ਸਲੋਵਾਕੀਆ ਦੇ ਪ੍ਰਧਾਨ ਮੰਤਰੀ ਦੀ ਹਾਲਤ ਸਥਿਰ
ਪੇਜ਼ੀਨੋਕ: ਸਲੋਵਾਕੀਆ ਦੇ ਪ੍ਰਧਾਨ ਮੰਤਰੀ ਰੌਬਰਟ ਫਿਕੋ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਜੇਲ੍ਹ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ। ਉਧਰ, ਪ੍ਰਧਾਨ ਮੰਤਰੀ ਫਿਕੋ ਦੀ ਹਾਲਤ ਗੰਭੀਰ ਹੈ ਤੇ ਸਥਿਰ ਬਣੀ ਹੋਈ ਹੈ। ਹਮਲੇ ਵਿੱਚ ਉਨ੍ਹਾਂ ਦੇ ਕਈ ਗੋਲੀਆਂ ਲੱਗੀਆਂ ਸਨ। ਅਦਾਲਤ ਦੇ ਤਰਜਮਾਨ ਨੇ ਕਿਹਾ ਕਿ ਸੋਲਵਾਕੀਆ ਦੀ ਵਿਸ਼ੇਸ਼ ਅਪਰਾਧਕ ਅਦਾਲਤ ਨੇ ਇਸਤਗਾਸਾ ਪੱਖ ਨੂੰ ਹੁਕਮ ਦਿੱਤਾ ਹੈ ਕਿ ਸ਼ੱਕੀ ਨੂੰ ਹਿਰਾਸਤ ਵਿੱਚ ਰੱਖਿਆ ਜਾਵੇ ਕਿਉਂਕਿ ਖਦਸ਼ਾ ਹੈ ਕਿ ਉਹ ਜਾਂ ਤਾਂ ਭੱਜ ਸਕਦਾ ਹੈ ਜਾਂ ਕਿਸੇ ਹੋਰ ਘਟਨਾ ਨੂੰ ਅੰਜਾਮ ਦੇ ਸਕਦਾ ਹੈ। ਇਸਤਗਾਸਾ ਪੱਖ ਨੇ ਪੁਲੀਸ ਨੂੰ ਮੁਲਜ਼ਮ ਦੀ ਪਛਾਣ ਜਾਂ ਕੇਸ ਸਬੰਧੀ ਵੇਰਵੇ ਜਨਤਕ ਨਾ ਕਰਨ ਲਈ ਕਿਹਾ ਹੈ। ਹਾਲਾਂਕਿ, ਮੀਡੀਆ ਦੀਆਂ ਅਸਪਸ਼ਟ ਰਿਪੋਰਟਾਂ ਮੁਤਾਬਕ, ਉਹ 71 ਸਾਲਾ ਸੇਵਾਮੁਕਤ ਵਿਅਕਤੀ ਹੈ, ਜੋ ਸ਼ੌਕੀਆ ਕਵੀ ਹੈ। ਉਹ ਇੱਕ ਵਾਰ ਕਿਸੇ ਮਾਲ ਵਿੱਚ ਸਕਿਉਰਿਟੀ ਗਾਰਡ ਵੀ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੱਕੀ ਦਾ ਕਿਸੇ ਸਿਆਸੀ ਗਰੁੱਪ ਨਾਲ ਕੋਈ ਸਬੰਧ ਨਹੀਂ ਹੈ, ਹਾਲਾਂਕਿ ਹਮਲਾ ਖੁਦ ਸਿਆਸਤ ਤੋਂ ਪ੍ਰੇਰਿਤ ਹੈ। -ਏਪੀ