ਸ਼ਹਿਣਾ ਵਿੱਚ ਸਟਰੀਟ ਲਾਈਟਾਂ ਦੀ ਹਾਲਤ ਬੇਹੱਦ ਮਾੜੀ
ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 4 ਜੂਨ
ਕਸਬੇ ਸ਼ਹਿਣਾ ਵਿੱਚ ਸਟਰੀਟ ਲਾਈਟਾਂ ਦੀ ਹਾਲਤ ਬੇਹੱਦ ਮਾੜੀ ਹੈ। ਕਸਬੇ ਦੇ ਮੇਨ ਬਾਜ਼ਾਰ, ਨਹਿਰ ਵਾਲਾ ਬੱਸ ਸਟੈਂਡ ਅਤੇ ਹੋਰ ਮਹੱਤਵਪੂਰਨ ਥਾਵਾਂ ’ਤੇ ਕੋਈ ਸਟਰੀਟ ਲਾਈਟ ਨਹੀਂ ਹੈ। ਨਹਿਰ ਵਾਲੇ ਬੱਸ ਸਟੈਂਡ ਅਤੇ ਮੇਨ ਬੱਸ ਸਟੈਂਡ ਸ਼ਹਿਣਾ ’ਤੇ ਘੁੱਪ ਹਨੇਰਾ ਹੁੰਦਾ ਹੈ।
ਲਗਪਗ ਪੰਜ ਸਾਲ ਪਹਿਲਾ ਸ਼ਹੀਦ ਭਗਤ ਸਿੰਘ ਕਲੱਬ ਨੇ ਮੇਨ ਬਾਜ਼ਾਰ ਵਿੱਚ ਸਟਰੀਟ ਲਾਈਟਾਂ ਲਗਵਾਈਆਂ ਸਨ। ਇਹ ਸਾਰੀਆਂ ਸਟਰੀਟ ਲਾਈਟਾਂ ਸਮੇਂ ਨਾਲ ਦਮ ਤੋੜ ਗਈਆਂ। ਲਾਇਨਜ਼ ਕਲੱਬ ਸ਼ਹਿਣਾ ਨੇ ਕਈ ਸਾਲ ਪਹਿਲਾਂ ਬੱਸ ਸਟੈਂਡ ਰੋਡ ’ਤੇ ਟਿਊਬਾਂ ਲਾਈਆਂ ਸਨ। ਇਹ ਟਿਊਬਾਂ ਕਈ ਸਾਲ ਚੱਲਦੀਆਂ ਰਹੀਆਂ। ਲੋਕਾਂ ਨੇ ਟਿਊਬਾਂ ਦੀ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਟਿਊਬਾਂ ਬੰਦ ਹੋ ਗਈਆਂ।
ਸ਼ਹਿਣਾ ’ਚ ਸੋਲਰ ਸਟਰੀਟ ਲਾਈਟਾਂ ਲਾਉਣ ਲਈ ਅਕਾਲੀ ਸਰਕਾਰ ਨੇ 5 ਲੱਖ ਰੁਪਏ ਦੀ ਗ੍ਰਾਂਟ ਦੇ ਦਿੱਤੀ ਸੀ ਅਤੇ ਉਹ ਸਟਰੀਟ ਲਾਈਟਾਂ ਸਿਰਫ ਬੱਸ ਸਟੈਂਡ ਰੋਡ ’ਤੇ ਹੀ ਲੱਗੀਆਂ ਅਤੇ ਬਾਕੀ ਮਹੱਤਵਪੂਰਨ ਥਾਵਾਂ ਇਨ੍ਹਾਂ ਤੋਂ ਵਾਂਝੀਆਂ ਰਹਿ ਗਈਆਂ ਅਤੇ ਮੇਨ ਬਾਜ਼ਾਰ ’ਚ ਇੱਕ ਵੀ ਸੋਲਰ ਸਟਰੀਟ ਲਾਈਟ ਨਹੀਂ ਲੱਗੀ। ਲੋਕਾਂ ਨੇ ਮੰਗ ਕੀਤੀ ਹੈ ਕਿ ਲੋੜ ਵਾਲੀਆਂ ਥਾਵਾਂ ’ਤੇ ਸਟਰੀਟ ਲਾਈਟਾਂ ਲਾਈਆਂ ਜਾਣ।