ਬਿਆਸ ਦਰਿਆ ’ਤੇ ਬਣੇ ਧਨੋਆ ਪੁਲ ਦੀ ਹਾਲਤ ਖਸਤਾ ਹੋਈ
ਪੱਤਰ ਪ੍ਰੇਰਕ
ਮੁਕੇਰੀਆਂ, 23 ਜੁਲਾਈ
ਮਾਝੇ ਤੇ ਦੁਆਬੇ ਨੂੰ ਆਪਸ ਵਿੱਚ ਜੋੜਨ ਲਈ ਬਿਆਸ ਦਰਿਆ ’ਤੇ ਹੁਸ਼ਿਆਰਪੁਰ ਦੇ ਪਿੰਡ ਧਨੋਆ ਵਿੱਚ ਅਕਾਲੀ-ਭਾਜਪਾ ਸਰਕਾਰ ਮੌਕੇ 2016 ਵਿੱਚ ਬਣੇ ਪੁਲ ਦੀ ਪ੍ਰਸ਼ਾਸਨਿਕ ਅਣਦੇਖੀ ਕਾਰਨ ਕਰੀਬ 7 ਸਾਲ ਵਿੱਚ ਹੀ ਹਾਲਤ ਖਸਤਾ ਹੋ ਗਈ ਹੈ। ਸ਼ਰਾਰਤੀ ਅਨਸਰਾਂ ਵਲੋਂ ਤੋੜਿਆ ਗਿਆ ਉਦਘਾਟਨੀ ਪੱਥਰ ਪਿਛਲੇ ਲੰਬੇ ਸਮੇਂ ਤੋਂ ਭੰਗ ਦੇ ਬੂਟਿਆਂ ਵਿੱਚ ਡਿੱਗਿਆ ਹੋਇਆ ਹੈ।
ਦੱਸਣਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਮੌਕੇ 2016 ਵਿੱਚ ਮਰਹੂਮ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਅਤੇ ਸਮਾਜ ਸੇਵੀ ਸਤਨਾਮ ਸਿੰਘ ਧਨੋਆ ਦੇ ਯਤਨਾਂ ਸਦਕਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਨੂੰ ਆਪਸ ਵਿੱਚ ਜੋੜਣ ਲਈ ਹੁਸ਼ਿਆਰਪੁਰ ਦੇ ਪਿੰਡ ਧਨੋਆ ਵਿੱਚ ਬਿਆਸ ਦਰਿਆ ਦੇ ਪੱਤਣ ’ਤੇ ਪੁਲ ਬਣਾਇਆ ਗਿਆ ਸੀ।
ਡਿਪਲੋਮਾ ਐਸਸੀਏਸ਼ਨ ਦੇ ਸਾਰਕ ਦੇਸ਼ਾਂ ਦੇ ਚੇਅਰਮੈਨ ਅਤੇ ਸਮਾਜ ਸੇਵੀ ਇੰਜ. ਸਤਨਾਮ ਸਿੰਘ ਧਨੋਆ ਨੇ ਦੱਸਿਆ ਕਿ ਬਿਆਸ ਦਰਿਆ ’ਤੇ ਪੈਂਦੇ ਧਨੋਆ ਪੱਤਣ ਦੇ ਪੁਲ ਦੀ ਹਾਲਤ ਖਸਤਾ ਬਣੀ ਹੋਈ ਹੈ। ਪਿਛਲੀ ਕਾਂਗਰਸ ਸਰਕਾਰ ਨੇ ਇਸ ਪੁਲ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਇਸ ਪੁਲ ਦੀਆਂ ਅਪਰੋਚ ਸੜਕਾਂ ਨੂੰ ਕਿਸੇ ਪਾਸੇ ਜੋੜਿਆ ਗਿਆ। ਉਸ ਮੌਕੇ ਇਸ ਪੁਲ ਨੂੰ ਕਸਬਾ ਐਮਾ ਮਾਂਗਟ ਨੇੜੇ ਪਠਾਨਕੋਟ ਜਲੰਧਰ ਕੌਮੀ ਮਾਰਗ ਅਤੇ ਗੁਰਦਾਸਪੁਰ ਵਾਲੇ ਪਾਸੇ ਸਠਿਆਲੀ ਪੁਲ ਨਾਲ ਜੋੜਣ ਦੀ ਤਜਵੀਜ਼ ਸੀ। ਇਸ ਪੁਲ ਰਾਹੀਂ ਚਲਾਈਆਂ ਬੱਸਾਂ ਸੜਕਾਂ ਦੀ ਅਣਹੋਂਦ ਕਾਰਨ ਬੰਦ ਹੋ ਗਈਆਂ। ਪਿਛਲੇ 7 ਸਾਲਾਂ ਵਿੱਚ ਸ਼ਰਾਰਤੀ ਅਨਸਰ ਪੁਲ ਦੀਆਂ ਰੇਲਿੰਗ ਪਾਈਪਾਂ ਤੋੜ ਕੇ ਲੈ ਗਏ। ਸਲੈਬਾਂ ਵਿਚਲੇ ਜੋੜ ਖੁੱਲ੍ਹੇ ਪਏ ਹਨ ਅਤੇ ਸੜਕ ਦੀ ਉਪਰਲੀ ਲੁੱਕ ਵਾਲੀ ਤਹਿ ਟੁੱਟ ਚੁੱਕੀ ਹੈ। ਸ੍ਰੀ ਧਨੋਆ ਨੇ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਮਰਹੂਮ ਸੇਖਵਾਂ ਦੇ ਪੁੱਤਰ ਤੇ ਮੌਜੂਦਾ ਸਰਕਾਰ ਵਿੱਚ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਕੋਲ ਇਹ ਮਾਮਲਾ ਉਠਾਇਆ ਹੈ, ਜਨਿ੍ਹਾਂ ਜਲਦ ਇਸਦੀ ਹਾਲਤ ਸੁਧਾਰਨ ਦਾ ਭਰੋਸਾ ਦਿੱਤਾ ਹੈ।
ਪੁਲ ਦੀ ਹਾਲਤ ਸੁਧਾਰੀ ਜਾਵੇਗੀ: ਐਸਡੀਓ
ਲੋਕ ਨਿਰਮਾਣ ਵਿਭਾਗ ਦੇ ਐਸਡੀਓ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਇੱਥੇ ਕੁਝ ਦਨਿ ਪਹਿਲਾਂ ਹੀ ਤਾਇਨਾਤੀ ਹੋਣ ਕਾਰਨ ਉਹ ਇਸ ਤੋਂ ਅਣਜਾਣ ਹਨ। ਮੌਕਾ ਦੇਖ ਕੇ ਪੁਲ ਦੀ ਹਾਲਤ ਸੁਧਾਰਨ ਦੇ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਉਦਘਾਟਨੀ ਨੀਂਹ ਪੱਥਰ ਤੋੜਨ ਵਾਲੇ ਸ਼ਰਾਰਤੀਆਂ ਖਿਲਾਫ਼ ਪੁਲੀਸ ਨੂੰ ਸ਼ਿਕਾਇਤ ਕੀਤੀ ਜਾਵੇਗੀ। ਐਸਡੀਓ ਨੇ ਕਿਹਾ ਕਿ ਪਹੁੰਚ ਸੜਕਾਂ ਦਾ ਕੰਮ ਫੰਡਾਂ ਦੀ ਘਾਟ ਕਾਰਨ ਨਹੀਂ ਹੋ ਸਕਿਆ।