ਬਲਾਕ ਨੂਰਪੁਰ ਬੇਦੀ ’ਚ ਲਿੰਕ ਸੜਕਾਂ ਦੀ ਹਾਲਤ ਖਸਤਾ
ਬਲਵਿੰਦਰ ਰੈਤ
ਨੂਰਪੁਰ ਬੇਦੀ, 31 ਅਗਸਤ
ਬਲਾਕ ਨੂਰਪੁਰ ਬੇਦੀ ਦੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਹਾਲਤ ਇਸ ਵੇਲੇ ਬਦਤਰ ਬਣੀ ਹੋਈ ਹੈ ਤੇ ਸਰਕਾਰ ਵੱਲੋਂ ਧਿਆਨ ਨਾ ਦੇਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਸੜਕਾਂ ਵਿੱਚ ਪਾਣੀ ਖੜਨ ਨਾਲ ਪਿੰਡਾਂ ਦੇ ਲੋਕਾਂ ਦਾ ਬਾਹਰ ਜਾਣਾ ਮੁਸ਼ਕਲ ਹੋ ਗਿਆ ਹੈ। ਬਰਸਾਤ ਦੇ ਮੌਸਮ ਵਿੱਚ ਜਦੋਂ ਮੀਂਹ ਪੈਂਦਾ ਹੈ ਤਾਂ ਸੜਕਾਂ ’ਤੇ ਗੋਡੇ-ਗੋਡੇ ਪਾਣੀ ਖੜ੍ਹ ਜਾਂਦਾ ਹੈ। ਨੂਰਪੁਰ ਬੇਦੀ ਤੋਂ ਸੰਗਤਪੁਰ ਬਰਾਸਤਾ ਮੁਕਾਰੀ, ਥਾਣਾ, ਭੈਣੀ ਲਿੰਕ ਸੜਕ ਥਾਂ-ਥਾਂ ਤੋਂ ਟੁੱਟ ਚੁੱਕੀ ਹੈ। ਪਿੰਡ ਲਸਾੜੀ ਲਾਗੇ ਬਣੇ ਟੀ-ਪੁਆਇੰਟ ’ਤੇ ਕਿਸਾਨਾਂ ਵੱਲੋਂ ਖੇਤਾਂ ਦਾ ਪਾਣੀ ਸੜਕ ’ਤੇ ਪਾਉਣ ਨਾਲ ਪਾਣੀ ਦੇ ਛੱਪੜ ਲੱਗ ਗਏ ਹਨ ਜਿਸ ਨਾਲ ਰਾਹਗੀਰਾਂ ਲਈ ਸੜਕ ’ਤੇ ਚੱਲਣਾ ਮੁਸ਼ਕਲ ਹੋ ਗਿਆ ਹੈ। ਪਿੰਡ ਮੁਕਾਰੀ ਨੇ ਵਸਨੀਕ ਸੁਰਿੰਦਰ ਪਾਲ ਨੇ ਕਿਹਾ ਕਿ ਜੇਕਰ ਇਹ ਸੜਕ ਨਾ ਬਣੀ ਤਾਂ ਉਨ੍ਹਾਂ ਇਸ ਸੜਕ ’ਤੇ ਕਿਸ਼ਤੀ ਰਾਹੀਂ ਆਪਣੇ ਘਰ ਤੱਕ ਜਾਣਾ ਪਵੇਗਾ। ਮੇਨ ਸੜਕ ਤੋਂ ਕਲਵਾਂ ਨੂੰ ਜਾਣ ਵਾਲੀ ਸੜਕ ਵੀ ਖਸਤਾ ਹਾਲਤ ਵਿੱਚ ਹੈ। ਪਿੰਡ ਝੱਜ ਦੇ ਸੰਜ ਸਿੰਘ ਨੇ ਕਿਹਾ ਕਿ ਪਿੰਡ ਝੱਜ ਨੂੰ ਜਾਣ ਵਾਲੀ ਲਿੰਕ ਸੜਕ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ। ਅਜੇ ਸ਼ਰਮਾ ਨੇ ਦੱਸਿਆ ਕਿ ਪੱਚਰੰਡਾ ਨੂੰ ਜਾਣ ਵਾਲੀ ਲਿੰਕ ਸੜਕ ਦੀ ਹਾਲਤ ਵੀ ਮਾੜੀ ਹੈ। ਪਿੰਡ ਸੈਣੀ ਮਾਜਰਾ ਅਤੇ ਮੋਠਾਪੁਰ ਬਿੱਲਪੁਰ ਲਿੰਕ ਸੜਕ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ। ਪਿੰਡ ਰੈਸੜਾਂ ਦੇ ਕੇਹਰ ਸਿੰਘ ਧਾਰਨੀ ਨੇ ਦੱਸਿਆ ਕਿ ਪਿਛਲੇ ਸਾਲ ਭਾਰੀ ਮੀਂਹ ਦੇ ਪਾਣੀ ਨਾਲ ਮੇਨ ਸੜਕ ਤੋਂ ਪਿੰਡ ਰੈਂਸੜਾਂ ਨੂੰ ਜਾਣ ਵਾਲੀ ਸੜਕ ਬਿਲਕੁਲ ਨਕਾਰਾ ਹੋ ਗਈ ਸੀ, ਇੱਕ ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਨੇ ਇਸ ਲਿੰਕ ਸੜਕ ਦੀ ਸਾਰ ਨਹੀਂ ਲਈ। ਬੰਟੀ ਕਲਵਾਂ, ਦੀਪ ਗੈਰੀ ਮੁਸਾਪੁਰ, ਜੇਐਸ ਰਾਣਾ, ਸੁੱਚਾ ਸਿੰਘ ਮੰਡੇਰ ਕਲਵਾਂ, ਤਰਸੇਮ ਲਾਲ ਬੜਵਾ, ਹਰਜਿੰਦਰ ਸਿੰਘ ਆਦਿ ਨੇ ਕਿਹਾ ਕਿ ‘ਆਪ’ ਚੋਣਾਂ ਵਾਅਦਿਆਂ ’ਤੇ ਖਰੀ ਨਹੀਂ ਉੱਤਰੀ। ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਬਲਾਕ ਨੂਰਪੁਰ ਬੇਦੀ ਪਿੰਡ ਦੀਆਂ ਲਿੰਕ ਸੜਕਾਂ ਦੀ ਹਾਲਤ ਸੁਧਾਰੀ ਜਾਵੇ।