ਬੁੱਢੇ ਦਰਿਆ ਦੇ ਨਾਲ ਬਣੀ ਲਿੰਕ ਸੜਕ ਦੀ ਹਾਲਤ ਖਸਤਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਕਤੂਬਰ
ਸ਼ਹਿਰ ਵਿੱਚ ਆਵਾਜਾਈ ਜ਼ਿਆਦਾ ਹੋਣ ਕਾਰਨ ਆਏ ਦਿਨ ਨਵੀਆਂ ਸੜਕਾਂ ਦੀ ਉਸਾਰੀ ਹੁੰਦੀ ਰਹਿੰਦੀ ਹੈ, ਪਰ ਇੱਥੋਂ ਦੇ ਤਾਜਪੁਰ ਰੋਡ ਨੇੜੇ ਬੁੱਢੇ ਨਾਲੇ ਦੇ ਨਾਲ ਲੱਗਦੀ ਲਿੰਕ ਸੜਕ ਦੀ ਥਾਂ-ਥਾਂ ਤੋਂ ਖਸਤਾ ਹੋਈ ਹਾਲਤ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਕਈ ਥਾਵਾਂ ’ਤੇ ਤਾਂ ਸੀਵਰੇਜ ਦੇ ਓਵਰਫਲੋਅ ਹੋਣ ਦੇ ਡਰੋਂ ਢੱਕਣਾਂ ਉਪਰ ਗੁੰਬਦਨੁੰਮਾ ਸੀਮਿੰਟ ਤੱਕ ਵੀ ਲਾਇਆ ਦੇਖਿਆ ਜਾ ਸਕਦਾ ਹੈ। ਇਸੇ ਸੜਕ ਦੇ ਕਿਨਾਰੇ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਈਆਂ ਨਾਲੀਆਂ ਵੀ ਉਪਰੋਂ ਨੰਗੀਆਂ ਪਈਆਂ ਹਨ ਜੋ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ।
ਬੁੱਢੇ ਨਾਲੇ ਦੇ ਦੋਵਾਂ ਪਾਸੇ ਸੜਕਾਂ ਦੀ ਉਸਾਰੀ ਨਾਲ ਕਈ ਥਾਵਾਂ ’ਤੇ ਘੰਟਿਆਂ ਦਾ ਸਫ਼ਰ ਮਿੰਟਾਂ ਦਾ ਰਹਿ ਗਿਆ ਹੈ। ਇਨ੍ਹਾਂ ਵਿੱਚੋਂ ਸਥਾਨਕ ਟਿੱਬਾ ਰੋਡ ’ਤੇ ਪੈਂਦੇ ਰਾਧਾ ਸੁਆਮੀ ਸਤਿਸੰਗ ਘਰ ਦੇ ਪਿਛਲੇ ਪਾਸੇ ਬੁੱਢੇ ਨਾਲੇ ਦੀ ਇੱਕ ਪੁਲੀ ਤੋਂ ਦੂਜੀ ਪੁਲੀ ਤੱਕ ਸੜਕ ਦੀ ਹਾਲਤ ਥਾਂ-ਥਾਂ ਤੋਂ ਖਸਤਾ ਹੋ ਚੁੱਕੀ ਹੈ। ਸਥਾਨਕ ਲੋਕਾਂ ਮੁਤਾਬਕ ਇਸ ਦੀ ਮੁੱਖ ਕਾਰਨ ਆਏ ਦਿਨ ਸੀਵਰੇਜ ਵਿੱਚੋਂ ਪਾਣੀ ਦਾ ਓਵਰਫਲੋਅ ਹੋਣਾ ਮੰਨਿਆ ਜਾ ਰਿਹਾ ਹੈ। ਇਸ ਸੜਕ ਦੇ ਨਾਲ ਹੀ ਕਈ ਡੇਅਰੀਆਂ ਅਤੇ ਡਾਇੰਗਾਂ ਵੀ ਹਨ ਜਿਨ੍ਹਾਂ ਦਾ ਗੰਦਾ ਪਾਣੀ ਇਸ ਸੀਵਰੇਜ ਰਾਹੀਂ ਅੱਗੇ ਜਾਂਦਾ ਹੈ। ਕਈ ਵਾਰ ਇਸ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਜਾਂਦਾ ਹੈ ਕਿ ਸੀਵਰੇਜ ਓਵਰਫਲੋਅ ਹੋ ਜਾਂਦਾ ਹੈ ਅਤੇ ਗੰਦਾ ਪਾਣੀ ਸੜਕ ’ਤੇ ਘੁੰਮਣ ਲੱਗ ਪੈਂਦਾ ਹੈ। ਸੀਵਰੇਜ ਦੇ ਪਾਣੀ ਨੂੰ ਓਵਰਫਲੋਅ ਹੋਣ ਤੋਂ ਰੋਕਣ ਕਈ ਹੌਦੀਆਂ ਦੇ ਢੱਕਣਾਂ ’ਤੇ ਤਾਂ ਛੇ ਇੰਚ ਤੋਂ ਇੱਕ ਫੁੱਟ ਉੱਚਾ ਸੀਮਿੰਟ ਤੱਕ ਲੱਗਾ ਹੋਇਆ ਹੈ। ਹੋਰ ਤਾਂ ਹੋਰ ਇਸ ਸੜਕ ਦੇ ਕਿਨਾਰੇ ਡੇਅਰੀਆਂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਵਾਲੀਆਂ ਨਾਲੀਆਂ ਵੀ ਉਪਰੋਂ ਨੰਗੀਆਂ ਪਈਆਂ ਹਨ। ਰਾਤ ਸਮੇਂ ਇਹ ਖੁੱਲ੍ਹੀਆਂ ਨਾਲੀਆਂ ਵੀ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ। ਜੇਕਰ ਸਮਾਂ ਰਹਿੰਦੇ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।