ਦੱਪਰ ਤੋਂ ਤੋਗਾਪੁਰ ਤੇ ਆਗਾਪੁਰ ਲਿੰਕ ਸੜਕ ਦੀ ਹਾਲਤ ਤਰਸਯੋਗ
ਸਰਬਜੀਤ ਸਿੰਘ ਭੱਟੀ
ਲਾਲੜੂ, 3 ਜੁਲਾਈ
ਦੱਪਰ ਤੋਂ ਤੋਗਾਪੁਰ ਤੇ ਆਗਾਪੁਰ ਨੂੰ ਜਾਂਦੀ ਲਿੰਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਿੰਕ ਸੜਕ ਵਿੱਚ ਥਾਂ-ਥਾਂ ਟੋਏ ਪਏ ਹੋਏ ਹਨ। ਇਸ ’ਤੇ ਵਾਹਨ ਲੈ ਕੇ ਤਾਂ ਕੀ ਪੈਦਲ ਚੱਲਣਾ ਵੀ ਔਖਾ ਹੋਇਆ ਪਿਆ ਹੈ। ਇਲਾਕਾ ਵਾਸੀਆਂ ਨੇ ਇਸ ਲਿੰਕ ਸੜਕ ਦੀ ਨਵੇਂ ਸਿਰੇ ਤੋਂ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ।
ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ, ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਤੇ ਭੁਪਿੰਦਰ ਸਿੰਘ, ਸੋਨੂੰ ਤੋਗਾਪੁਰ, ਕੁਲਵਿੰਦਰ ਸਿੰਘ ਆਗਾਪੁਰ, ਦੇਵ ਸਿੰਘ ਸੱਕਤਰ ਤੇ ਧਰਵਿੰਦਰ ਸਿੰਘ ਜੌਲਾ ਕਲਾਂ ਨੇ ਦੱਸਿਆ ਕੀ ਉਕਤ ਲਿੰਕ ਸੜਕ ਇਲਾਕੇ ਦੇ ਅੱਧੀ ਦਰਜਨਾਂ ਪਿੰਡਾਂ ਨੂੰ ਲਾਲੜੂ ਸ਼ਹਿਰ ਨਾਲ ਜੋੜਦੀ ਹੈ। ਇਹ ਸਡ਼ਕ ਇਸ ਸਮੇਂ ਟੋਇਆਂ ਦਾ ਰੂਪ ਧਾਰਨ ਕਰ ਚੁੱਕੀ ਹੈ। ਸੜਕ ਤੋਂ ਰੋਜ਼ਾਨਾ ਦਰਜਨਾਂ ਫੈਕਟਰੀਆਂ ਅਤੇ ਨਜਾਇਜ਼ ਖਣਨ ਸਮੱਗਰੀ ਦੇ ਵਾਹਨਾਂ ਸਮੇਤ ਪਿੰਡਾਂ ਦੇ ਲੋਕ ਲੰਘਦੇ ਹਨ। ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਅਤੇ ਕਿਸਾਨ ਵੀ ਮੰਡੀ ਤੱਕ ਜਾਣ ਲਈ ਇਸੇ ਲਿੰਕ ਸੜਕ ਦੀ ਵਰਤੋਂ ਕਰਦੇ ਹਨ , ਪਰ ਸੜਕ ਦੀ ਹਾਲਤ ਖ਼ਸਤਾ ਹੋਣ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਖ਼ਸਤਾ ਹਾਲ ਸੜਕ ਦੀ ਨਵੇਂ ਸਿਰੇ ਤੋਂ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਉਨ੍ਹਾਂ ਅਜਿਹਾ ਨਾ ਹੋਣ ’ਤੇ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ।
ਸਡ਼ਕ ਦੀ ਮੁਰੰਮਤ ਦਾ ਪ੍ਰਸਤਾਵ ਮੰਡੀ ਬੋਰਡ ਨੂੰ ਭੇਜਿਆ: ਐੱਸਡੀਓ
ਪੰਜਾਬ ਮੰਡੀ ਬੋਰਡ ਦੇ ਸਬੰਧਤ ਐੱਸਡੀਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੜਕ ਦੀ ਮੁਰੰਮਤ ਕਰਨ ਦਾ ਪ੍ਰਸਤਾਵ ਬਣਾ ਕੇ ਮੰਡੀ ਬੋਰਡ ਨੂੰ ਭੇਜਿਆ ਹੋਇਆ ਹੈ। ਬਰਸਾਤਾਂ ਤੋਂ ਬਾਅਦ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ।