ਕਾਂਗਰਸੀ ਉਮੀਦਵਾਰ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ
ਬਰਨਾਲਾ 1 ਨਵੰਬਰ
ਝੋਨੇ ਦੀ ਖਰੀਦ ਅਤੇ ਲਿਫਟਿੰਗ ਸਮੇਂ ਸਿਰ ਨਾ ਹੋਣ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਦੀ ਬਜਾਏ ਸੂਬਾ ਸਰਕਾਰ ਲਾਰੇ ਲਾ ਕੇ ਡੰਗ ਟਪਾ ਰਹੀ ਹੈ। ਬਰਨਾਲਾ ਜ਼ਿਮਨੀ ਚੋਣ ’ਚ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਨੇੜਲੇ ਪਿੰਡ ਸੇਖਾ ਦੀ ਅਨਾਜ ਮੰਡੀ ਵਿਖੇ ਕਿਸਾਨਾਂ ਨੂੰ ਮੰਡੀਆਂ ਵਿੱਚ ਪੇਸ਼ ਆ ਰਹੀਆਂ ਮੁਸ਼ਕਲਾਂ ਸੁਣਨ ਮਗਰੋਂ ਕਿਹਾ ਕਿ ਅਨਾਜ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਪਿਛਲੇ ਕਈ ਦਿਨਾਂ ਤੋਂ ਮੰਡੀਆਂ ’ਚ ਬੈਠੇ ਰੁਲ ਰਹੇ ਹਨ ਪਰ ਕੋਈ ਪੁੱਛਣ ਵਾਲਾ ਨਹੀਂ ਹੈ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਲਿਫਟਿੰਗ ਦੇ ਜਲਦ ਪ੍ਰਬੰਧ ਕੀਤੇ ਜਾਣ। ਢਿੱਲੋਂ ਨੇ ਕਿਹਾ ਕਿ -‘ਆਪ’ ਸਰਕਾਰ ਕੀਤੇ ਵਾਅਦਿਆਂ ਤੋਂ ਸਰਕਾਰ ਭੱਜ ਰਹੀ ਹੈ ਅਤੇ ਗੱਲਾਂ ਨਾਲ ਵਕਤ ਲੰਘਾਇਆ ਜਾ ਰਿਹਾ ਹੈ ਤੇ ਲੋਕ ਕਾਂਗਰਸ ਸਰਕਾਰ ਦੇ ਕਾਰਜਕਾਲ ਨੂੰ ਯਾਦ ਕਰ ਰਹੇ ਹਨ। ਬਰਨਾਲਾ ਹਲਕੇ ਦੀ ਗੱਲ ਕਰਦਿਆਂ ਕਾਲਾ ਢਿੱਲੋਂ ਨੇ ਅੱਗੇ ਕਿਹਾ ਕਿ ਭਾਜਪਾ ਵਲੋਂ ਬਰਨਾਲਾ ਜ਼ਿਮਨੀ ਚੋਣ ਲਈ ਉਤਾਰਿਆ ਗਿਆ ਉਮੀਦਵਾਰ ਤਾਂ ਚੋਣਾਂ ਤੋਂ ਬਿਨਾਂ ਹਲਕੇ ਵਿੱਚ ਕਦੇ ਦਿਖਾਈ ਤੱਕ ਨਹੀਂ ਦਿੰਦਾ। ਢਿੱਲੋਂ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕ ਭਲੀਭਾਂਤ ਜਾਣੂ ਹਨ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਮੇਸ਼ਾ ਲੋਕਾਂ ਨਾਲ ਡਟ ਕੇ ਖੜ੍ਹਦੇ ਹਨ।