For the best experience, open
https://m.punjabitribuneonline.com
on your mobile browser.
Advertisement

ਕਿਰਨ ਖੇਰ ਵੱਲੋਂ ਗੋਦ ਲਏ ਪਿੰਡ ਸਾਰੰਗਪੁਰ ਦਾ ਹਾਲ-ਬਦਹਾਲ

07:01 AM May 14, 2024 IST
ਕਿਰਨ ਖੇਰ ਵੱਲੋਂ ਗੋਦ ਲਏ ਪਿੰਡ ਸਾਰੰਗਪੁਰ ਦਾ ਹਾਲ ਬਦਹਾਲ
ਨਿਗਮ ਵਿੱਚ ਆਉਣ ਦੇ ਬਾਵਜੂਦ ਸ਼ਹਿਰਾਂ ਦੀ ਤਰਜ਼ ’ਤੇ ਨਹੀਂ ਹੋ ਸਕਿਆ ਵਿਕਾਸ; ਸੜਕਾਂ, ਸਫਾਈ ਤੇ ਪਾਰਕਿੰਗ ਦੀ ਸਮੱਸਿਆ ਬਰਕਰਾਰ ਪਿੰਡ ਸਾਰੰਗਪੁਰ ਦੀਆਂ ਖਸਤਾਹਾਲ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਮਈ
ਸਿਟੀਬਿਊਟੀ ਫੁੱਲ ਚੰਡੀਗੜ੍ਹ ਵਿਚਲੇ ਪਿੰਡਾਂ ਦਾ ਸ਼ਹਿਰਾਂ ਦੀ ਤਰਜ਼ ’ਤੇ ਵਿਕਾਸ ਕਰਨ ਲਈ ਪੰਜ ਸਾਲ ਪਹਿਲਾਂ ਨਗਰ ਨਿਗਮ ਅਧੀਨ ਲਿਆਂਦਾ ਗਿਆ ਸੀ ਪਰ ਪਿੰਡਾਂ ਦਾ ਵਿਕਾਸ ਸ਼ਹਿਰਾਂ ਦੀ ਤਰਜ਼ ’ਤੇ ਹੋਣ ਦੀ ਥਾਂ ਹੋਰ ਮਾੜਾ ਹਾਲ ਹੁੰਦਾ ਜਾ ਰਿਹਾ ਹੈ। ਅਜਿਹਾ ਹੀ ਕੁਝ ਹਾਲ ਚੰਡੀਗੜ੍ਹ ਦੇ ਪਿੰਡ ਸਾਰੰਗਪੁਰ ਦਾ ਦੇਖਣ ਨੂੰ ਮਿਲਿਆ। ਇਸ ਪਿੰਡ ਨੂੰ ਸੰਸਦ ਮੈਂਬਰ ਕਿਰਨ ਖੇਰ ਨੇ ਸਾਲ 2014-19 ਤੱਕ ਗੋਦ ਲਿਆ ਸੀ।
ਇਸ ਦੌਰਾਨ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੇ ਪਿੰਡ ਵਿੱਚ ਕਰੋੜਾਂ ਰੁਪਏ ਦੇ ਕਈ ਵੱਡੇ ਪ੍ਰਾਜੈਕਟ ਸ਼ੁਰੂ ਕੀਤੇ ਸਨ, ਜਿਸ ਕਰਕੇ ਪਿੰਡ ਦਾ ਹਰ ਪੱਖੋਂ ਵਿਕਾਸ ਹੋਣ ਲੱਗਾ ਸੀ ਪਰ ਅੱਜ ਪਿੰਡ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਵੀ ਨਾ ਮਿਲਣ ਕਰ ਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬੀ ਟ੍ਰਿਬਿਊਨ ਦੀ ਟੀਮ ਨੇ ਪਿੰਡ ਸਾਰੰਗਪੁਰ ਦਾ ਦੌਰਾ ਕੀਤਾ ਤਾਂ ਸਾਹਮਣੇ ਆਇਆ ਕਿ ਪਿੰਡ ਦੀ ਫਿਰਨੀ ਸਣੇ ਸਾਰੀਆਂ ਸੜਕਾਂ ’ਤੇ ਵੱਡੇ-ਵੱਡੇ ਟੋਏ ਪਏ ਹੋਏ ਹਨ ਤੇ ਸੜਕਾਂ ਦੀ ਹਾਲਤ ਮਾੜੀ ਹੈ। ਪਿੰਡ ਵਿੱਚ ਸਹੀ ਢੰਗ ਨਾਲ ਸਫ਼ਾਈ ਨਾ ਹੋਣ ਕਰ ਕੇ ਥਾਂ-ਥਾਂ ਗੋਬਰ ਦੇ ਢੇਰ ਲੱਗੇ ਪਏ ਹਨ। ਇੰਨਾ ਹੀ ਨਹੀਂ ਪੰਜਾਬ ਤੇ ਚੰਡੀਗੜ੍ਹ ਦੀ ਸਰਹੱਦ ’ਤੇ ਸਥਿਤ ਇਸ ਪਿੰਡ ਵਿੱਚ ਦਾਖਲ ਹੋਣ ਵਾਲੀਆਂ ਦੋ ਮੁੱਖ ਸੜਕਾਂ ’ਤੇ ਵੀ ਖੱਡੇ ਪਏ ਹੋਏ ਹਨ। ਪਿੰਡ ਵਿੱਚ ਤੰਗ ਗਲੀਆਂ ਹੋਣ ਕਰ ਕੇ ਵੀ ਲੋਕਾਂ ਨੂੰ ਪਾਰਕਿੰਗ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਸੀਨੀਅਰ ਆਗੂ ਬਾਬਾ ਸਾਧੂ ਸਿੰਘ ਨੇ ਕਿਹਾ ਕਿ ਕਿਰਨ ਖੇਰ ਨੇ ਪਿੰਡ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸਮੇਂ ਦੇ ਨਾਲ-ਨਾਲ ਪਿੰਡ ਦੀਆਂ ਬੁਨਿਆਦੀ ਸਹੁਲਤਾਂ ਦਾ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਅਜਿਹੇ ਹਾਲਾਤ ਹੋਣ ਦੇ ਬਾਵਜੂਦ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਚੰਡੀਗੜ੍ਹ ਨੂੰ ਵਸਾਉਣ ਵਾਲੇ ਪਿੰਡਾਂ ਦਾ ਮੁੱਦਾ ਨਹੀਂ ਚੁੱਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਪਿੰਡਾਂ ਦਾ ਵਿਕਾਸ ਕਰੇਗੀ, ਭਵਿੱਖ ’ਚ ਉਸੇ ਪਾਰਟੀ ਦਾ ਦਫ਼ਤਰ ਪਿੰਡ ਵਿੱਚ ਖੁੱਲ੍ਹ ਸਕੇਗਾ।

