ਮੁਹਾਲੀ ਨਾਲ ਜੁੜਨ ਵਾਲੀਆਂ ਪੇਂਡੂ ਸੜਕਾਂ ਦੀ ਹਾਲਤ ਤਰਸਯੋਗ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 23 ਜੁਲਾਈ
ਮੁਹਾਲੀ ਸ਼ਹਿਰ ਨਾਲ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦੀ ਖਰਾਬ ਹਾਲਤ ਬਰਸਾਤਾਂ ਕਾਰਨ ਹੋਰ ਵੀ ਬਦਤਰ ਹੋ ਗਈ ਹੈ। ਕਈ ਸੜਕਾਂ ਉੱਤੇ ਡੂੰਘੇ ਟੋਇਆਂ ਕਾਰਨ ਰਾਹਗੀਰਾਂ ਦਾ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਇਨ੍ਹਾਂ ਸੜਕਾਂ ਉੱਤੋਂ ਰੋਜ਼ਾਨਾ ਹਜ਼ਾਰਾਂ ਰਾਹਗੀਰ ਮੁਹਾਲੀ, ਚੰਡੀਗੜ੍ਹ, ਜ਼ੀਰਕਪੁਰ ਵਿੱਚ ਕੰਮਾਂ-ਕਾਰਾਂ ਲਈ ਜਾਂਦੇ ਹਨ।
ਮੁਹਾਲੀ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਦੀ ਹਿੱਸੇਦਾਰੀ ਵਾਲੀ ਜੇਐੱਲਪੀਐੱਲ ਸੈਕਟਰ 82 ਤੋਂ ਮਨੌਲੀ ਪਿੰਡ ਨੂੰ ਜਾਂਦੀ ਸੜਕ ਦਾ ਦੋ ਕਿਲੋਮੀਟਰ ਲੰਬਾ ਟੋਟਾ ਬੁਰੀ ਤਰ੍ਹਾਂ ਟੁੱਟਿਆ ਪਿਆ ਹੈ। ਇਸ ਸੜਕ ’ਤੇ ਇੱਕ ਤੋਂ ਦੋ ਫੁੱਟ ਡੂੰਘੇ ਟੋਏ ਪਏ ਹੋਏ ਹਨ। ਮਨੌਲੀ ਸਕੂਲ ਵਿੱਚ ਆਉਂਦੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵੀ ਟੋਇਆਂ ਕਾਰਨ ਦਿੱਕਤਾਂ ਸਹਿਣੀਆਂ ਪੈ ਰਹੀਆਂ ਹਨ। ਜੇਐੱਲਪੀਐੱਲ ਦੀ ਸਨਅਤੀ ਇਕਾਈਆਂ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਵਰਕਰਾਂ ਆਉਂਦੀਆਂ ਹਨ, ਜਨਿ੍ਹਾਂ ਨੂੰ ਮਨੌਲੀ ਤੋਂ ਪੈਦਲ ਆਉਣ ਸਮੇਂ ਇਨ੍ਹਾਂ ਟੋਇਆਂ ਦੇ ਪਾਣੀ ਵਿੱਚੋਂ ਹੋ ਕੇ ਲੰਘਣਾ ਪੈਂਦਾ ਹੈ। ਇਸੇ ਤਰ੍ਹਾਂ ਪਿੰਡ ਦੁਰਾਲੀ ਤੋਂ ਮੁਹਾਲੀ ਦੇ ਸੈਕਟਰਾਂ ਨਾਲ ਜੁੜਨ ਵਾਲੀ ਸੜਕ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਪਿੰਡ ਕੁਰੜਾ ਤੋਂ ਕੁਰੜੀ ਨੂੰ ਜਾਣ ਵਾਲੀ ਸੜਕ ਵੀ ਡੂੰਘੇ ਟੋਏ ਪਏ ਹੋਏ ਹਨ। ਇਲਾਕਾ ਵਾਸੀਆਂ ਨੇ ਲੋਕ ਨਿਰਮਾਣ ਵਿਭਾਗ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਤੋਂ ਮੰਗ ਕੀਤੀ ਹੈ ਕਿ ਬਨਿਾਂ ਕਿਸੇ ਦੇਰੀ ਤੋਂ ਪੇਂਡੂ ਸੜਕਾਂ ਦੀ ਹਾਲਤ ਸਵਾਰੀ ਜਾਵੇ।
ਮੀਂਹ ਮਗਰੋਂ ਸਨੇਟਾ ਪੁਲ ਹੇਠਾਂ ਲੱਗਦਾ ਹੈ ਜਾਮ
ਲਾਂਡਰਾਂ-ਬਨੂੜ ਮਾਰਗ ਉੱਤੇ ਪੈਂਦੇ ਪਿੰਡ ਸਨੇਟਾ ਵਿੱਚ ਰੇਲਵੇ ਲਾਈਨ ਦੇ ਪੁਲ ਥੱਲੇ ਇੱਕ ਵਾਰ ਮੀਂਹ ਪੈਣ ਮਗਰੋਂ ਰਾਹਗੀਰਾਂ ਨੂੰ ਤਿੰਨ ਦਨਿ ਤੱਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ। ਥੋੜਾ ਜਿਹਾ ਮੀਂਹ ਪੈਂਦਿਆਂ ਹੀ ਇੱਥੇ ਆਵਾਜਾਈ ਨੂੰ ਦਿੱਕਤਾਂ ਆਉਣ ਕਾਰਨ ਇੱਕ-ਇੱਕ ਕਿਲੋਮੀਟਰ ਲੰਮੇ ਜਾਮ ਲੱਗਦੇ ਹਨ। ਮੀਂਹ ਪੈਂਦਿਆਂ ਹੀ ਇੱਥੇ ਆਵਾਜਾਈ ਨੂੰ ਆਉਂਦੀ ਦਿੱਕਤ ਅਤੇ ਲੱਗਦੇ ਜਾਮ ਨੂੰ ਦਰੁਸਤ ਕਰਾਉਣ ਲਈ ਕੋਈ ਟਰੈਫ਼ਿਕ ਪੁਲੀਸ ਦਾ ਕੋਈ ਕਰਮਚਾਰੀ ਵੀ ਨਹੀਂ ਖੜ੍ਹਦਾ।
ਬਰਸਾਤਾਂ ਮਗਰੋਂ ਠੀਕ ਹੋਵੇਗੀ ਸੜਕਾਂ ਦੀ ਹਾਲਤ: ਵਿਧਾਇਕ
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸੈਕਟਰ 82 ਤੋਂ ਮਨੌਲੀ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸੜਕ ਦੀ ਹਾਲਤ, ਚਾਹੇ ਉਨ੍ਹਾਂ ਨੂੰ ਆਪਣੇ ਵੱਲੋਂ ਹੀ ਕਰਾਉਣੀ ਪਵੇ, ਠੀਕ ਕਰਾ ਦਿੱਤੀ ਜਾਵੇਗੀ। ਬਾਕੀ ਸੜਕਾਂ ਦੀ ਹਾਲਤ ਸੁਧਾਰੀ ਜਾਏਗੀ।