ਸੰਗਤ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ
ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਅਕਤੂਬਰ
ਇੱਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਲੇਰਕੋਟਲਾ ਰੋਡ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਵਾਈ ਗਈ। ਇਹ ਯਾਤਰਾ ਸਵੇਰੇ ਤੜਕੇ ਗੁਰਦੁਆਰਾ ਸਾਹਿਬ ਤੋਂ ਭਾਈ ਇੰਦਰਜੀਤ ਸਿੰਘ ਵੱਲੋਂ ਅਰਦਾਸ ਉਪਰੰਤ ਆਰੰਭ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਅਜੀਤ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਹਾਅ ਦਾ ਨਾਅਰਾ ਮਲੇਰਕੋਟਲਾ ਦੇ ਦਰਸ਼ਨ ਕਰਵਾਏ ਗਏ, ਜਿਸ ਉਪਰੰਤ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਦਰਸ਼ਨ ਕੀਤੇ ਗਏ। ਇਸ ਤੋਂ ਬਾਅਦ ਸੰਗਤਾਂ ਰਾਤ ਸਮੇਂ ਗੁਰਦੁਆਰਾ ਸ੍ਰੀ ਬਾਬਾ ਬੁੱਢਾ ਜੌਹੜ ਰਾਜਸਥਾਨ ਦਰਸ਼ਨ ਲਈ ਪੁੱਜੀਆਂ। ਉਨ੍ਹਾਂ ਦੱਸਿਆ ਕਿ ਇਸ ਅਸਥਾਨ ’ਤੇ ਭਾਈ ਮਹਿਤਾਬ ਸਿੰਘ ਅਤੇ ਭਾਈ ਸੁੱਖਾ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਸਾ ਰੰਗੜ ਦਾ ਸਿਰ ਵੱਢ ਕੇ ਨੇਜੇ ’ਤੇ ਟੰਗ ਕੇ ਵਾਪਸ ਪੁੱਜੇ ਸਨ। ਸੰਗਤਾਂ ਨੇ ਵਾਪਸੀ ਮੌਕੇ ਚਾਲੀ ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਦੀ ਯਾਤਰਾ ਕੀਤੀ। ਅਖੀਰ ਵਿੱਚ ਸਮੁੱਚੀ ਸੰਗਤ ਨੇ ਗੁਰਦੁਆਰਾ ਕਮੇਟੀ ਦਾ ਇਸ ਧਾਰਮਿਕ ਯਾਤਰਾ ਲਈ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਿੱਕਾ ਸਿੰਘ, ਸੁਰਿੰਦਰ ਸਿੰਘ ਅਤੇ ਕਰਮ ਸਿੰਘ ਹਾਜ਼ਰ ਸਨ।