Advertisement

ਕਿਰਨ ਖੇਰ ਨੇ ਪਿੰਡ ਵਿੱਚ ਕੁਝ ਨਹੀਂ ਕੀਤਾ: ਰਾਮ ਚੰਦਰ ਯਾਦਵ

ਵਾਰਡ ਨੰਬਰ-15 ਦੇ ਕੌਂਸਲਰ ਰਾਮਚੰਦਰ ਯਾਦਵ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਨੇ 10 ਸਾਲਾਂ ਦੌਰਾਨ ਪਿੰਡ ਵਿੱਚ ਕੁਝ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਨੇ ਕਮਿਊਨਿਟੀ ਸੈਂਟਰ ਬਣਵਾਇਆ, ਪਰ ਉਸ ਦੀਆਂ ਛੱਤਾਂ ਚੋਅ ਰਹੀਆਂ ਹਨ। ਇਸ ਦੀ ਮੁਰੰਮਤ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ 40 ਲੱਖ ਰੁਪਏ ਖਰਚ ਕੇ ਕਰਵਾਈ ਹੈ। ਸ੍ਰੀ ਯਾਦਵ ਨੇ ਕਿਹਾ ਕਿ ਉਹ ਨਿਗਮ ਅਧਿਕਾਰੀਆਂ ਕੋਲ ਕੰਮ ਲੈ ਕੇ ਜਾਂਦੇ ਹਨ, ਪਰ ਕਿਸੇ ਵੱਲੋਂ ਕੋਈ ਪੁਖ਼ਤਾ ਜਵਾਬ ਨਹੀਂ ਦਿੱਤੇ ਜਾਂਦੇ ਹਨ। ਪਿੰਡ ਦੀਆਾਂ ਟੁੱਟੀਆਂ ਸੜਕਾਂ ਬਾਰੇ ਵੀ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੋਈ ਹੈ।

Advertisement

ਪਿੰਡ ਦੇ ਕੌਂਸਲਰ ਨੇ ਨਿਗਮ ’ਚ ਕੋਈ ਮੁੱਦਾ ਨਹੀਂ ਚੁੱਕਿਆ: ਕੁਲਜੀਤ ਸਿੰਘ ਸੰਧੂ

ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਨੇ ਕਿਹਾ ਕਿ ਵਾਰਡ ਨੰਬਰ-15 ਦੇ ਕੌਂਸਲਰ ਵੱਲੋਂ ਪਿੰਡ ਦਾ ਕੋਈ ਵੀ ਮੁੱਦਾ ਨਿਗਮ ਵਿੱਚ ਨਹੀਂ ਚੁੱਕਿਆ ਜਾਂਦਾ ਹੈ। ਇਸੇ ਕਰਕੇ ਪਿੰਡ ਦੀਆਂ ਬੁਨਿਆਦੀ ਸਹੂਲਤਾਂ ਹੱਲ ਨਹੀਂ ਹੋ ਸਕੀਆਂ। ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਦੇ ਸਾਰੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਲਗਾਤਾਰ ਚਾਰਾਜੋਈ ਕਰ ਰਹੇ ਹਨ।

Advertisement
Author Image

Advertisement