿਹਾ ਕਿ ਕਾਂਗਰਸ ਦੇ 12 ਮੈਂਬਰੀ ਅਧਿਕਾਰਤ ਵਫ਼ਦ ਵੱਲੋਂ ਮੀਟਿੰਗ ਲਈ ਉਸ ਤੋਂ ਸਮਾਂ ਮੰਗਿਆ ਗਿਆ ਹੈ ਜਿਸ ਵਿੱਚ ਨਤੀਜਿਆਂ ਨੂੰ ਨਾਮਨਜ਼ੂਰ ਦੱਸਣ ਵਾਲੇ ਆਗੂ ਵੀ ਸ਼ਾਮਲ ਹਨ। ਖੜਗੇ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ, ‘‘ਇਹ ਮੰਨਦੇ ਹੋਏ ਕਿ ਪਾਰਟੀ ਪ੍ਰਧਾਨ ਦਾ ਬਿਆਨ ਚੋਣ ਨਤੀਜਿਆਂ ’ਤੇ ਪਾਰਟੀ ਦਾ ਰਸਮੀ ਰੁਖ਼ ਹੈ, ਚੋਣ ਕਮਿਸ਼ਨ ਨੇ ਅੱਜ ਸ਼ਾਮ ਨੂੰ 6 ਵਜੇ ਵਫ਼ਦ ਨੂੰ ਮਿਲਣ ’ਤੇ ਸਹਿਮਤੀ ਜਤਾਈ ਹੈ।’’ -ਪੀਟੀਆਈ