ਸੀਪੀਐੱਮ ਤਹਿਸੀਲ ਕਮੇਟੀ ਸ਼ਾਹਕੋਟ ਦੀ ਕਾਨਫਰੰਸ ਸਮਾਪਤ
ਪੱਤਰ ਪ੍ਰੇਰਕ
ਸ਼ਾਹਕੋਟ, 21 ਸਤੰਬਰ
ਸੀਪੀਆਈ (ਐੱਮ) ਦੀ ਤਹਿਸੀਲ ਕਮੇਟੀ ਸ਼ਾਹਕੋਟ ਦੀ ਜਥੇਬੰਦਕ ਕਾਨਫਰੰਸ ਸਫ਼ਲਤਾ ਪੂਰਵਕ ਸਮਾਪਤ ਹੋ ਗਈ। ਕਾਨਫਰੰਸ ਦੇ ਸ਼ੁਰੂ ’ਚ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ, ਪਾਰਟੀ ਦੇ ਕੌਮੀ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਅਤੇ ਪਾਰਟੀ ਦੇ ਵਿਛੜੇ ਕਈ ਆਗੂਆਂ ਨੂੰ ਮੌਨ ਧਾਰਨ ਕਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਜ਼ਿਲ੍ਹਾ ਜਲੰਧਰ ਦੇ ਕਾਰਜਕਾਰੀ ਸਕੱਤਰ ਸੁਖਪ੍ਰੀਤ ਜੌਹਲ ਨੇ ਕਾਨਫਰੰਸ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਜ਼ਿਲ੍ਹਾ ਜਲੰਧਰ ਦੀ ਕਾਨਫਰੰਸ 10 ਨਵੰਬਰ ਨੂੰ ਪਿੰਡ ਲਸਾੜਾ ਵਿੱਚ ਕੀਤੀ ਜਾਵੇਗੀ। ਮਾਸਟਰ ਪਰਸ਼ੋਤਮ ਲਾਲ ਬਿਲਗਾ ਨੇ ਕਿਹਾ ਕਿ ਦਸੰਬਰ ਦੇ ਅੰਤ ਤੱਕ ਪਾਰਟੀ ਦੀਆਂ ਬਰਾਂਚਾਂ, ਤਹਿਸੀਲਾਂ, ਜ਼ਿਲ੍ਹਿਆਂ ਅਤੇ ਰਾਜਾਂ ਦੀਆਂ ਕਾਨਫਰੰਸਾਂ ਦੇ ਅਮਲ ਨੂੰ ਮੁਕੰਮਲ ਕਰਨ ਤੋਂ ਬਾਅਦ ਪਾਰਟੀ ਦੀ 24ਵੀਂ ਕੌਮੀ ਕਾਨਫਰੰਸ ਅਪਰੈਲ 2025 ’ਚ ਮਦੁਰਾਈ ਵਿੱਚ ਹੋਵੇਗੀ। ਕਾਨਫਰੰਸ ਵਿੱਚ ਪਾਰਟੀ ਦੀਆਂ ਸਰਗਰਮੀਆਂ ਤੇ ਸੰਘਰਸ਼ਾਂ ਦੀ ਰਿਪੋਰਟ ਵਰਿੰਦਰ ਪਾਲ ਸਿੰਘ ਕਾਲਾ ਵੱਲੋਂ ਪੇਸ਼ ਕੀਤੀ ਗਈ। ਡੈਲੀਗੇਟਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਰਿਪੋਰਟ ਵਿੱਚ ਸ਼ਾਮਲ ਕਰਦਿਆਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਅਖੀਰ ਵਿੱਚ 13 ਮੈਂਬਰੀ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਵਰਿੰਦਰ ਪਾਲ ਸਿੰਘ ਕਾਲਾ ਨੂੰ ਤੀਜੀ ਵਾਰ ਤਹਿਸੀਲ ਸਕੱਤਰ ਚੁਣਿਆ ਗਿਆ। ਜ਼ਿਲ੍ਹਾ ਕਾਨਫਰੰਸ ਲਈ 23 ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ। ਇਸ ਦੌਰਾਨ ਕਾ. ਪ੍ਰਕਾਸ਼ ਕਲੇਰ, ਸੋਢੀ ਲਾਲ ਉੱਪਲ ਅਤੇ ਮਿਹਰ ਸਿੰਘ ਖੁਰਲਾਪੁਰ ਨੇ ਸੰਬੋਧਨ ਕੀਤਾ।