For the best experience, open
https://m.punjabitribuneonline.com
on your mobile browser.
Advertisement

ਮੁਹਾਲੀ ਦੇ ਸੈਕਟਰ-77 ਦੇ ਪਾਰਕਾਂ ਦੀ ਹਾਲਤ ਤਰਸਯੋਗ

07:19 AM Aug 28, 2024 IST
ਮੁਹਾਲੀ ਦੇ ਸੈਕਟਰ 77 ਦੇ ਪਾਰਕਾਂ ਦੀ ਹਾਲਤ ਤਰਸਯੋਗ
ਸੈਕਟਰ-77 ਦੇ ਪਾਰਕ ਵਿੱਚ ਉੱਗੀਆਂ ਹੋਈਆਂ ਝਾੜੀਆਂ ਅਤੇ ਘਾਹ।
Advertisement

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 27 ਅਗਸਤ
ਇੱਥੋਂ ਦੇ ਸੈਕਟਰ-77 ਵਿਚਲੇ ਸਪੈਸ਼ਲ ਪਾਰਕਾਂ ਦੀ ਹਾਲਤ ਬਹੁਤ ਮਾੜੀ ਹੈ। ਇੱਥੇ ਵੱਡੀ ਮਾਤਰਾ ਵਿੱਚ ਘਾਹ ਉੱਗਿਆ ਹੋਇਆ ਹੈ ਅਤੇ ਪਾਰਕਾਂ ਵਿੱਚ ਖੜ੍ਹੇ ਪਾਣੀ ਅਤੇ ਚਾਰ-ਚੁਫੇਰੇ ਉੱਗੀਆਂ ਝਾੜੀਆਂ ਕਾਰਨ ਸੈੱਕਟਰ ਵਾਸੀ ਇਨ੍ਹਾਂ ਪਾਰਕਾਂ ਵਿੱਚ ਸੈਰ ਕਰਨ ਤੋਂ ਵੀ ਕਤਰਾਉਂਦੇ ਹਨ। ਇੱਥੋਂ ਤੱਕ ਇੱਧਰੋਂ ਲੰਘਣ ਲੱਗਿਆਂ ਵੀ ਘਬਰਾਉਂਦੇ ਹਨ।
ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਨੇ ਮੁਹਾਲੀ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸਪੈਸ਼ਲ ਪਾਰਕਾਂ ਦੀ ਬਦਤਰ ਹਾਲਤ ਲਈ ਨਿਗਮ ਅਧਿਕਾਰੀਆਂ ’ਤੇ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਸ਼ਹਿਰ ਦੇ ਪਾਰਕਾਂ ਨੂੰ ਸੈਰਗਾਹ ਬਣਾਉਣ ਦੇ ਦਾਅਵੇ ਕਰਨ ਵਾਲਾ ਨਿਗਮ ਪ੍ਰਸ਼ਾਸਨ ਠੀਕ ਤਰੀਕੇ ਨਾਲ ਦੇਖਭਾਲ ਵੀ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪਾਰਕ ਵਿੱਚ ਓਪਨ ਏਅਰ ਜਿਮ ਲਗਾਇਆ ਗਿਆ ਸੀ ਪਰ ਆਲੇ-ਦੁਆਲੇ ਘਾਹ ਤੇ ਝਾੜੀਆਂ ਉੱਗਣ ਕਾਰਨ ਉੱਥੇ ਕੋਈ ਨਹੀਂ ਜਾਂਦਾ।
ਸੈਕਟਰ ਵਾਸੀ ਦਰਸ਼ਨ ਸਿੰਘ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਕਈ ਵਾਰ ਨਿਗਮ ਦਫ਼ਤਰ ਵਿੱਚ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਅਧਿਕਾਰੀ ਗੱਲ ਤੱਕ ਸੁਣਨ ਨੂੰ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਪਾਰਕਾਂ ਵਿੱਚ, ਟਰੈਕ ਦੇ ਆਲੇ ਦੁਆਲੇ ਅਤੇ ਰਸਤੇ ਵਿੱਚ ਵੱਡੀ ਮਾਤਰਾ ਵਿੱਚ ਕਾਂਗਰਸ ਘਾਹ ਉੱਗਿਆ ਹੋਣ ਅਤੇ ਝਾੜੀਆਂ ਕਾਰਨ ਲੋਕ ਸੈਰ ਕਰਨ ਨੂੰ ਵੀ ਤਰਸ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਪਾਰਕਾਂ ਦੀ ਹਾਲਤ ਸੁਧਾਰੀ ਜਾਵੇ।
ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਪਾਰਕਾਂ ਦੀ ਸਾਂਭ-ਸੰਭਾਲ ਨਾ ਕੀਤੇ ਜਾਣ ਕਾਰਨ ਇਨ੍ਹਾਂ ਪਾਰਕਾਂ ਵਿੱਚ ਚਾਰ ਤੋਂ ਪੰਜ ਫੁੱਟ ਉੱਚੀਆਂ ਝਾੜੀਆਂ ਬਣ ਗਈਆਂ ਹਨ ਅਤੇ ਬਰਸਾਤ ਕਾਰਨ ਇਹ ਪਾਰਕ ਸੱਪ ਅਤੇ ਹੋਰ ਜੰਤੂਆਂ ਦਾ ਟਿਕਾਣਾ ਬਣ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਪਾਰਕ ’ਚੋਂ ਕਾਂਗਰਸ ਘਾਹ, ਝਾੜੀਆਂ ਤੇ ਗੰਦਗੀ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ।

Advertisement

ਪਾਰਕਾਂ ਦੀ ਵਧੀਆ ਸੰਭਾਲ ਹੋ ਰਹੀ ਹੈ: ਐਕਸੀਅਨ

ਮੁਹਾਲੀ ਨਗਰ ਨਿਗਮ ਦੇ ਚੀਫ ਇੰਜਨੀਅਰ ਨਰੇਸ਼ ਬੱਤਾ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਪਾਰਕ ਉਨ੍ਹਾਂ ਦੇ ਅਧੀਨ ਨਹੀਂ ਆਉਂਦੇ ਹਨ। ਲਿਹਾਜ਼ਾ ਐਕਸੀਅਨ ਨਾਲ ਗੱਲ ਕੀਤੀ ਜਾਵੇ। ਜਦੋਂ ਐਕਸੀਅਨ ਰਜਿੰਦਰ ਕੁਮਾਰ ਨੂੰ ਸੈਕਟਰ-77 ਵਿਚਲੇ ਸਪੈਸ਼ਲ ਪਾਰਕਾਂ ਦੀ ਮਾੜੀ ਹਾਲਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਪਾਰਕਾਂ ਦਾ ਰੱਖ-ਰਖਾਅ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਕਿੱਧਰੇ ਕੋਈ ਸਮੱਸਿਆ ਨਹੀਂ ਹੈ। ਲੋਕਾਂ ਦੀਆਂ ਸ਼ਿਕਾਇਤਾਂ ਬਾਰੇ ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਸਬੰਧਤ ਪਾਰਕਾਂ ਦਾ ਸਰਵੇ ਕਰਵਾਇਆ ਜਾਵੇਗਾ।

Advertisement

Advertisement
Author Image

Advertisement